ਨਰਿੰਦਰ ਮੋਦੀ ਵੱਲੋਂ ਮਹਿਲਾ ਕ੍ਰਿਕਟ ਟੀਮ ਨੂੰ ‘ਹੱਥੀਂ ਛਾਵਾਂ’


ਨਵੀਂ ਦਿੱਲੀ/ਮੋਗਾ  - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਮਹਿਲਾ ਕ੍ਰਿਕਟ ਟੀਮ ਦੇ ਆਈਸੀਸੀ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਮੁੜ ਸ਼ਲਾਘਾ ਕਰਦਿਆਂ ਕਿਹਾ ਕਿ ਭਾਵੇਂ ਟੀਮ ਵਿਸ਼ਵ ਕੱਪ ਨਹੀਂ ਜਿੱਤ ਸਕੀ ਪਰ ਉਨ੍ਹਾਂ ਨੇ ਆਪਣੀ ਖੇਡ ਨਾਲ 125 ਕਰੋੜ ਭਾਰਤੀ ਦਾ ਦਿਲ ਜਿੱਤ ਲਿਆ। ਉਧਰ ਮੋਗਾ ਪੁੱਜਣ ’ਤੇ ਤੇਜ਼ ਤਰਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਰੇਡੀਓ ਪ੍ਰੋਗਰਾਮ ਦੌਰਾਨ ਸ੍ਰੀ ਮੋਦੀ ਨੇ ਕਿਹਾ, ‘ਸਾਡੀਆਂ ਧੀਆਂ ਦੇਸ਼ ਦਾ ਨਾਮ ਚਮਕਾ ਰਹੀਆਂ ਹਨ, ਬੁਲੰਦੀਆਂ ਹਾਸਲ ਕਰ ਰਹੀਆਂ ਹਨ। ਪਿਛਲੇ ਦਿਨੀਂ ਸਾਡੀਆਂ ਧੀਆਂ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੈਨੂੰ ਇਸ ਹਫ਼ਤੇ ਇਨ੍ਹਾਂ ਖਿਡਾਰਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਉਨ੍ਹਾਂ ਨਾਲ ਗੱਲਬਾਤ ਕਰ ਕੇ ਮੈਨੂੰ ਚੰਗਾ ਲੱਗਿਆ ਪਰ ਮੈਂ ਮਹਿਸੂਸ ਕੀਤਾ ਕਿ ਵਿਸ਼ਵ ਕੱਪ ਨਾ ਜਿੱਤਣ ਦਾ ਖਿਡਾਰਨਾਂ ਨੂੰ ਮਲਾਲ ਹੈ। ਉਨ੍ਹਾਂ ਦੇ ਚਿਹਰਿਆਂ ਤੋਂ ਇਸ ਬੋਝ ਤੇ ਤਣਾਅ ਦੀ ਝਲਕ ਪੈਂਦੀ ਸੀ।’ ਪ੍ਰਧਾਨ ਮੰਤਰੀ ਨੇ ਆਖਿਆ ਕਿ ਅਜਿਹਾ ਪਹਿਲਾਂ ਦੇਖਣ ਨੂੰ ਨਹੀਂ ਮਿਲਿਆ ਜਦਕਿ ਟੀਮ ਦੇ ਫਾਈਨਲ ਵਿੱਚ ਹਾਰਨ ਦੇ ਬਾਵਜੂਦ ਦੇਸ਼ ਵਾਸੀਆਂ ਨੇ ਖਿਡਾਰਨਾਂ ਨੂੰ ਹੱਥੀਂ ਛਾਵਾਂ ਕੀਤੀਆਂ ਹਨ। ਦੇਸ਼ ਵਾਸੀਆਂ ਨੇ ਇਸ ਹਾਰ ਨੂੰ ਆਪਣੇ ਮੋਢਿਆਂ ’ਤੇ ਲੈ ਲਿਆ ਹੈ ਤੇ ਇਸ ਦਾ ਬੋਝ ਦੇਸ਼ ਦੀਆਂ ਖਿਡਾਰਨ ਧੀਆਂ ’ਤੇ ਨਹੀਂ ਪੈਣ ਦਿੱਤਾ। ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਖਿਡਾਰਨਾਂ ਨੂੰ ਆਖਿਆ, ‘ਤੁਸੀਂ ਮਨ ’ਚੋਂ ਇਹ ਗੱਲ ਕੱਢ ਦਿਓ ਕਿ ਤੁਹਾਨੂੰ ਸਫ਼ਲਤਾ ਨਹੀਂ ਮਿਲੀ। ਮੈਚ ਜਿੱਤਿਆ ਚਾਹੇ ਨਾ ਜਿੱਤਿਆ ਪਰ ਤੁਸਾਂ ਸਵਾ ਸੌ ਕਰੋੜ ਦੇਸ਼ ਵਾਸੀਆਂ ਨੂੰ ਜ਼ਰੂਰ ਜਿੱਤ ਲਿਆ।’ ਭਾਰਤੀ ਮਹਿਲਾ ਟੀਮ ਲਾਰਡਜ਼ (ਇੰਗਲੈਂਡ) ਵਿੱਚ ਨੌਂ ਦੌੜਾਂ ਨਾਲ ਹਾਰ ਗਈ ਸੀ। ਪ੍ਰਧਾਨ ਮੰਤਰੀ ਨੇ ਟੀਮ ਨੂੰ ਫਾਈਨਲ ਵਿੱਚ ਪੁੱਜਣ ਦੀ ਵਧਾਈ ਦਿੰਦਿਆਂ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਸੀ।
         ਉੱਧਰ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਬੱਲੇਬਾਜ਼ ਹਰਮਨਪ੍ਰੀਤ ਦਾ ਮੋਗਾ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਹਰਮਨਪ੍ਰੀਤ ਨੂੰ ਅਮ੍ਰਿੰਤਸਰ ਹਵਾਈ ਅੱਡੇ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੋਗਾ ਲੈ ਕੇ ਆਏ। ਇੱਥੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਹਰਮਨਪ੍ਰੀਤ ਦਾ ਸਵਾਗਤ ਕੀਤਾ ਅਤੇ ਉਸ ਤੋਂ ਬਾਅਦ ਖੁੱਲ੍ਹੀ ਜੀਪ ਵਿੱਚ ਸਵਾਰ ਕ੍ਰਿਕਟਰ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਆਪਣੇ ਪਿੰਡ ਦੁਨੇਕੇ ਪੁੱਜੀ। ਇਸ ਮੌਕੇ ਹਰਮਨਪ੍ਰੀਤ ਨੇ ਕਿਹਾ ਕਿ ਮੋਢੇ ਦੇ ਦਰਦ ਕਾਰਨ ਡਾਕਟਰਾਂ ਨੇ ਉਸ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਉਸ ਨੇ ਕਿਹਾ ਕਿ ਹੁਣ ਉਸ ਦੀ ਨਜ਼ਰ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਉੱਤੇ ਹੈ। ਉਸ ਨੇ ਕਿਹਾ ਕਿ ਪਹਿਲਾਂ ਕਦੇ ਵੀ ਅਜਿਹਾ ਸਵਾਗਤ ਨਹੀਂ ਹੋਇਆ। ਉਸ ਨੂੰ ਖੁਸ਼ੀ ਹੈ ਕਿ ਔਰਤਾਂ ਵੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਖਿਡਾਰਨ ਨੇ ਕਿਹਾ ਕਿ ਵਧੀਆ ਪ੍ਰਦਰਸ਼ਨ ਨੂੰ ਉਤਾਸ਼ਾਹਤ ਕੀਤਾ ਜਾਣਾ ਚਾਹੀਦਾ ਹੈ ਤੇ ਭਵਿੱਖ ਵਿੱਚ ਟੀਮ ਹੋਰ ਮਿਹਨਤ ਕਰੇਗੀ। ਹਰਮਨਪ੍ਰੀਤ ਦਾ ਜਨਮ 8 ਮਾਰਚ 1989 ਨੂੰ ਮੋਗਾ ਸ਼ਹਿਰ ਵਿੱਚ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਕ ਸੀ ਤੇ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੇ ਗੁਰੂ ਨਾਨਕ ਕਾਲਜ ਦੇ ਮੈਦਾਨਾਂ ’ਤੇ ਉਹ ਲੜਕਿਆਂ ਟੀਆਂ ਟੀਮਾਂ ਨਾਲ ਹੀ ਅਭਿਆਸ ਕਰਦੀ ਹੁੰਦੀ ਸੀ। ਹਰਮਨਪ੍ਰੀਤ ਦੇ ਪਿਤਾ ਹਰਮਿੰਦਰ ਸਿੰਘ ਭੁੱਲਰ ਵਾਲੀਬਾਲ ਤੇ ਬਾਸਕਟਬਾਲ ਦੇ ਖਿਡਾਰੀ ਰਹੇ ਸਨ। ਉਸ ਦੀ ਮਾਤਾ ਸਤਵਿੰਦਰ ਕੌਰ ਨੇ ਵੀ ਉਸ ਦੀ ਸਫ਼ਲਤਾ ਵਿੱਚ ਅਹਿਮ ਯੋਗਦਾਨ ਪਾਇਆ ਹੈ। ਹਰਮਨਪ੍ਰੀਤ ਗਿਆਨ ਜੋਤੀ ਸਕੂਲ ਵਿੱਚ ਕ੍ਰਿਕਟ ਨਾਲ ਜੁੜੀ ਤੇ ਕਮਲਦੀਸ਼ ਸਿੰਘ ਸੋਢੀ ਦੀ ਨਿਗਰਾਨੀ ਵਿੱਚ ਟਰੇਨਿੰਗ ਲਈ।
2014 ਵਿੱਚ ਉਹ ਭਾਰਤੀ ਰੇਲਵੇ ਵਿੱਚ ਕੰਮ ਕਰਨ ਮੁੰਬਈ ਚਲੀ ਗਈ। ਬੱਲੇਬਾਜ਼ ਵਿਰੇਂਦਰ ਸਹਿਵਾਗ ਤੋਂ ਉਹ ਪ੍ਰਭਾਵਿਤ ਰਹੀ ਹੈ ਤੇ ਅਜਿੰਕਿਆ ਰਹਾਣੇ ਨੂੰ ਆਦਰਸ਼ ਮੰਨਦੀ ਹੈ। ਪੰਜਾਬ ਸਿਹਤ ਨਿਗਮ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਹਰਮਨਪ੍ਰੀਤ ਦੀ ਪ੍ਰਾਪਤੀ ਨੂੰ ਦੇਸ਼ ਲਈ ਮਾਣ ਵਾਲੀ ਗੱਲ ਕਰਾਰ ਦਿੱਤਾ ਹੈ।
ਸਾਬਕਾ ਖੇਤੀ ਮੰਤਰੀ ਤੋਤਾ ਸਿੰਘ ਨੇ ਵੀ ਹਰਮਨਪ੍ਰੀਤ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਕਾਂਗਰਸ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਜਿਹੜੇ ਲੋਕ ਧੀਆਂ ਨੂੰ ਕਲੰਕ ਮੰਨਦੇ ਹਨ, ਉਨ੍ਹਾਂ ਨੂੰ ਹਰਮਨਪ੍ਰੀਤ ਕੌਰ ਨੂੰ ਦੇਖ ਕੇ ਪਛਤਾਵਾ ਹੁੰਦਾ ਹੋਵੇਗਾ। ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ, ਹਲਕਾ ਜੈਤੋ ਤੋਂ ‘ਆਪ’ ਵਿਧਾਇਕ ਮਾਸਟਰ ਬਲਦੇਵ ਸਿੰਘ, ਜ਼ਿਲ੍ਹਾ ਕਾਂਗਰਸ ਪ੍ਰਧਾਨ ਕਰਨਲ ਬਾਬੂ ਸਿੰਘ, ਆਦਿ ਮੌਜੂਦ ਸਨ।
ਲੋਕਾਂ ਵੱਲੋਂ ਮਿਲੇ ਹੁੰਗਾਰੇ ਤੋਂ ਖਿਡਾਰਨਾਂ ਬਾਗ਼ੋਬਾਗ਼
ਨਵੀਂ ਦਿੱਲੀ: ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਰਾਜੇਸ਼ਵਰੀ ਗਾਇਕਵਾੜ ਨੇ ਕਿਹਾ ਕਿ ਉਸ ਨੂੰ ਵਿਸ਼ਵ ਕੱਪ ਖੇਡ ਕੇ ਵਾਪਸ ਆਉਣ ’ਤੇ ਲੋਕਾਂ ਵੱਲੋਂ ਇੰਨਾ ਭਰਵਾਂ ਹੁੰਗਾਰਾ ਮਿਲਣ ਦੀ ਆਸ ਨਹੀਂ ਸੀ। ਇਸ ਨਾਲ ਉਸ ਨੂੰ ਬਹੁਤ ਖੁਸ਼ੀ ਮਿਲੀ। ਉਸ ਨੇ ਆਪਣੇ ਮਰਹੂਮ ਪਿਤਾ ਸ਼ਿਵਾਨੰਦ ਨੂੰ ਯਾਦ ਕਰਦਿਆਂ ਕਿਹਾ ਕਿ ਕਾਸ਼ ਉਹ ਇਹ ਸਭ ਦੇਖਣ ਲਈ ਮੌਜੂਦ ਹੁੰਦੇ। ਉਸ ਦੇ ਪਿਤਾ ਦਾ ਸੰਨ 2014 ਵਿੱਚ ਦੇਹਾਂਤ ਹੋ ਗਿਆ ਸੀ।

 

 

fbbg-image

Latest News
Magazine Archive