ਹਾਕੀ ਲੀਗ ਨਾ ਹੋਣ ਕਾਰਨ ਖਿਡਾਰੀ ਨਿਰਾਸ਼


ਜਲੰਧਰ - ਹਾਕੀ ਇੰਡੀਆ ਵੱਲੋਂ ਹਰ ਸਾਲ ਕਰਵਾਈ ਜਾਂਦੀ ਲੀਗ ਨਾ ਕਰਵਾਏ ਜਾਣ ਕਾਰਨ ਖਿਡਾਰੀ ਨਿਰਾਸ਼ ਹਨ। ਲੀਗ ਮੈਚ ਖੇਡਣ ਵਾਲੇ ਪੰਜਾਬ ਦੇ 26 ਖਿਡਾਰੀਆਂ ਵਿੱਚੋਂ 12 ਜਲੰਧਰ  ਦੇ ਹਨ। ਇਸ ਹਾਕੀ ਲੀਗ ਵਿੱਚ ਉਭਰਦੇ ਖਿਡਾਰੀਆਂ ਨੂੰ ਚੋਟੀ ਦੇ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲਦਾ ਹੈ। ਵਿਦੇਸ਼ਾਂ ਦੇ ਖਿਡਾਰੀ ਵੀ ਇਸ ਲੀਗ ਦਾ ਹਿੱਸਾ ਬਣਦੇ ਹਨ। ਲੀਗ ਮੈਚਾਂ ਤੋਂ  ਕਰੋੜਾਂ ਰੁਪਏ ਦੇ ਲਾਭ ਵੀ ਖਿਡਾਰੀਆਂ ਨੂੰ ਮਿਲਦੇ ਰਹੇ ਹਨ।
ਹਾਕੀ ਲੀਗ ਕਰਵਾਉਣ ਦਾ ਮਕਸਦ ਵੀ ਇਹ ਹੀ ਰਿਹਾ ਹੈ ਕਿ ਇਸ ਨਾਲ ਹਾਕੀ ਪ੍ਰਤੀ ਖਿਡਾਰੀਆਂ ਵਿੱਚ ਉਤਸ਼ਾਹ ਪੈਦਾ ਹੋਵੇ ਤੇ ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਨਿਖਾਰ ਆਵੇ। ਪਿਛਲੇ ਪੰਜ ਸਾਲ ਤੋਂ ਇਹ ਲੀਗ ਲਗਾਤਾਰ ਕਰਵਾਈ ਜਾ ਰਹੀ ਹੈ। ਇਸ ਵਿੱਚ ਵਿਦੇਸ਼ਾਂ ਤੋਂ 60 ਦੇ ਕਰੀਬ ਖਿਡਾਰੀ ਤੇ ਦੇਸ਼ ਦੇ 70 ਤੋਂ ਵੱਧ ਸੀਨੀਅਰ ਤੇ ਜੂਨੀਅਰ ਖਿਡਾਰੀ ਹਿੱਸਾ ਲੈਂਦੇ ਰਹੇ ਹਨ। ਪੰਜਾਬ ਵੱਲੋਂ ਹਾਕੀ ਲੀਗ ਵਿੱਚ ਹਿੱਸਾ ਲੈਣ ਵਾਲੇ 26 ਖਿਡਾਰੀਆਂ ਵਿੱਚ 12 ਖਿਡਾਰੀ ਜਲੰਧਰ ਦੇ ਹਨ, ਜਿਨ੍ਹਾਂ ਵਿੱਚ ਗੁਰਬਾਜ਼ ਸਿੰਘ, ਮਨਪ੍ਰੀਤ ਸਿੰਘ, ਹਰਜੀਤ ਸਿੰਘ, ਜੁਗਰਾਜ ਸਿੰਘ, ਮਨਦੀਪ ਸਿੰਘ, ਤਲਵਿੰਦਰ ਸਿੰਘ, ਵਰੁਣ ਕੁਮਾਰ, ਸਤਵੀਰ ਸਿੰਘ, ਕ੍ਰਿਸ਼ਨ ਵੀ. ਪਾਠਕ ਤੇ  ਸਿਮਰਨਜੀਤ ਸਿੰਘ ਸ਼ਾਮਲ ਹਨ। ਜਲੰਧਰ ਦਾ ਇੱਕ ਹੋਰ ਖਿਡਾਰੀ ਰੁਪਿੰਦਰ ਸਿੰਘ ਤਾਮਿਲਨਾਡੂ ਵੱਲੋਂ ਵੀ ਖੇਡਦਾ ਰਿਹਾ ਹੈ।
ਇੱਕ ਹਾਕੀ ਖਿਡਾਰੀ ਦਾ ਕਹਿਣਾ ਸੀ ਕਿ ਲੀਗ ਮੈਚ ਅਸਲ ਵਿੱਚ ਆਪਣੀਆਂ ਕਮੀਆਂ ਦੂਰ ਕਰਨ ਅਤੇ ਕਾਰਗੁਜ਼ਾਰੀ ਸੁਧਾਰਨ ਦਾ ਵੱਡਾ ਮੌਕਾ ਦਿੰਦੇ ਹਨ। ਸੀਨੀਅਰ ਖਿਡਾਰੀਆਂ ਤੇ ਖਾਸ ਕਰ ਕੇ ਵਿਦੇਸ਼ੀ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲਣ ਨਾਲ ਕਈ ਤਰ੍ਹਾਂ ਦੇ ਸ਼ੰਕੇ ਦੂਰ ਹੁੰਦੇ ਹਨ। ਡੀ.ਐਸ.ਪੀ ਤੇ ਹਾਕੀ ਖਿਡਾਰੀ ਗੁਰਬਾਜ਼ ਸਿੰਘ ਦਾ ਕਹਿਣਾ ਸੀ ਸੀਨੀਅਰ ਖਿਡਾਰੀਆਂ ਨਾਲ ਖੇਡਣ ਸਦਕਾ ਪ੍ਰਦਰਸ਼ਨ ਵਿੱਚ ਨਿਖਾਰ ਆਉਂਦਾ ਹੈ ਤੇ ਮੌਕਿਆਂ ਦਾ ਘੇਰਾ ਵੀ ਵਸੀਹ ਹੁੰਦਾ ਹੈ। ਇਨ੍ਹਾਂ ਮੈਚਾਂ ਵਿੱਚੋਂ ਹੀ ਭਾਰਤੀ ਹਾਕੀ ਟੀਮ ਲਈ ਖਿਡਾਰੀਆਂ ਦੀ ਚੋਣ ਕੀਤੀ ਜਾਂਦੀ ਹੈ। ਲੀਗ ਮੈਚਾਂ ਨਾਲ ਮਿਲਣ ਵਾਲੀ ਨਕਦੀ ਨਾਲ ਵੀ ਖਿਡਾਰੀਆਂ ਵਿੱਚ ਉਤਸ਼ਾਹ ਬਣਿਆ ਰਹਿੰਦਾ ਹੈ।
ਬੰਦ ਨਹੀਂ ਹੋਣੀ ਚਾਹੀਦੀ ਲੀਗ: ਪਰਗਟ ਸਿੰਘ
ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਦੋ ਵਾਰ ਕਪਤਾਨੀ ਕਰਨ ਵਾਲੇ ਤੇ ਪੰਜਾਬ ਹਾਕੀ ਦੇ ਸਕੱਤਰ ਪਰਗਟ ਸਿੰਘ ਦਾ ਕਹਿਣਾ ਹੈ ਕਿ ਲੀਗ ਮੈਚ ਬੰਦ ਨਹੀਂ ਕੀਤੇ ਜਾਣੇ ਚਾਹੀਦੇ। ਜਿੰਨਾ ਅਭਿਆਸ ਕਰਨ ਦਾ ਮੌਕਾ ਮਿਲੇਗਾ, ਓਨਾ ਹੀ ਖੇਡ ਵਿੱਚ ਨਿਖਾਰ ਆਵੇਗਾ ਤੇ ਖਿਡਾਰੀ ਗ਼ਲਤੀਆਂ ਘੱਟ ਕਰਨਗੇ। ਉਨ੍ਹਾਂ ਕਿਹਾ ਕਿ ਲੀਗ ਬੰਦ ਨਹੀਂ ਹੋਣੀ ਚਾਹੀਦੀ। ਪਰਗਟ ਸਿੰਘ ਨੇ ਆਸ ਪ੍ਰਗਟਾਈ ਕਿ ਜੇ ਅਗਲੇ ਸਾਲ ਹਾਕੀ ਲੀਗ ਮੁੜ ਸ਼ੁਰੂ ਹੁੰਦੀ ਹੈ ਤਾਂ ਖਿਡਾਰੀਆਂ ਲਈ ਲਾਹੇਵੰਦ ਸਿੱਧ ਹੋਵੇਗੀ।

 

 

fbbg-image

Latest News
Magazine Archive