ਨਿਤੀਸ਼ ਸਰਕਾਰ ਨੂੰ ਭਰੋਸੇ ਦਾ ਵੋਟ ਹਾਸਲ


*    ਮਤੇ ਦੇ ਹੱਕ ’ਚ 131 ਤੇ ਵਿਰੋਧ ’ਚ 108 ਵੋਟਾਂ ਪਈਆਂ
*    ਜ਼ੁਬਾਨੀ ਵੋਟ ਰਾਹੀਂ ਮਤਾ ਪਾਸ ਕਰਾਉਣ ਦੀਆਂ ਕੋਸ਼ਿਸ਼ਾਂ ਨਾਕਾਮ
ਪਟਨਾ - ਇਕ ਦਿਨ ਪਹਿਲਾਂ ਭਾਜਪਾ ਦੀ ਮੱਦਦ ਨਾਲ ਮੁੜ ਬਿਹਾਰ ਦੇ  ਮੁੱਖ ਮੰਤਰੀ ਬਣਨ ਤੋਂ ਬਾਅਦ ਸ੍ਰੀ ਨਿਤੀਸ਼ ਕੁਮਾਰ ਦੀ ਸਰਕਾਰ ਨੇ ਅੱਜ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰ ਲਿਆ। ਇਸ ਸਬੰਧੀ ਮੁੱਖ ਮੰਤਰੀ ਵੱਲੋਂ ਪੇਸ਼ ਮਤੇ ਦੇ ਹੱਕ ਵਿੱਚ 243 ਮੈਂਬਰੀ ਸਦਨ ਵਿੱਚ 131 ਵੋਟਾਂ ਪਈਆਂ, ਜਦੋਂਕਿ 108 ਮੈਂਬਰਾਂ ਨੇ ਉਨ੍ਹਾਂ ਦੇ ਖ਼ਿਲਾਫ਼ ਵੋਟ ਪਾਈ।
ਇਸ ਮੌਕੇ ਚਾਰ ਵਿਧਾਇਕ ਵੋਟ ਨਹੀਂ ਪਾ ਸਕੇ, ਜਿਸ ਕਾਰਨ ਸਦਨ ਦੀ ਗਿਣਤੀ ਘਟ ਕੇ 239 ਰਹਿ ਗਈ ਤੇ ਸਰਕਾਰ ਨੂੰ ਭਰੋਸਾ ਜਿੱਤਣ ਲਈ 120 ਵੋਟਾਂ ਦੀ ਲੋੜ ਸੀ। ਸਪੀਕਰ ਵਿਜੇ ਕੁਮਾਰ ਚੌਧਰੀ ਨੇ ਰਵਾਇਤਨ ਵੋਟ ਨਹੀਂ ਪਾਈ, ਜਦੋਂਕਿ ਭਾਜਪਾ, ਆਰਜੇਡੀ ਤੇ ਕਾਂਗਰਸ ਦਾ ਵੀ ਇਕ-ਇਕ ਵਿਧਾਇਕ ਵੱਖ-ਵੱਖ ਕਾਰਨ ਵੋਟ ਨਹੀਂ ਪਾ ਸਕਿਆ।
ਸ੍ਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਤੇ ਭਾਜਪਾ ਆਗੂ ਸੁਸ਼ੀਲ ਕੁਮਾਰ ਮੋਦੀ ਵੀ ਉਪਰਲੇ ਸਦਨ ਵਿਧਾਨ ਪ੍ਰੀਸ਼ਦ ਦੇ ਮੈਂਬਰ ਹੋਣ ਕਾਰਨ ਵੋਟ ਨਹੀਂ ਪਾ ਸਕੇ, ਜੋ ਸਦਨ ਵਿੱਚ  ਹਾਜ਼ਰ ਸਨ।
ਮਤੇ ਦੇ ਹੱਕ ਵਿੱਚ ਜੇਡੀ(ਯੂ) ਦੇ 70, ਭਾਜਪਾ ਦੇ 52, ‘ਹਮ’ ਦੇ ਇਕ, ਆਰਐਲਐਸਪੀ ਤੇ ਐਲਜੇਪੀ ਦੇ ਦੋ-ਦੋ ਤੇ ਚਾਰ ਆਜ਼ਾਦ ਵਿਧਾਇਕਾਂ ਨੇ ਵੋਟ ਪਾਈ। ਵਿਰੋਧ ਵਿੱਚ ਆਰਜੇਡੀ ਦੇ     79, ਕਾਂਗਰਸ ਦੇ 26 ਤੇ ਸੀਪੀਆਈ-ਐਮਐਲ ਦੇ 3 ਵਿਧਾਇਕ ਨਿੱਤਰੇ। ਸਪੀਕਰ ਵੱਲੋਂ ਜ਼ੁਬਾਨੀ ਵੋਟ ਰਾਹੀਂ ਮਤਾ ਪਾਸ ਕਰਾਉਣ ਦੀਆਂ ਦੋ ਕੋਸ਼ਿਸ਼ਾਂ ਦੋਵਾਂ ਹਾਕਮ ਤੇ ਵਿਰੋਧੀ ਧਿਰ ਦੀ ਜ਼ੋਰਦਾਰ ਨਾਅਰੇਬਾਜ਼ੀ ਕਾਰਨ ਨਾਕਾਮ ਰਹੀਆਂ। ਇਸ ਦੇ ਨਾਲ ਹੀ ਸਪੀਕਰ ਨੇ ਸਦਨ ਅਣਮਿਥੇ ਸਮੇਂ ਲਈ ਉਠਾ ਦਿੱਤਾ।
ਮਤੇ ਉਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਵਿਰੋਧੀ ਧਿਰ ਦੇ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਨੇ ਸ੍ਰੀ ਨਿਤੀਸ਼ ਕੁਮਾਰ ਤੇ ਉਨ੍ਹਾਂ ਦੇ ਨਵੇਂ ਜੋਟੀਦਾਰਾਂ ਨੂੰ ਖ਼ੂਬ ਰਗੜੇ ਲਾਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅੱਜ ਮੁੜ ਉਸੇ ਭਾਜਪਾ ਤੇ ਆਰਐਸਐਸ ਦੀ ‘ਗੋਦ ਵਿੱਚ ਬਹਿ’ ਗਏ ਹਨ, ਜਿਸ ਨੂੰ ਉਹ ਨਿੰਦਦੇ ਨਹੀਂ ਥੱਕਦੇ ਸਨ ਤੇ ਜਿਸ ਖ਼ਿਲਾਫ਼ ਉਨ੍ਹਾਂ ਨੂੰ ਫ਼ਤਵਾ ਮਿਲਿਆ ਸੀ। ਭਾਜਪਾ ਵੱਲੋਂ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੂੰ ਫ਼ਤਵਾ ‘ਕੰਮ ਕਰਨ’ ਦਾ ਮਿਲਿਆ ਹੈ, ਕਿਸੇ ਦੇ ਵਿਰੋਧ ਦਾ ਨਹੀਂ। ਕਾਂਗਰਸ ਵੱਲੋਂ ਬੋਲਦਿਆਂ ਸਦਾਨੰਦ ਸਿੰਘ ਨੇ ਵੀ ਸ੍ਰੀ ਨਿਤੀਸ਼ ਕੁਮਾਰ ’ਤੇ ‘ਵਿਸ਼ਵਾਸਘਾਤ’ ਦੇ ਦੋਸ਼ ਲਾਏ।
ਆਰਜੇਡੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਬਾਹਰ ਪ੍ਰਦਰਸ਼ਨ
ਪਟਨਾ - ਨਿਤੀਸ਼ ਸਰਕਾਰ ਵੱਲੋਂ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਰਜੇਡੀ ਵਿਧਾਇਕਾਂ ਨੇ ਬਿਹਾਰ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਨਿਤੀਸ਼ ਕੁਮਾਰ ਨੂੰ ‘ਸੰਘ ਦਾ ਮੁੱਖ ਮੰਤਰੀ’ ਦੱਸਿਆ। ਨਾਅਰੇਬਾਜ਼ੀ ਕਰਦਿਆਂ ਤੇ ਤਖ਼ਤੀਆਂ ਲਹਿਰਾਉਂਦਿਆਂ ਪਾਰਟੀ ਵਿਧਾਇਕ ਵਿਧਾਨ ਸਭਾ ਦੇ ਮੁੱਖ ਪ੍ਰਵੇਸ਼ ਦੁਆਰ ਉਤੇ ਖੜ੍ਹੇ ਹੋ ਗਏ। ਇਨ੍ਹਾਂ ਵਿੱਚ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ‘‘ਨਿਤੀਸ਼ ਕੁਮਾਰ ਨੇ ਬਿਹਾਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਮੁੱਖ ਮੰਤਰੀ ਘਟੀਆ ਸਿਆਸਤ ਖੇਡ ਰਹੇ ਹਨ। ਉਹ ਸਾਨੂੰ ਬਦਨਾਮ ਕਰਨ ਲਈ ਸਿਰਫ਼ ਬਹਾਨਾ ਲੱਭ ਰਹੇ ਸਨ।’’

 

 

fbbg-image

Latest News
Magazine Archive