ਰਾਜ ਸਭਾ: ਵਿਰੋਧੀ ਧਿਰ ਅਤੇ ਭਾਜਪਾ ਮਿਹਣੋ-ਮਿਹਣੀ


ਨਵੀਂ ਦਿੱਲੀ - ਰਾਜ ਸਭਾ ਦੀ ਕਾਰਵਾਈ ਅੱਜ ਰੌਲੇ ਰੱਪੇ ਦਰਮਿਆਨ ਠੱਪ ਹੋ ਗਈ। ਕਾਂਗਰਸ ਅਤੇ ਭਾਜਪਾ ਮੈਂਬਰ ਗੁਜਰਾਤ ’ਚ ਕਾਂਗਰਸ ਵਿਧਾਇਕ ਨੂੰ ਅਗਵਾ ਕਰਨ ਦੇ ਮਾਮਲੇ ਨੂੰ ਲੈ ਕੇ ਆਹਮੋ ਸਾਹਮਣੇ ਆ ਗਏ ਸਨ। ਕਾਂਗਰਸ ਨੇ ਦੋਸ਼ ਲਾਇਆ ਕਿ ਗੁਜਰਾਤ ’ਚ ਉਨ੍ਹਾਂ ਦੇ ਵਿਧਾਇਕ ਨੂੰ ਪੁਲੀਸ ਵੱਲੋਂ ਕਥਿਤ ਤੌਰ ’ਤੇ ਅਗਵਾ ਕਰ ਲਿਆ ਗਿਆ ਹੈ ਜਦਕਿ ਭਾਜਪਾ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਸੂਬੇ ਨੂੰ ਬਦਨਾਮ ਕਰ ਰਹੇ ਹਨ। ਇਸ ਮੁੱਦੇ ਕਾਰਨ ਜ਼ੋਰਦਾਰ ਹੰਗਾਮਾ ਹੋਇਆ ਅਤੇ ਸਦਨ ਨੂੰ ਵਾਰ ਵਾਰ ਮੁਲਤਵੀ ਕਰਨਾ ਪਿਆ। ਪ੍ਰਸ਼ਨ ਕਾਲ, ਸਿਫ਼ਰ ਕਾਲ ਅਤੇ ਬਾਅਦ ’ਚ ਪ੍ਰਾਈਵੇਟ ਮੈਂਬਰਾਂ ਤੇ ਵਿਧਾਨਕ ਕੰਮਕਾਜ ’ਚ ਅੜਿੱਕਾ ਡਾਹਿਆ ਗਿਆ। ਚਾਰ ਵਾਰ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਜਦੋਂ ਸਦਨ ਦੁਪਹਿਰ ਬਾਅਦ ਢਾਈ ਵਜੇ ਜੁੜਿਆ ਤਾਂ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਮੰਗ ਕੀਤੀ ਕਿ ਵਿਰੋਧੀ ਧਿਰ ਨੂੰ ਗੁਜਰਾਤ ਦਾ ਅਕਸ ਵਿਗਾੜਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਕਾਂਗਰਸ ਮੈਂਬਰਾਂ ਨੇ ਦੋਸ਼ ਲਾਇਆ ਕਿ ਗੁਜਰਾਤ ਪੁਲੀਸ ਨੇ ਉਨ੍ਹਾਂ ਦੇ ਵਿਧਾਇਕ ਨੂੰ ਅਗਵਾ ਕਰ ਲਿਆ ਹੈ ਤਾਂ ਜੋ ਰਾਜ ਸਭਾ ਦੀਆਂ ਆਉਂਦੀਆਂ ਚੋਣਾਂ ’ਚ ਇਸ ਦਾ ਲਾਹਾ ਲਿਆ ਜਾ ਸਕੇ। ਸ੍ਰੀ ਨਕਵੀ ਨੇ ਕਿਹਾ,‘‘ਅੱਜ ਸਵੇਰੇ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੇ ਗੁਜਰਾਤ ਨੂੰ ਬਦਨਾਮ ਕਰਨ ਲਈ ਇਤਰਾਜ਼ਯੋਗ ਬਿਆਨ ਦਿੱਤੇ। ਉਨ੍ਹਾਂ ਕਿਹਾ ਕਿ ਗੁਜਰਾਤ ’ਚ ਜਿਥੇ ਪਹਿਲਾਂ ਮੁਕਾਬਲੇ ਹੁੰਦੇ ਸਨ, ਉਥੇ ਹੁਣ ਵੋਟਾਂ ਹਾਸਲ ਕਰਨ ਲਈ ਵਿਧਾਇਕ ਨੂੰ ਅਗਵਾ ਕਰ ਲਿਆ ਗਿਆ। ਗੁਜਰਾਤ ’ਚ ਵਿਰੋਧੀ ਧਿਰ ਦੇ ਆਗੂ ਅਤੇ ਚੀਫ਼ ਵ੍ਹਿਪ ਨੇ ਕਾਂਗਰਸ ਨੂੰ ਛੱਡ ਦਿੱਤਾ ਅਤੇ ਵਿਧਾਇਕ ਵੀ ਪਾਰਟੀ ਦਾ ਸਾਥ ਛੱਡਦੇ ਜਾ ਰਹੇ ਹਨ।’’ ਉਨ੍ਹਾਂ ਕਿਹਾ,‘‘ਕਾਂਗਰਸ ਦਾ ਬੈਂਡ-ਵਾਜਾ ਵਜ ਚੁੱਕਿਆ ਹੈ ਪਰ ਫਿਰ ਵੀ ਉਨ੍ਹਾਂ ਨੂੰ ਅਹਿਸਾਸ ਨਹੀਂ ਹੋ ਰਿਹਾ।’’ ਭਾਜਪਾ ਮੈਂਬਰਾਂ ਵੱਲੋਂ ‘ਸ਼ਰਮ ਕਰੋ, ਸ਼ਰਮ ਕਰੋ ਦੇ ਨਾਅਰੇ ਲਾਏ ਜਾ ਰਹੇ ਸਨ। ਉਧਰ ਕਾਂਗਰਸ ਮੈਂਬਰ ਉਪ ਸਭਾਪਤੀ ਦੇ ਆਸਣ ਸਾਹਮਣੇ ਆ ਕੇ ‘ਲੋਕਤੰਤਰ ਦੀ ਹੱਤਿਆ ਰੋਕੋ’ ਜਿਹੇ ਨਾਅਰੇ ਲਾਉਣ ਲੱਗ ਪਏ। ਸਦਨ ਨੂੰ ਚਲਾਉਣ ਲਈ ਉਪ ਸਭਾਪਤੀ ਪੀ ਜੇ ਕੁਰੀਅਨ ਨੇ ਕਾਂਗਰਸ ਮੈਂਬਰਾਂ ਨੂੰ ਮੁਆਫ਼ੀ ਮੰਗਣ ਲਈ ਕਿਹਾ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਹਾਕਮ ਪਾਰਟੀ ਦੇ ਮੈਂਬਰਾਂ ਤੋਂ ਵੀ ਸਦਨ ਚਲਾਉਣ ਲਈ ਸਹਾਇਤਾ ਮੰਗੀ। ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਸੁਝਾਅ ਦਿੱਤਾ ਕਿ ਚੋਣ ਕਮਿਸ਼ਨ ਨੂੰ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਜਾਣ। ਸ੍ਰੀ ਕੁਰੀਅਨ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਚੇਅਰ ਤੋਂ ਹਦਾਇਤਾਂ ਲੈਣ ਦੀ ਲੋੜ ਨਹੀਂ ਹੈ ਅਤੇ ਉਹ ਪਹਿਲਾਂ ਹੀ ਆਪਣਾ ਕੰਮ ਵਧੀਆ ਢੰਗ ਨਾਲ ਕਰ ਰਹੇ ਹਨ।

 

 

fbbg-image

Latest News
Magazine Archive