ਵਿਜੀਲੈਂਸ ਨੇ ਸਿੰਜਾਈ ਵਿਭਾਗ ਦੇ ਅਫ਼ਸਰਾਂ ਨੂੰ ਘੇਰਨ ਲਈ ਠੇਕੇਦਾਰਾਂ

’ਤੇ ਕੱਸਿਆ ਸ਼ਿਕੰਜਾ


ਚੰਡੀਗੜ੍ਹ - ਪੰਜਾਬ ਵਿਜੀਲੈਂਸ ਬਿਊਰੋ ਨੇ ਸਿੰਜਾਈ ਵਿਭਾਗ ਦਾ ਕੰਮ ਕਰਨ ਵਾਲੇ ਵਿਵਾਦਿਤ ਠੇਕੇਦਾਰਾਂ ਅਤੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਬਿਊਰੋ ਅਧਿਕਾਰੀਆਂ ਨੇ ਠੇਕੇਦਾਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਅਧਿਕਾਰੀਆਂ ਨੇ  ਚਾਰ ਠੇਕੇਦਾਰਾਂ ਨੂੰ ਬੁੱਧਵਾਰ ਨੂੰ ਚੰਡੀਗੜ੍ਹ ਬੁਲਾ ਕੇ ਪੁੱਛਗਿੱਛ ਕੀਤੀ। ਇਨ੍ਹਾਂ ਤੋਂ ਸਿੰਜਾਈ ਤੇ ਡਰੇਨੇਜ਼ ਨਾਲ ਸਬੰਧਤ ਕੀਤੇ ਕੰਮਾਂ ਬਾਰੇ ਜਾਣਕਾਰੀ ਲਈ ਗਈ। ਵਿਜੀਲੈਂਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਠੇਕੇਦਾਰਾਂ ਤੋਂ ਹੋਈ ਪੁੱਛਗਿੱਛ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਵਿਜੀਲੈਂਸ ਨੇ ਹਾਲ ਦੀ ਘੜੀ ਕੁਝ ਚੋਣਵੇਂ ਤੇ ਸ਼ੱਕੀ ਕਿਸਮ ਦੇ ਕੰਮਾਂ ਦੀ ਪੜਤਾਲ ਸ਼ੁਰੂ ਕੀਤੀ ਹੈ ਤੇ ਜੇਕਰ ਠੋਸ ਤੱਥ ਸਾਹਮਣੇ ਆਏ ਤਾਂ ਸਮੁੱਚੇ ਕੰਮਾਂ ਦੀ ਪੜਤਾਲ ਕੀਤੀ ਜਾ ਸਕਦੀ ਹੈ। ਸਿੰਜਾਈ ਵਿਭਾਗ ਵਿੱਚ 200 ਕਰੋੜ ਰੁਪਏ ਤੋਂ ਜ਼ਿਆਦਾ ਦਾ ਘੁਟਾਲਾ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਅਕਸਰ ਚਰਚਾ ’ਚ ਰਹਿਣ ਵਾਲੇ ਇੱਕ ਸੀਨੀਅਰ ਅਧਿਕਾਰੀ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ। ਪੰਜਾਬ ਵਿੱਚ ਪਿਛਲੇ ਦਸ ਸਾਲਾਂ ਦੌਰਾਨ ਸਿੰਜਾਈ ਵਿਭਾਗ ਵਿੱਚ ਕੁਝ ਚੋਣਵੇਂ ਠੇਕੇਦਾਰਾਂ ਦਾ ਹੀ ਬੋਲਬਾਲਾ ਰਿਹਾ ਹੈ। ਸਿੰਜਾਈ ਵਿਭਾਗ ’ਚ ਤਾਇਨਾਤ ਰਹੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਸਿਰਫ਼ ਇਨ੍ਹਾਂ ਠੇਕੇਦਾਰਾਂ ਨੂੰ ਹੀ 2 ਹਜ਼ਾਰ ਕਰੋੜ ਰੁਪਏ ਦੇ ਕੰਮਾਂ ਵਿੱਚੋਂ 75 ਫ਼ੀਸਦੀ ਕੰਮ ਹੀ ਨਹੀਂ ਦਿੱਤਾ ਗਿਆ ਸਗੋਂ ਇੱਕ ਠੇਕੇਦਾਰ ਵੱਲੋਂ ਟੈਂਡਰ ਪ੍ਰਕਿਰਿਆ ਆਪਣੇ ਪੱਖ ਦੀ ਬਣਾਉਣ ਲਈ ਮੁੱਖ ਇੰਜਨੀਅਰ ਤੱਕ ਦੀਆਂ ਤਾਇਨਾਤੀਆਂ ਵਿੱਚ ਵੀ ਕਥਿਤ ਸਿੱਧਾ ਦਖ਼ਲ ਦਿੱਤਾ ਜਾਂਦਾ ਸੀ। ਇਨ੍ਹਾਂ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਲਈ ਟੈਂਡਰ ਪ੍ਰਕਿਰਿਆ ਨਾਲ ਕਥਿਤ ਛੇੜਛਾੜ ਕੀਤੀ ਗਈ। ਵਿਜੀਲੈਂਸ ਨੂੰ ਜਾਣਕਾਰੀ ਮਿਲੀ ਹੈ ਕਿ ਪਿਛਲੇ ਇੱਕ ਦਹਾਕੇ ਦੌਰਾਨ ਸਿੰਜਾਈ ਵਿਭਾਗ ਵਿੱਚ 10 ਕਰੋੜ ਰੁਪਏ ਦੀ ਰਿਸ਼ਵਤ ਦਾ ਕਥਿਤ ਆਦਾਨ-ਪ੍ਰਦਾਨ ਹੋਇਆ ਹੈ। ਵਿਜੀਲੈਂਸ ਨੇ ਜਦੋਂ ਕੰਮਾਂ ਤੇ ਟੈਂਡਰਾਂ ਦਾ ਰਿਕਾਰਡ ਮੰਗਿਆ ਤਾਂ ਸਿੰਜਾਈ ਵਿਭਾਗ ਦੇ ਇੰਜਨੀਅਰਾਂ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਵਿਜੀਲੈਂਸ ਨੇ ਠੇਕੇਦਾਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਜਿਨ੍ਹਾਂ ਠੇਕੇਦਾਰਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਉਨ੍ਹਾਂ ’ਚ ਚੰਡੀਗੜ੍ਹ ਦਾ ਇੱਕ ਚਰਚਿਤ ਤੇ ਜਲੰਧਰ ਨਾਲ ਸਬੰਧਤ ਠੇਕੇਦਾਰ ਸ਼ਾਮਲ ਸੀ।
ਜਾਂਚ ਵਿੱਚ ਪੂਰਾ ਸਹਿਯੋਗ ਦੇਵਾਂਗੇ: ਵੀ ਕੇ ਸਿੰਘ
ਪ੍ਰਮੁੱਖ ਸਕੱਤਰ (ਸਿੰਜਾਈ) ਵੀ ਕੇ ਸਿੰਘ ਨੇ ਕਿਹਾ ਕਿ ਵਿਜੀਲੈਂਸ ਨੇ ਸਿੰਜਾਈ ਵਿਭਾਗ ਨਾਲ ਸਬੰਧਤ ਕੰਮਾਂ ਦੀਆਂ ਫਾਈਲਾਂ ਮੰਗੀਆਂ ਸਨ, ਪਰ ਵਿਜੀਲੈਂਸ ਨੂੰ ਸਬੰਧਤ ਕੰਮ, ਜਿਸ ਬਾਰੇ ਕੋਈ ਸੂਚਨਾ ਹੋਵੇ, ਮੰਗਣ ਲਈ ਕਿਹਾ ਗਿਆ ਹੈ। ਵਿਜੀਲੈਂਸ ਨੂੰ ਰਿਕਾਰਡ ਸੌਂਪਣ ਦੀਆਂ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਤੇ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ।

 

 

fbbg-image

Latest News
Magazine Archive