ਕੋਵਿੰਦ ਬਣੇ ਦੇਸ਼ ਦੇ 14ਵੇਂ ਰਾਸ਼ਟਰਪਤੀ


ਨਵੀਂ ਦਿੱਲੀ - ਰਾਮ ਨਾਮ ਕੋਵਿੰਦ ਨੇ ਅੱਜ 14ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਭਾਰਤ ਦੀ ਵ ਨੂੰ ਸਫ਼ਲਤਾ ਦੀ ਕੁੰਜੀ ਦੱਸਿਆ।
ਸੰਸਦ ਦੇ ਇਤਿਹਾਸਕ ਕੇਂਦਰੀ ਹਾਲ ਵਿੱਚ ਹਲਫ਼ ਲੈਣ ਤੋਂ ਬਾਅਦ ਉਨ੍ਹਾਂ ਕਿਹਾ,‘‘ ਇਸ ਧਰਤੀ ਵਿੱਚ ਸਾਨੂੰ ਰਾਜ, ਖਿੱਤੇ, ਧਰਮ, ਭਾਸ਼ਾਵਾਂ, ਸਭਿਆਚਾਰਕ ਅਤੇ ਜੀਵਨ ਸ਼ੈਲੀਆਂ ਦੇ ਨਾਲ ਨਾਲ ਬਹੁਤ ਕੁਝ ਮਿਲਦਾ ਹੈ। ਅਸੀਂ ਬਹੁਤ ਵੱਖਰੇ, ਮਿਲੇਜੁਲੇ ਅਤੇ ਸੰਗਠਿਤ ਹਾਂ।’’  ਪ੍ਰਣਬ ਮੁਖਰਜੀ ਤੋਂ ਬਾਅਦ ਦੇਸ਼ ਦਾ ਸਭ ਤੋਂ ਉੱਚਾ ਸੰਵਿਧਾਨਕ ਅਹੁਦਾ ਹਾਸਲ ਕਰਨ ਵਾਲੇ 71 ਸਾਲਾ ਕੋਵਿੰਦ ਰਾਸ਼ਟਰਪਤੀ ਭਵਨ ਤਕ ਪੁੱਜਣ ਵਾਲੇ ਪਹਿਲੇ ਭਾਜਪਾ ਆਗੂ ਅਤੇ ਦੂਜੇ ਦਲਿਤ ਹਨ।  ਗਰੀਬ ਪਰਿਵਾਰ ਦੇ ਅੰਤਿਮ ਵਿਅਕਤੀ ਅਤੇ ਬਾਲੜੀ ਤਕ ਮੌਕਿਆਂ ਅਤੇ ਪਹੁੰਚ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ , ‘‘ਇਕ ਰਾਸ਼ਟਰ ਵਜੋਂ ਅਸੀਂ ਬਹੁਤ ਕੁਝ ਹਾਸਲ ਕੀਤਾ ਹੈ, ਪਰ ਹਾਲੇ ਬਹੁਤ ਕੁਝ ਕਰਨ ਦੀ ਲੋੜ ਹੈ। ਚੰਗਾ ਕਰਨਾ ਅਤੇ ਬਿਹਤਰ ਕਰਨਾ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ।’’ ਬਿਹਾਰ ਦੇ ਸਾਬਕਾ ਰਾਜਪਾਲ ਨੇ ਮਜ਼ਬੂਤ ਉੱਚ ਵਿਕਾਸ ਅਰਥਚਾਰੇ, ਸਿੱਖਿਅਤ, ਨੈਤਿਕ ਅਤੇ ਸਾਂਝੇ ਭਾਈਚਾਰੇ ਦੇ ਨਾਲ ਨਾਲ ਸਮਾਨਤਾਵਾਦੀ ਸਮਾਜ ਘੜਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹੋ ਸੁਪਨਾ ਮਹਾਤਮਾ ਗਾਂਧੀ ਅਤੇ ਭਾਜਪਾ ਵਿਚਾਰਧਾਰਕ ਦੀਨ ਦਿਆਲ ਉਪਾਧਿਆਏ ਨੇ ਦੇਖਿਆ ਸੀ।
ਰਾਸ਼ਟਰਪਤੀ ਦੇ ਫੌਜੀ ਸਕੱਤਰ ਮੇਜਰ ਜਨਰਲ ਅਨਿਲ ਖੋਸਲਾ ਨੇ ਸਵੇਰੇ ਉਨ੍ਹਾਂ ਦੇ ਬੂਹੇ ’ਤੇ ਦਸਤਕ ਦਿੱਤੀ। ਉਹ ਮੋਟਰਾਂ ਦੇ ਕਾਫ਼ਲੇ ਨਾਲ ਪੁੱਜੇ ਅਤੇ ਸ੍ਰੀ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਨੂੰ ਰਾਸ਼ਟਰਪਤੀ ਭਵਨ ਆਉਣ ਦਾ ਸੱਦਾ ਦਿੱਤਾ, ਜਿਥੇ ਪੁੱਜਣ ’ਤੇ ਪ੍ਰਣਬ ਮੁਖਰਜੀ ਨੇ ਉਨ੍ਹਾਂ ਦਾ ਸਵਾਗਤ ਕੀਤਾ।  ਹਲਫ਼ਦਾਰੀ ਸਮਾਗਮ ਦਾ ਆਗਾਜ਼ ਗ੍ਰਹਿ ਸਕੱਤਰ ਰਾਜੀਵ ਮਹਿਰਿਸ਼ੀ ਦੇ ਚੋਣ ਕਮਿਸ਼ਨ ਦਾ ਨੋਟੀਫਿਕੇਸ਼ਨ ਪੜਨ ਨਾਲ ਹੋਈ। ਚੀਫ ਜਸਟਿਸ ਖੇਹਰ ਨੇ ਸ੍ਰੀ ਕੋਵਿੰਦ ਨੂੰ ਸਹੁੰ ਚੁਕਾਈ, ਜਿਸ ਤੋਂ ਬਾਅਦ ਸ੍ਰੀ ਕੋਵਿੰਦ ਨੇ ਸ੍ਰੀ ਮੁਖਰਜੀ ਨਾਲ ਕੁਰਸੀ ਬਦਲੀ।
ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੋਵਿੰਦ ਨੇ ਆਪਣੇ ਪਿਛੋਕੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਛੋਟੇ ਜਿਹੇ ਪਿੰਡ ਵਿੱਚ ਮਿੱਟੀ ਦੇ ਮਕਾਨ ਵਿੱਚ ਵੱਡੇ ਹੋਏ। ਉਨ੍ਹਾਂ ਦਾ ਰਾਸ਼ਟਰਪਤੀ ਤਕ ਦਾ ਸਫ਼ਰ ਬਹੁਤ ਲੰਮਾ ਹੈ। ਉਨ੍ਹਾਂ ਕਿਹਾ ,‘‘ ਇਹ ਸਾਡੇ ਦੇਸ਼ ਅਤੇ ਸਮਾਜ ਦੀ ਵਡਿਆਈ ਹੈ ਕਿ ਸਾਰੀਆਂ ਸਮੱਸਿਆਵਾਂ ਲਈ ਇਹ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਿੱਤੇ ਮੂਲ ਮੰਤਰ ਦਾ ਪਾਲਣ ਕਰਦਾ ਹੈ ਜਿਸ ਵਿੱਚ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ ਹੈ। ਅਤੇ ਮੈਂ ਇਸ ਮੂਲ ਮੰਤਰ ਦਾ ਹਮੇਸ਼ਾ ਪਾਲਣ ਕਰਾਂਗਾ।’’ ਸਮਾਗਮ ਤੋਂ ਬਾਅਦ ਉਹ ਕੇਂਦਰੀ ਹਾਲ ਵਿੱਚ ਮੌਜੂਦ ਆਗੂਆਂ ਨੂੰ ਮਿਲੇ। ਇਸ ਤੋਂ ਬਾਅਦ ਉਹ ਰਾਸ਼ਟਰਪਤੀ ਭਵਨ ਲਈ ਰਾਸ਼ਟਰਪਤੀ ਦੀ ਲਿਮੋਜ਼ਿਨ ਵਿੱਚ ਗਏ। ਇਸ ਦੌਰਾਨ ਮੁਖਰਜੀ ਖੱਬੇ ਅਤੇ ਕੋਵਿੰਦ ਸੱਜੇ ਪਾਸੇ ਬੈਠੇ ਹੋਏ ਸੀ। ਰਾਸ਼ਟਰਪਤੀ ਭਵਨ ਪੁੱਜ ਕੇ ਸ੍ਰੀ ਕੋਵਿੰਦ ਨੇ ਨਵੇਂ ਰਾਸ਼ਟਰਪਤੀ ਵਜੋਂ ਚਾਰਜ ਸੰਭਾਲ ਲਿਆ। ਇਸ ਤੋਂ ਬਾਅਦ ਸ੍ਰੀ ਕੋਵਿੰਦ ਰਾਸ਼ਟਰਪਤੀ ਦੀ ਬੱਘੀ ਵਿੱਚ ਅਗਲੇ ਅਹਾਤੇ ’ਚ ਆਏ ਜਿਸ ਨੂੰ ਛੇ ਘੋੜੇ ਖਿੱਚ ਰਹੇ ਸੀ ਤੇ ਉਸ ’ਤੇ ਰਾਸ਼ਟਰੀ ਚਿੰਨ੍ਹ ਲੱਗਾ ਹੋਇਆ ਸੀ। ਉਨ੍ਹਾਂ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ ਅਤੇ ਵਾਪਸ ਅੰਦਰ ਚਲੇ ਗਏ। ਇਸ ਤੋਂ ਬਾਅਦ ਉਹ ਸ੍ਰੀ ਮੁਖਰਜੀ ਨਾਲ ਮੁੜ ਅਹਾਤੇ ਵਿੱਚ ਆਏ ਜਿਥੇ ਸ੍ਰੀ ਮੁਖਰਜੀ ਨੂੰ ਅੰਤਿਮ ਵਾਰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਮੁਖਰਜੀ ਨਾਲ ਰਾਸ਼ਟਰਪਤੀ ਦੀ ਲਿਮੋਜ਼ਿਨ ਵਿੱਚ ਉਨ੍ਹਾਂ ਨੂੰ ਉਨ੍ਹਾਂ  ਦੀ ਨਵੀਂ ਰਿਹਾਇਸ਼ 10, ਰਾਜਾ ਜੀ ਮਾਰਗ ਤਕ ਛੱਡਣ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਨਾਥ ਕੋਵਿੰਦ ਨੂੰ ਰਾਸ਼ਟਰਪਤੀ ਵਜੋਂ ਹਲਫ਼ ਲੈਣ ਦੀ ਵਧਾਈ ਦਿੱਤੀ।
ਸਮਾਗਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਿਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲ ਵਿੱਚ ਪੁੱਜੇ ਤਾਂ ਭਾਜਪਾ ਆਗੂਆਂ ਨੇ ਮੇਜ਼ ਖੜਕਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਸਮਾਗਮ ਦੀ ਸਮਾਪਤੀ ’ਤੇ ਮੋਦੀ ਅਤੇ ਮਮਤਾ ਇਕ ਦੁੂਜੇ ਨੂੰ ਨਿੱਘ ਨਾਲ ਮਿਲੇ। ਰਾਹੁਲ ਗਾਂਧੀ ਪਿਛਲੀ ਕਤਾਰ ਵਿੱਚ ਬੈਠੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨਾਲ ਲੋਕ ਸਭਾ ਵਿਚੋਂ ਮੁਅੱਤਲ ਚਾਰ ਸੰਸਦ ਮੈਂਬਰ ਵੀ ਸਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਮਮਤਾ ਬੈਨਰਜੀ ਨਾਲ ਬੈਠੇ। ਵੈਂਕਈਆ ਨਾਇਡੂ ਜੋ ਕਾਂਗਰਸ ਪ੍ਰਧਾਨ ਸੋਨੀਆ ਨਾਲ ਗੱਲਬਾਤ ਕਰਦੇ ਆਏ ਨਜ਼ਰ ਆਏ ਉਨ੍ਹਾਂ ਦੇ ਪਿੱਛੇ ਬੈਠੇ ਸੀ। ਸਮਾਗਮ ਖਤਮ ਹੋਣ ਬਾਅਦ ਭਾਜਪਾ ਸੰਸਦ ਮੈਂਬਰਾਂ ਨੇ ਜੈ ਸ੍ਰੀ ਰਾਮ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਾਏ।
ਮੀਂਹ ਕਾਰਨ ਗਾਰਡ ਆਫ ਆਨਰ ’ਚ ਪਿਆ ਵਿਘਨ
ਨਵੀਂ ਦਿੱਲੀ - ਮੀਂਹ ਕਾਰਨ ਨਵੇਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਗਾਰਡ ਆਫ ਆਨਰ ਵਿੱਚ ਕੁਝ ਚਿਰ ਲਈ ਵਿਘਨ ਪਿਆ। ਇਸ ਦੌਰਾਨ ਸਮਾਗਮ ਨੂੰ ਦਰਬਾਰ ਹਾਲ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਖ਼ਿਲਾਫ਼ ਮੀਡੀਆ ਕਰਮੀਆਂ ਨੇ ਰੋਸ ਜਤਾਇਆ ਕਿਉਂਕਿ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਪਰ ਕੁਝ ਸਮੇਂ ਬਾਅਦ ਹੀ ਮੀਂਹ ਰੁਕ ਗਿਆ ਤੇ ਸਮਾਗਮ ਪਹਿਲਾਂ ਨਿਰਧਾਰਤ ਥਾਂ ’ਤੇ ਹੋਇਆ।
 

 

 

fbbg-image

Latest News
Magazine Archive