ਫ਼ੌਜੀਆਂ ਵੱਲੋਂ ਪੁਲੀਸ ਮੁਲਾਜ਼ਮਾਂ ਦੀ ਕੁੱਟਮਾਰ


ਰੀਨਗਰ - ਕੇਂਦਰੀ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਬੀਤੀ ਰਾਤ ਪੁਲੀਸ ਜਵਾਨਾਂ ਨੂੰ ਇਕ ਨਾਕੇ ਉਤੇ ਇਕ ਨਿਜੀ ਕਾਰ ਨੂੰ ਰੋਕਣਾ ਉਦੋਂ ਮਹਿੰਗਾ ਪਿਆ ਜਦੋਂ ਕਾਰ ਸਵਾਰ ਸਾਦੇ ਕੱਪੜਿਆਂ ਵਿੱਚ ਫ਼ੌਜੀ ਜਵਾਨ ਨਿਕਲੇ ਤੇ ਉਨ੍ਹਾਂ ਪੁਲੀਸ ਜਵਾਨਾਂ ਦੀ ਕੁੱਟਮਾਰ ਕਰ ਦਿੱਤੀ। ਇਸ ਕਾਰਨ ਇਕ ਅਸਿਸਟੈਂਟ ਸਬ ਇੰਸਪੈਕਟਰ (ਏਐਸਆਈ) ਸਣੇ ਸੱਤ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਫ਼ੌਜੀ ਜਵਾਨਾਂ ਨੇ ਬਾਅਦ ਵਿੱਚ ਗੁੰਡ ਪੁਲੀਸ ਥਾਣੇ ’ਤੇ ਵੀ ਕਥਿਤ ਧਾਵਾ ਬੋਲਿਆ, ਜਿਥੇ ਉਨ੍ਹਾਂ ਡਿਊਟੀ ਉਤੇ ਤਾਇਨਾਤ ਜਵਾਨਾਂ ਦੀ ਕੁੱਟਮਾਰ ਅਤੇ ਭੰਨ-ਤੋੜ ਵੀ ਕੀਤੀ।
ਇਸ ਉਤੇ ਪੁਲੀਸ ਨੇ ਫ਼ੌਜ ਦੀ 24 ਰਾਸ਼ਟਰੀ ਰਾਈਫਲਜ਼ (ਆਰਆਰ) ਯੂਨਿਟ ਦੇ ਇਨ੍ਹਾਂ ਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਾਜ਼ਮ ਅਮਰਨਾਥ ਯਾਤਰਾ ਨਾਲ ਸਬੰਧਤ ਰੂਟ ਉਤੇ ਡਿਊਟੀ ’ਤੇ ਤਾਇਨਾਤ ਸਨ। ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਦੇ ਡੀਜੀਪੀ ਐਸ.ਪੀ. ਵੈਦ ਨੇ ਮਾਮਲਾ ਫ਼ੌਜ ਦੀ ਚਿਨਾਰ ਕੋਰ ਦੇ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਜੇ.ਐਸ. ਸੰਧੂ ਕੋਲ ਉਠਾਇਆ ਹੈ। ਦੂਜੇ ਪਾਸੇ ਫ਼ੌਜ ਨੇ ਦਾਅਵਾ ਕੀਤਾ ਕਿ ਪੁਲੀਸ ਨਾਲ ਇਸ ਮਾਮਲੇ ਨੂੰ ‘ਦੋਸਤਾਨਾ’ ਢੰਗ ਨਾਲ ਹੱਲ ਕਰ ਲਿਆ ਗਿਆ ਹੈ। ਫ਼ੌਜ ਨੇ ਇਸ ਮਾਮਲੇ ਨੂੰ ‘ਮਾਮੂਲੀ ਘਟਨਾ’ ਕਰਾਰ ਦਿੱਤਾ। ਇਕ ਰੱਖਿਆ ਤਰਜਮਾਨ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ ਦੇਣ ਲਈ ਢੁਕਵੇਂ ਕਦਮ ਚੁੱਕੇ ਗਏ ਹਨ।
ਘਟਨਾ ਉਦੋਂ ਵਾਪਰੀ ਜਦੋਂ ਚਿੱਟ-ਕੱਪੜੀਏ ਫ਼ੌਜੀ ਜਵਾਨਾਂ ਨੂੰ ਲੈ ਕੇ ਇਕ ਨਿਜੀ ਵਾਹਨ ਅਮਰਨਾਥ ਯਾਤਰਾ ਦੇ ਬਾਲਟਾਲ ਬੇਸ ਕੈਂਪ ਤੋਂ ਪਰਤ ਰਿਹਾ ਸੀ। ਇਸ ਨੂੰ ਸੋਨਾਮਰਗ ਨਾਕੇ ਉਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਵਾਹਨ ਨਾ ਰੁਕਿਆ ਤੇ ਗੰਦਰਬਲ ਵੱਲ ਚਲਾ ਗਿਆ। ਇਸ ’ਤੇ ਗੁੰਡ ਸਥਿਤ ਪੁਲੀਸ ਨਾਕੇ ਉਤੇ ਵਾਹਨ ਨੂੰ ਰੋਕ ਲਿਆ ਗਿਆ ਤੇ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਗਈ ਕਿਉਂਕਿ ਯਾਤਰਾ ਵਾਹਨਾਂ ਦੇ ਅੱਗੇ ਜਾਣ ਦਾ ਕੱਟ-ਆਫ਼ ਸਮਾਂ ਪਹਿਲਾਂ ਹੀ ਲੰਘ ਚੁੱਕਾ ਸੀ। ਪੁਲੀਸ ਜਵਾਨਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕੱਟ-ਆਫ਼ ਸਮੇਂ ਤੋਂ ਬਾਅਦ ਯਾਤਰਾ ਵਾਹਨਾਂ ਨੂੰ ਅੱਗੇ ਨਾ ਜਾਣ ਦੇਣ ਦੀਆਂ ਸਖ਼ਤ ਹਦਾਇਤਾਂ ਹਨ ਤੇ ਉਹ ਇਨ੍ਹਾਂ ਦਾ ਉਲੰਘਣ ਕਰ ਕੇ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਨਹੀਂ ਪਾ ਸਕਦੇ।
ਇਸ ਦੇ ਬਾਵਜੂਦ ਫ਼ੌਜੀ ਅੱਗੇ ਜਾਣ ’ਤੇ ਅੜੇ ਰਹੇ ਤੇ ਉਨ੍ਹਾਂ 24 ਆਰਆਰ ਦੇ ਆਪਣੇ ਹੋਰ ਸਾਥੀ ਜਵਾਨਾਂ ਨੂੰ ਸੱਦ ਲਿਆ, ਜਿਨ੍ਹਾਂ ਆਣ ਕੇ ਪੁਲੀਸ ਜਵਾਨਾਂ ਦੀ ਭਾਰੀ ਕੁੱਟਮਾਰ ਕੀਤੀ। ਚਸ਼ਮਦੀਦਾਂ ਮੁਤਾਬਕ ਮੁਕਾਮੀ ਲੋਕਾਂ ਨੇ ਦਖ਼ਲ ਦੇ ਕੇ ਪੁਲੀਸ ਜਵਾਨਾਂ ਦਾ ਬਚਾਅ ਕੀਤਾ। ਜਾਣਕਾਰੀ ਮੁਤਾਬਕ ਬਾਅਦ ਵਿੱਚ ਫ਼ੌਜੀ ਜਵਾਨਾਂ ਨੇ ਗੁੰਡ ਪੁਲੀਸ ਥਾਣੇ ਵਿੱਚ ਵੀ ਦਾਖ਼ਲ ਹੋ ਕੇ ਉਥੇ ਕਥਿਤ ਭੰਨ-ਤੋੜ ਤੇ ਡਿਊਟੀ ਉਤੇ ਤਾਇਨਾਤ ਜਵਾਨਾਂ ਦੀ ਕੁੱਟਮਾਰ ਕੀਤੀ। ਉਨ੍ਹਾਂ ਕੰਪਿਊਟਰ ਤੇ ਹੋਰ ਸਾਜ਼ੋ-ਸਾਮਾਨ ਭੰਨ ਦਿੱਤਾ ਅਤੇ ਰੋਜ਼ਨਾਮਚਾ ਪਾੜ ਦਿੱਤਾ। ਪੁਲੀਸ ਨੇ ਇਸ ਸਬੰਧੀ ਟਵਿੱਟਰ ’ਤੇ ਲਿਖਿਆ ਹੈ, ‘‘ਡੀਜੀਪੀ ਐਸ.ਪੀ. ਵੈਦ ਨੇ ਗੁੰਡ ਗੰਦਰਬਲ ਘਟਨਾ ਦਾ ਮਾਮਲਾ ਕੋਰ ਕਮਾਂਡਰ ਕੋਲ ਉਠਾਇਆ ਹੈ, ਜਿਨ੍ਹਾਂ ਮਾਮਲੇ ’ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।’’
ਉਮਰ ਵੱਲੋਂ ਫ਼ੌਜੀ ਜਵਾਨਾਂ ਖ਼ਿਲਾਫ਼ ਕਾਰਵਾਈ ’ਤੇ ਜ਼ੋਰ
ਸ੍ਰੀਨਗਰ - ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੰਗ ਕੀਤੀ ਹੈ ਕਿ ਗੰਦਰਬਲ ਜ਼ਿਲ੍ਹੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਸੱਤ ਪੁਲੀਸ ਜਵਾਨਾਂ ਦੀ ਕੁੱਟਮਾਰ ਕਰਨ ਵਾਲੇ ਫ਼ੌਜੀ ਜਵਾਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਫ਼ੌਜੀ ਜਵਾਨਾਂ ਵੱਲੋਂ ਪੁਲੀਸ ਥਾਣੇ ’ਤੇ ਧਾਵਾ ਬੋਲਣ ਦੀ ਘਟਨਾ ਨੂੰ ਗੰਭੀਰ ਕਰਾਰ ਦਿੰਦਿਆਂ ਆਪਣੀ ਟਵੀਟ ਵਿੱਚ ਕਿਹਾ, ‘‘ਕਿਉਂ ਫ਼ੌਜੀ ਜਵਾਨਾਂ ਵੱਲੋਂ ਇਕ ਪੁਲੀਸ ਥਾਣੇ ਵਿੱਚ ਦਾਖ਼ਲ ਹੋ ਕੇ ਜੰਮੂ-ਕਸ਼ਮੀਰ ਪੁਲੀਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਜਾਵੇ? ਇਸ ’ਤੇ ਅਧਿਕਾਰੀਆਂ ਨੂੰ ਫ਼ੌਰੀ ਸਪਸ਼ਟੀਕਰਨ ਦੇਣਾ ਤੇ ਕਾਰਵਾਈ ਕਰਨੀ ਚਾਹੀਦੀ ਹੈ।’’
ਪਾਕਿ ਫਾੲਿਰਿੰਗ ’ਚ ਜਵਾਨ ਜ਼ਖ਼ਮੀ
ਜੰਮੂ - ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਬੀਤੀ ਰਾਤ ਪਾਕਿਤਸਾਨੀ ਫ਼ੌਜ ਵੱਲੋਂ ਐਲਓਸੀ ਪਾਰੋਂ ਕੀਤੀ ਗਈ ਗੋਲੀਬਾਰੀ ਵਿੱਚ ਇਕ ਭਾਰਤੀ ਫ਼ੌਜੀ ਜਵਾਨ ਜ਼ਖ਼ਮੀ ਹੋ ਗਿਅਾ। ਇਕ ਸੀਨੀਅਰ ਫ਼ੌਜੀ ਅਧਿਕਾਰੀ ਨੇ ਕਿਹਾ, ‘‘ਪਾਕਿਸਤਾਨੀ ਫ਼ੌਜ ਨੇ ਬੀਤੀ ਰਾਤ ਕਰੀਬ 10.35 ਵਜੇ ਨੌਸ਼ਹਿਰਾ ਸੈਕਟਰ ਵਿਚਲੀਆਂ ਭਾਰਤੀ ਸਰਹੱਦੀ ਚੌਕੀਆਂ ਉਤੇ ਛੋਟੇ ਹਥਿਆਰਾਂ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਥੋਡ਼੍ਹੀ ਦੇਰ ਤੱਕ ਦੋਵਾਂ ਫ਼ੌਜਾਂ ਦਰਮਿਆਨ ਦੁਵੱਲੀ ਫਾਇਰਿੰਗ ਹੋਈ।’’ ਇਸ ਕਾਰਨ ਗੋਲੀ ਲੱਗਣ ਨਾਲ ਇਕ ਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ ਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ  ਜਾਂਦੀ ਹੈ।

 

 

fbbg-image

Latest News
Magazine Archive