ਤਖ਼ਤ ਦਮਦਮਾ ਸਾਹਿਬ ਦੀ ਸਰਾਂ ਵਿੱਚੋਂ ਕੁੜੀ ਕਾਬੂ


ਤਲਵੰਡੀ ਸਾਬੋ - ਇਥੇ ਤਖ਼ਤ ਦਮਦਮਾ ਸਾਹਿਬ ਦੀ ਏਸੀ ਸਰਾਂ ਦੇ ਇੱਕ ਕਮਰੇ ‘ਚੋਂ ਕੱਲ੍ਹ ਰਾਤ 18 ਸਾਲਾ ਕੁੜੀ ਨੂੰ ਕਾਬੂ ਕੀਤਾ ਗਿਆ, ਜਿਸ ਨੂੰ ਬਠਿੰਡਾ ਦੇ ਇਕ ਦਲਾਲ ਰਾਹੀਂ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜ਼ਮ ਤੇ ਕਾਰਸੇਵਾ ਭੂਰੀ ਵਾਲਿਆਂ ਦੇ ਇੰਚਾਰਜ ਵੱਲੋਂ ਲਿਆਂਦਾ ਗਿਆ ਸੀ। ਪੁਲੀਸ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਕੁਲਦੀਪ ਸਿੰਘ, ਪਾਲ ਸਿੰਘ, ਧਰਮਿੰਦਰ ਸਿੰਘ, ਕਾਰਸੇਵਾ ਭੂਰੀ ਵਾਲਿਆਂ ਦੇ ਇੰਚਾਰਜ ਪਰਗਟ ਸਿੰਘ, ਦਲਾਲ ਧਰਮਾਤਮਾ ਉਰਫ ਧਰਮਾ ਹੈਪੀ ਵਾਸੀ ਬਠਿੰਡਾ ਅਤੇ ਲੜਕੀ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਆਈਪੀਸੀ ਦੀ ਧਾਰਾ 295 ਏ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਨਾਲ ਜੁੜੇ ਤਿੰਨੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਮੁਅੱਤਲ ਕਰ ਦਿੱਤੇ ਹਨ।
ਹਵਸ ਦਾ ਸ਼ਿਕਾਰ ਬਣਾਉਣ ਲਈ ਛੇ ਹਜ਼ਾਰ ਰੁਪਏ ਵਿੱਚ ਲਿਆਂਦੀ ਇਸ ਕੁੜੀ ਨੂੰ ਇਥੇ ਕਾਰਸੇਵਾ ਭੂਰੀ ਵਾਲਿਆਂ ਵੱਲੋਂ ਤਿਆਰ ਕੀਤੀ ਏਸੀ ਸਰਾਂ ‘ਸ੍ਰੀ ਗੁਰੂ ਤੇਗ ਬਹਾਦਰ ਜੀ ਨਿਵਾਸ’ ਦੇ ਕਮਰਾ ਨੰਬਰ 312 ਵਿੱਚ ਠਹਿਰਾਇਆ ਗਿਆ ਸੀ। ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਰਾਤ ਦਸ ਕੁ ਵਜੇ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ  ਕਿ ਇਸ ਸਰਾਂ ’ਚ ਕੁੜੀ ਲਿਆਂਦੀ ਗਈ ਹੈ। ਉਨ੍ਹਾਂ ਮੈਨੇਜਰ ਨੂੰ ਲੈ ਕੇ ਜਦ ਸਰਾਂ ’ਚ ਜਾ ਕੇ ਪੜਤਾਲ ਕੀਤੀ ਤਾਂ ਕਮਰਾ ਨੰਬਰ 312, ਜਿਸ ਦੀ ਬੁਕਿੰਗ ਬਾਰੇ ਕੋਈ ਐਂਟਰੀ ਨਹੀਂ ਸੀ ਤੇ ਨਾ ਹੀ ਕਮਰਾ ਲੈਣ ਵਾਲੇ ਦਾ ਕੋਈ ਪਰੂਫ ਸੀ, ਵਿੱਚੋਂ ਇੱਕ ਜਵਾਨ ਕੁੜੀ ਮਿਲੀ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਬੁਲਾਈ ਪੁਲੀਸ ਵੱਲੋਂ ਪੁੱਛ ਪੜਤਾਲ ਕਰਨ ’ਤੇ ਸਾਰੀ ਕਹਾਣੀ ਸਾਹਮਣੇ ਆਈ।
ਡੀਐਸਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਕੁੜੀ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਸ ਨੂੰ ਬਠਿੰਡਾ ਦੇ ਪ੍ਰਾਪਰਟੀ  ਡੀਲਰ ਧਰਮਾਤਮਾ ਨੇ ਇਨ੍ਹਾਂ ਵਿਅਕਤੀਆਂ ਕੋਲ ਛੇ ਹਜ਼ਾਰ ਰੁਪਏ ’ਚ ਇਕ ਰਾਤ ਲਈ ਭੇਜਿਆ ਸੀ। ਇਨ੍ਹਾਂ ਖ਼ਿਲਾਫ਼  ਤਖ਼ਤ ਸਾਹਿਬ ਦੇ ਮੈਨੇਜਰ ਜਗਜੀਤ ਸਿੰਘ ਦੇ ਬਿਆਨਾਂ ‘ਤੇ ਧਾਰਾ 295 ਏ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

fbbg-image

Latest News
Magazine Archive