ਪਾਦਰੀ ਕਤਲ ਕਾਂਡ: ਪੁਲੀਸ ਵੱਲੋਂ 10 ਪਿੰਡਾਂ ਵਿੱਚ ਤਲਾਸ਼ੀ ਮੁਹਿੰਮ

ਲੁਧਿਆਣਾ - ਇਥੋਂ ਦੇ ਪੀਰੂ ਬੰਦਾ ਮੁਹੱਲੇ ਦੀ ਚਰਚ ‘ਟੈਂਪਲ ਆਫ਼ ਗੌਡ’ ਦੇ ਪਾਦਰੀ ਸੁਲਤਾਨ ਮਸੀਹ ਦੇ ਕਤਲ ਕਾਂਡ ਦੇ ਮੁਲਜ਼ਮਾਂ ਦੇ ਰਾਹੋਂ ਰੋਡ ਸਥਿਤ ਪਿੰਡਾਂਂ ਵਿੱਚ ਲੁਕੇ ਹੋਣ ਦੀ ਜਾਣਕਾਰੀ ਮਿਲਣ ’ਤੇ ਅੱਜ ਲੁਧਿਆਣਾ ਪੁਲੀਸ ਨੇ 300 ਤੋਂ ਵੱਧ ਮੁਲਾਜ਼ਮਾਂ ਨੂੰ ਨਾਲ ਲੈ ਕੇ 10 ਪਿੰਡਾਂਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਦੋ ਏਡੀਸੀਪੀ, ਚਾਰ ਏਸੀਪੀ ਤੇ ਦਰਜਨ ਤੋਂ ਵੱਧ ਥਾਣਿਆਂ ਦੀ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਇਹ ਮੁਹਿੰਮ ਚਲਾਏ ਜਾਣ ਕਾਰਨ ਪਿੰਡਾਂਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਦੌਰਾਨ ਪੁਲੀਸ ਨੂੰ ਪਾਦਰੀ ਕਤਲ ਕਾਂਡ ਵਿੱਚ ਸਿੱਧੇ ਤੌਰ ’ਤੇ ਕੋਈ ਸਫਲਤਾ ਨਾ ਮਿਲੀ।
ਜਾਣਕਾਰੀ ਮੁਤਾਬਕ ਲੁਧਿਆਣਾ ਪੁਲੀਸ ਦੇ ਸਾਈਬਰ ਵਿੰਗ ਨੇ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਸੀ ਕਿ ਮੁਲਜ਼ਮਾਂ ਦੇ ਸ਼ੱਕੀ ਮੋਬਾਈਲ ਫੋਨ ਰਾਹੋਂ ਰੋਡ ਸਥਿਤ ਪਿੰਡ ਜਗੀਰਪੁਰ ਲਾਗੇ ਚੱਲ ਰਹੇ ਹਨ। ਇਸ ’ਤੇ ਪੁਲੀਸ ਨੇ ਇੱਕੋ ਵਕਤ ਛਾਪਾਮਾਰੀ ਕਰਨ ਦੀ ਯੋਜਨਾ ਬਣਾਈ, ਜਿਸ ਤਹਿਤ ਵਿਸ਼ੇਸ਼ ਜਾਂਚ ਟੀਮ ਨੇ ਥਾਣਾ ਮੇਹਰਬਾਨ ਅਧੀਨ ਆਉਂਦੇ ਰਾਹੋਂ ਰੋਡ, ਪਿੰਡ ਜਗੀਰਪੁਰ, ਮਾਡਲ ਕਲੋਨੀ ਤੇ ਆਸ-ਪਾਸ ਦੇ ਇਲਾਕਿਆਂ ’ਚ ਬਣੀਆਂ ਕਲੋਨੀਆਂ ’ਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਕਿਸੇ ਬਾਹਰੀ ਵਿਅਕਤੀ ਨੂੰ ਨਾ ਅੰਦਰ ਆਉਣ ਤੇ ਨਾ ਬਾਹਰ ਜਾਣ ਦਿੱਤਾ ਗਿਆ। ਮੁਹਿੰਮ ਮੌਕੇ ਬਾਜ਼ਾਰ ਵੀ ਬੰਦ ਦਿਖੇ ਤੇ ਪੁਲੀਸ ਦੀ ਵੱਡੀ ਗਿਣਤੀ ’ਚ ਮੌਜੂਦਗੀ ਕਾਰਨ ਲੋਕ ਸਹਿਮੇ ਰਹੇ।
ਇਸ ਮੌਕੇ ਪੁਲੀਸ ਨੇ ਕੁਝ ਮਸ਼ਕੂਕਾਂ ਤੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਕੋਲੋਂ ਮੁਲਜ਼ਮਾਂ ਦੀ ਮੋਬਾਈਲ ਲੋਕੇਸ਼ਨ ਬਾਰੇ ਪੁੱਛ-ਗਿੱਛ ਕੀਤੀ। ਪੁਲੀਸ ਨੂੰ ਮੁਲਜ਼ਮਾਂ ਦੀ ਫੁਟੇਜ ਇੱਕ ਸੀਸੀਟੀਵੀ ਕੈਮਰੇ ਰਾਹੀਂ ਬਹਾਦੁਰ ਕੇ ਰੋਡ ਵਾਲੀ ਸਾਈਡ ਤੋਂ ਮਿਲੀ। ਇਸੇ ਤੋਂ ਲਿੰਕ ਜੋੜਦਿਆਂ ਪੁਲੀਸ ਅੱਜ ਰਾਹੋਂ ਰੋਡ ਦੇ ਇਨ੍ਹਾਂ ਪਿੰਡਾਂਂ ਵਿੱਚ ਪਹੁੰਚੀ। ਪੁਲੀਸ ਨੇ ਕੁਝ ਗੈਂਗਸਟਰਾਂ ਤਸਵੀਰਾਂ ਨੂੰ ਦਿਖਾ ਕੇ ਵੀ ਲੋਕਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।
ਗ਼ੌਰਤਲਬ ਹੈ ਕਿ ਬੀਤੀ 15 ਜੁਲਾਈ ਨੂੰ ਮੋਟਰਸਾਈਕਲ ਸਵਾਰਾਂ ਨੇ ਗਿਰਜਾ ਘਰ ਦੇ ਬਾਹਰ ਫੋਨ ਸੁਣ ਰਹੇ ਪਾਦਰੀ ਸੁਲਤਾਨ ਮਸੀਹ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਇਸ ਸਬੰਧੀ ਪੁਲੀਸ ਕਮਿਸ਼ਨਰ ਆਰ.ਐਨ. ਢੋਕੇ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ ਪਿੰਡਾਂਂ ਵਿੱਚ ਮੁਲਜ਼ਮ ਲੁਕੇ ਹੋਏ ਹਨ। ਪੁਲੀਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਲੋਕਾਂ ਦਾ ਦੋਸ਼ ਹੈ ਕਿ ਮੁਹਿੰਮ ਦੌਰਾਨ ਪੁਲੀਸ ਵਾਲਿਆਂ ਨੇ ਵੱਡੇ ਬੰਗਲੇ ਤੇ ਕੋਠੀਆਂ ਦੀ ਚੈਕਿੰਗ ਨਹੀਂ ਕੀਤੀ ਤੇ ਆਮ ਲੋਕਾਂ ਤੋਂ ਹੀ ਕਥਿਤ ਪੁੱਛ-ਪੜਤਾਲ ਕੀਤੀ। ਖੁਵਾਜਕੇ ਪਿੰਡ ਦੇ ਲਾਗੇ ਤਾਂ ਇੱਕ ਇੰਸਪੈਕਟਰ ਪੱਧਰ ਦਾ ਅਧਿਕਾਰੀ ਰੂਟੀਨ ਚੈਕਿੰਗ ਵਾਂਗ ਆਪਣੇ ਮੁਲਜ਼ਮਾਂ ਨੂੰ ਤਲਾਸ਼ੀ ’ਤੇ ਭੇਜ ਕੇ ਖ਼ੁਦ ਕਾਰ ਦਾ ਏਸੀ ਚਲਾ ਕੇ ਠੰਢਾ ਪੀਂਦਾ ਨਜ਼ਰ ਆਇਆ।

 

 

fbbg-image

Latest News
Magazine Archive