ਖਹਿਰਾ ਬਣੇ ਵਿਰੋਧੀ ਧਿਰ ਦੇ ‘ਜਰਨੈਲ’


ਚੰਡੀਗੜ੍ਹ - ਆਮ ਆਦਮੀ ਪਾਰਟੀ ਦੇ ਹਲਕਾ ਭਲੁੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਸਰਬ ਸੰਮਤੀ ਨਾਲ ਪੰਜਾਬ  ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਚੁਣਿਆ ਗਿਆ ਹੈ। ਉਨ੍ਹਾਂ ਦੇ ਨਾਂ ਦਾ ਐਲਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤਾ। ਉਨ੍ਹਾਂ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਵਿਧਾਇਕਾਂ ਨਾਲ ਗੱਲਬਾਤ ਕਰ ਕੇ ਇਸ ਸਬੰਧੀ ਵਿਚਾਰ ਲਏ ਸਨ। ਇਹ ਅਹੁਦਾ ਵਿਧਾਇਕ ਐਚ.ਐਸ. ਫੂਲਕਾ ਦੇ ਅਸਤੀਫ਼ਾ ਦੇਣ ਤੋਂ ਬਾਅਦ ਖਾਲੀ ਹੋਇਆ ਸੀ।
ਸ੍ਰੀ ਕੇਜਰੀਵਾਲ ਨੇ ਸੁਖਪਾਲ ਖਹਿਰਾ ਦੇ ਨਾਂ ਦਾ ਐਲਾਨ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੀਤਾ। ਮੀਟਿੰਗ ਵਿੱਚ ਸੰਸਦ ਮੈਂਬਰ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਹਾਜ਼ਰ ਸਨ।  ਜ਼ਿਕਰਯੋਗ ਹੈ ਸ੍ਰੀ ਖਹਿਰਾ ਪਹਿਲਾਂ ਚੀਫ਼ ਵ੍ਹਿਪ ਸਨ ਪਰ ਭਗਵੰਤ ਮਾਨ ਨੂੰ ਪਾਰਟੀ ਦਾ ਸੂਬਾਈ ਪ੍ਰਧਾਨ ਬਣਾਏ ਜਾਣ ਦੇ ਰੋਸ ਵਜੋਂ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲ ਦੀ ਘੜੀ ਚੀਫ਼ ਵ੍ਹੀਪ ਦਾ ਅਹੁਦਾ ਕਿਸੇ ਨੂੰ ਨਹੀਂ ਦਿੱਤਾ ਗਿਆ। ਸ੍ਰੀ ਫੂਲਕਾ ਨੇ ਅਸਤੀਫ਼ਾ ਦੇਣ ਵੇਲੇ ਅਗਲੇ ਆਗੂ ਲਈ ਭਾਵੇਂ ਕੰਵਰ ਸੰਧੂ, ਅਮਨ ਅਰੋੜਾ ਅਤੇ ਸੁਖਪਾਲ ਖਹਿਰਾ ਦੇ ਨਾਂ ਦੀ ਸਿਫ਼ਾਰਸ਼ ਕਰ ਦਿੱਤੀ ਸੀ ਪਰ ਭਗਵੰਤ ਮਾਨ ਦੀ ‘ਨਾਰਾਜ਼ਗੀ’ ਕਾਰਨ ਬਹੁਤਿਆਂ ਨੂੰ ਸ੍ਰੀ ਖਹਿਰਾ ਦੇ ਨਾਂ ’ਤੇ ਮੋਹਰ ਲੱਗਣ ਦੀ ਆਸ ਨਹੀਂ ਸੀ। ਇਸ ਅਹੁਦੇ ਦੀ ਦੌੜ ਵਿੱਚ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਪ੍ਰੋ. ਬਲਜਿੰਦਰ ਕੌਰ ਵੀ ਸਨ। ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਕੈਬਨਿਟ ਮੰਤਰੀ ਦੇ ਬਰਾਬਰ ਦਾ ਹੁੰਦਾ ਹੈ।
ਵਿਰੋਧੀ ਧਿਰ ਦੇ ਆਗੂ ਦੀ ਚੋਣ ਲਈ ‘ਆਪ’ ਵਿਧਾਇਕ ਦਲ ਦੀ ਪਹਿਲਾਂ ਵੀ ਦੋ ਵਾਰ ਮੀਟਿੰਗ ਰੱਖੀ ਗਈ ਸੀ ਪਰ ਦੋਵੇਂ ਵਾਰ ਮੁਲਤਵੀ ਕਰਨੀ ਪਈ ਸੀ। ਦਿੱਲੀ ਵਿੱਚ ਹੋਈ ਤੀਜੀ ਮੀਟਿੰਗ ’ਚ ਸੁਖਪਾਲ ਖਹਿਰਾ ਦੇ ਨਾਂ ’ਤੇ ਮੋਹਰ ਲੱਗੀ। ਸੁਖਪਾਲ ਖਹਿਰਾ ਵਿਧਾਨ ਸਭਾ ਚੋਣਾਂ ਤੋਂ ਕਾਫ਼ੀ ਸਮਾਂ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਦੇ ਪਿਤਾ ਸੁਖਜਿੰਦਰ ਸਿੰਘ  ਕਈ ਦਹਾਕੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਸਿੱਖਿਆ ਮੰਤਰੀ ਰਹੇ ਸਨ। ਸ੍ਰੀ ਖਹਿਰਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਉਮੀਦਵਾਰ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਪ੍ਰਧਾਨ ਜਗੀਰ ਕੌਰ ਦੇ  ਜਵਾਈ ਯੁਵਰਾਜ ਭੁਪਿੰਦਰ ਸਿੰਘ ਨੂੰ ਹਰਾਇਆ ਸੀ।
ਰਲ਼-ਮਿਲ ਕੇ ਕੰਮ ਕਰਨਗੇ ਸਾਰੇ ਵਿਧਾਇਕ: ਭਗਵੰਤ ਮਾਨ
‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ 20 ਵਿਧਾਇਕਾਂ ਅਤੇ ਦੋ ਸੰਸਦ ਮੈਂਬਰਾਂ ਦੀ ਸਹਿਮਤੀ ਨਾਲ ਵਿਰੋਧੀ ਧਿਰ ਦਾ ਆਗੂ ਚੁਣਿਆ ਗਿਆ ਹੈ ਤੇ ਸਾਰੇ ਵਿਧਾਇਕਾਂ ਨੇ ਮੁੜ ਰਲ਼-ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਹੈ। ਪਾਰਟੀ ਲੋਕ ਸਭਾ ਹਲਕਾ  ਗੁਰਦਾਸਪੁਰ  ਅਤੇ ਨਗਰ ਨਿਗਮ ਦੀਆਂ ਚੋਣਾਂ ਸਮੇਤ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਵਾਸਤੇ ਦਿਨ ਰਾਤ ਇੱਕ ਕਰ ਦੇਵੇਗੀ।

 

 

fbbg-image

Latest News
Magazine Archive