ਮਾਇਆਵਤੀ ਵੱਲੋਂ ਰਾਜ ਸਭਾ ਮੈਂਬਰੀ ਤੋਂ ਅਸਤੀਫ਼ਾ


ਨਵੀਂ ਦਿੱਲੀ - ਰਾਜ ਸਭਾ ਦੇ ਉਪ ਚੇਅਰਮੈਨ ਵੱਲੋਂ ਯੂਪੀ ਦੇ ਸਹਾਰਨਪੁਰ ’ਚ ਦਲਿਤ-ਵਿਰੋਧੀ ਹਿੰਸਾ ਬਾਰੇ ਤਕਰੀਰ ਨੂੰ ਸਮੇਟਣ ਬਾਰੇ ਕਹਿਣ ਤੋਂ ਕੁੱਝ ਘੰਟਿਆਂ ਬਾਅਦ ਅੱਜ ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਰਾਜ ਸਭਾ ਦੇ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ। ਅੱਜ ਸ਼ਾਮ ਨੂੰ ਮਾਇਆਵਤੀ ਨੇ ਰਾਜ ਸਭਾ ਦੇ ਚੇਅਰਮੈਨ ਹਾਮਿਦ ਅੰਸਾਰੀ ਨੂੰ ਮਿਲ ਕੇ ਆਪਣਾ ਅਸਤੀਫ਼ਾ ਸੌਂਪ ਦਿੱਤਾ। ਉਨ੍ਹਾਂ ਨੇ ਅਸਤੀਫ਼ਾ ਦੇਣ ਬਾਅਦ ਕਿਹਾ, ‘ਮੈਂ ਆਪਣਾ ਅਸਤੀਫ਼ਾ ਪੱਤਰ ਸੌਂਪਣ ਲਈ ਚੇਅਰਮੈਨ ਨੂੰ ਮਿਲੀ ਸੀ। ਇਹ ਠੀਕ ਨਹੀਂ ਹੈ ਕਿ ਮੈਂ ਉਨ੍ਹਾਂ ਮੁੱਦਿਆਂ ’ਤੇ ਸਦਨ ਵਿੱਚ ਬੋਲ ਨਹੀਂ ਸਕਦੀ, ਜੋ ਮੇਰੇ ਕਰੀਬ ਹਨ। ਜਦੋਂ ਮੈਂ ਬੋਲਣ ਲਈ ਖੜ੍ਹੀ ਹੋਈ ਤਾਂ ਸਰਕਾਰ ਨੇ ਮੈਨੂੰ ਇਸ ਨੂੰ ਮੁਕੰਮਲ ਕਰਨ ਦੀ ਆਗਿਆ ਨਹੀਂ ਦਿੱਤੀ। ਉਨ੍ਹਾਂ ਦੇ ਮੈਂਬਰ ਖੜ੍ਹੇ ਹੋ ਗਏ ਤੇ ਦਖ਼ਲ ਦਿੱਤਾ। ਇਹ ਠੀਕ ਨਹੀਂ ਹੈ।’
ਰਾਜ ਸਭਾ ਸਕੱਤਰੇਤ ਵਿਚਲੇ ਸੂਤਰਾਂ ਮੁਤਾਬਕ ਮਾਇਆਵਤੀ ਦੇ ਅਸਤੀਫ਼ੇ ਨੂੰ ਸਵੀਕਾਰ ਕਰਨ ਦਾ ਫ਼ੈਸਲਾ ਚੇਅਰਮੈਨ ਦੇ ਹੱਥ ਹੈ। ਫਾਰਮੈਟ ਮੁਤਾਬਕ ਅਸਤੀਫ਼ਾ ਪੱਤਰ ਸੰਖੇਪ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਕਾਰਨ ਨਹੀਂ ਦੱਸੇ ਜਾਣੇ ਚਾਹੀਦੇ। ਇਸ ਤੋਂ ਪਹਿਲਾਂ ਰਾਜ ਸਭਾ ਵਿੱਚ ਗੱਲ ਕਹਿਣ ਲਈ ਮਿਲੇ ਤਿੰਨ ਮਿੰਟਾਂ ਤੋਂ ਵੱਧ ਸਮਾਂ ਹੋਣ ’ਤੇ ਉਪ ਸਭਾਪਤੀ ਪੀ ਜੇ ਕੁਰੀਅਨ ਵੱਲੋਂ ਤਕਰੀਰ ਸਮੇਟਣ ਲਈ ਕਹਿਣ ਉਤੇ ਗੁੱਸੇ ਵਿੱਚ ਆਈ ਮਾਇਆਵਤੀ ਨੇ ਕਿਹਾ, ‘ਮੈਂ ਰਾਜ ਸਭਾ ਤੋਂ ਅਸਤੀਫ਼ਾ ਦੇ ਦੇਵਾਂਗੀ।’
ਮਾਇਆਵਤੀ ਨੇ ਸ੍ਰੀ ਕੁਰੀਅਨ ਨਾਲ ਬਹਿਸਦਿਆਂ ਕਿਹਾ ਕਿ ਉਸ ਨੂੰ ਆਪਣੇ ‘ਸਮਾਜ’ ਤੇ ਦਲਿਤਾਂ ਦੇ ਮੁੱਦੇ ਉਠਾਉਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਮੈਂ ਹਾਲੇ ਗੱਲ ਪੂਰੀ ਨਹੀਂ ਕੀਤੀ। ਦਲਿਤਾਂ ਉਤੇ ਹੋ ਰਹੇ ਅਤਿਆਚਾਰ ਬਾਰੇ ਜੇਕਰ ਮੈਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਤਾਂ ਮੈਨੂੰ ਸਦਨ ਵਿੱਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।’

 
Latest News
Magazine Archive