ਵਿਰੋਧੀ ਧਿਰ ਵੱਲੋਂ ਸੰਸਦ ਦੇ ਦੋਵਾਂ ਸਦਨਾਂ ’ਚ ਜ਼ੋਰਦਾਰ ਹੰਗਾਮਾ


ਸਦਨਾਂ ਦੀ ਕਾਰਵਾਈ ਵਾਰ-ਵਾਰ ਉਠਾਉਣੀ ਪਈ;
ਘੱਟ ਗਿਣਤੀਆਂ ਤੇ ਦਲਿਤਾਂ ’ਤੇ ਹਮਲਿਆਂ ਸਣੇ ਕਿਸਾਨੀ ਸੰਕਟ ’ਤੇ ਬਹਿਸ ਲਈ ਜ਼ੋਰ
ਨਵੀਂ ਦਿੱਲੀ - ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਅੱਜ ਵਿਰੋਧੀ ਧਿਰ ਨੇ ਵੱਖੋ-ਵੱਖ ਮੁੱਦੇ ਉਠਾਉਂਦਿਆਂ ਦੋਵਾਂ ਸਦਨਾਂ ਵਿੱਚ ਜ਼ੋਰਦਾਰ ਹੰਗਾਮਾ ਕੀਤਾ, ਜਿਸ ਕਾਰਨ ਸਦਨਾਂ ਦੀ ਕਾਰਵਾਈ ਵਾਰ-ਵਾਰ ਉਠਾਉਣੀ ਪਈ। ਵਿਰੋਧੀ ਧਿਰ ਵੱਲੋਂ ਵੱਡੇ ਪੱਧਰ ’ਤੇ ਮੁੱਦੇ ਉਠਾਏ ਜਾਣ ਕਾਰਨ ਇਕ ਵਾਰ ਤਾਂ ਸਰਕਾਰ ਕਾਫੀ ਕਸੂਤੀ ਫਸੀ ਨਜ਼ਰ ਆਈ। ਰਾਜ ਸਭਾ ਵਿੱਚ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਉਪ ਸਭਾਪਤੀ ’ਤੇ ਉਨ੍ਹਾਂ ਨੂੰ ਦਲਿਤਾਂ ਦੇ ਮੁੱਦੇ ‘ਨਾ ਉਠਾਉਣ ਦੇਣ’ ਤੋਂ ਖ਼ਫ਼ਾ ਹੋ ਕੇ ਸਦਨ ਤੋਂ ਅਸਤੀਫ਼ਾ ਦੇਣ ਤੱਕ ਦਾ ਐਲਾਨ ਕਰ ਦਿੱਤਾ।
ਪੂਰੀ ਤਰ੍ਹਾਂ ਹਮਲਾਵਰ ਰਉਂ ਵਿੱਚ ਆਈ ਵਿਰੋਧੀ ਧਿਰ ਨੇ ਲੋਕ ਸਭਾ ਵਿੱਚ ਪਹਿਲਾਂ ਸਵਾਲਾਂ ਦੇ ਸਮੇਂ ਤੇ ਫਿਰ ਸਿਫ਼ਰ ਕਾਰ ਦੌਰਾਨ ਕਈ ਮੁੱਦਿਆਂ ਉਤੇ ਬਹਿਸ ਲਈ ਜ਼ੋਰ ਦਿੱਤਾ ਅਤੇ ਇਸ ਦੇ ਮੈਂਬਰ ਸਪੀਕਰ ਦੇ ਆਸਣ ਅੱਗੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਇਸ ਕਾਰਨ ਸਪੀਕਰ ਸੁਮਿੱਤਰਾ ਮਹਾਜਨ ਨੂੰ ਸਦਨ ਦੀ ਕਰਵਾਈ ਇਕ ਘੰਟੇ ਲਈ ਉਠਾਉਣੀ ਪਈ। ਕਾਂਗਰਸ, ਆਰਜੇਡੀ, ਤ੍ਰਿਣਮੂਲ ਕਾਂਗਰਸ, ਖੱਬੀਆਂ ਪਾਰਟੀਆਂ ਤੇ ਹੋਰ ਮੈਬਰਾਂ ਨੇ ਨਾਅਰੇਬਾਜ਼ੀ ਕਰਦਿਆਂ ਤਖ਼ਤੀਆਂ ਵੀ ਦਿਖਾਈਆਂ। ਉਹ ਗਊ ਰੱਖਿਅਕਾਂ ਦੀ ਗੁੰਡਾਗਰਦੀ, ਕਿਸਾਨਾਂ ਦੀ ਮਾੜੀ ਹਾਲਤ ਤੇ ਹੋਰ ਮੁੱਦੇ ਉਠਾ ਰਹੇ ਸਨ ਅਤੇ ‘ਗਊ ਮਾਤਾ ਤੋ ਬਹਾਨਾ ਹੈ, ਕਰਜ਼ ਮਾਫ਼ੀ ਸੇ ਧਿਆਨ ਹਟਾਨਾ ਹੈ’ ਵਰਗੇ ਨਾਅਰੇ ਲਾ ਰਹੇ ਸਨ। ਇਸ ਦੌਰਾਨ ਸਰਕਾਰ ਨੇ ਊਰਜਾ ਬਿਲ ਸਣੇ ਤਿੰਨ ਬਿਲ ਤੇ ਕੁਝ ਰਿਪੋਰਟਾਂ ਵੀ ਸਦਨ ਵਿੱਚ ਪੇਸ਼ ਕੀਤੀਆਂ।
ਰਾਜ ਸਭਾ ਵਿੱਚ ਬੀਬੀ ਮਾਇਆਵਤੀ ਨੇ ਪਿਛਲੇ ਦਿਨੀਂ ਯੂਪੀ ਦੇ ਸਹਾਰਨਪੁਰ ਵਿੱਚ ਦਲਿਤਾਂ ਖ਼ਿਲਾਫ਼ ਹੋਈ ਹਿੰਸਾ ਦਾ ਮੁੱਦਾ ਉਠਾਉਣਾ ਚਾਹਿਆ ਪਰ ਉਪ ਸਭਾਪਤੀ ਪੀ.ਜੇ. ਕੁਰੀਅਨ ਵੱਲੋਂ ਰੋਕੇ ਜਾਣ ਤੋਂ ਰੋਹ ਵਿੱਚ ਆ ਕੇ ਉਨ੍ਹਾਂ ਸਦਨ ਤੋਂ ਅਸਤੀਫ਼ੇ ਦਾ ਐਲਾਨ ਕਰਦਿਆਂ ਵਾਕ ਆਊਟ ਕਰ ਦਿੱਤਾ। ਹੰਗਾਮੇ ਦੌਰਾਨ ਸਦਨ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ, ਫਿਰ 2 ਤੇ ਫਿਰ 3 ਵਜੇ ਤੱਕ ਉਠਾਉਣੀ ਪਈ। ਕਾਂਗਰਸ ਦੇ ਮੈਂਬਰਾਂ ਨੇ ਵੀ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਦੀ ਅਗਵਾਈ ਹੇਠ ਵਾਕ ਆਊਟ ਕੀਤਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਦੋਸ਼ ਲਾਇਆ ਕਿ ਬੀਬੀ ਮਾਇਆਵਤੀ ਵੱਲੋਂ ਉਪਸਭਾਪਤੀ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਤੇ ਉਹ ਇਸ ਲਈ ‘ਮੁਆਫ਼ੀ’ ਮੰਗਣ।
ਸ੍ਰੀ ਆਜ਼ਾਦ ਨੇ ਦੋਸ਼ ਲਾਇਆ ਕਿ ਸੈਸ਼ਨ ਤੋਂ ਪਹਿਲਾਂ ਹੋਈ ਆਲ ਪਾਰਟੀ ਮੀਟਿੰਗ ਦੌਰਾਨ ਸਰਕਾਰ ਨੇ ਵਿਰੋਧੀ ਧਿਰ ਵੱਲੋਂ ਉਠਾਏ ਜਾਣ ਵਾਲੇ ਸਾਰੇ ਮੁੱਦਿਆਂ ਉਤੇ ਬਹਿਸ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ, ‘‘ਸਾਡੇ ਨਾਲ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿੱਚ ਵਾਅਦਾ ਕੀਤਾ ਗਿਆ ਸੀ। ਹੁਣ ਤੁਸੀਂ ਵਾਅਦਾਖ਼ਿਲਾਫ਼ੀ ਕਰ ਰਹੇ ਹੋ।’’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਕਾਂਗਰਸ ਦੀ ਅਗਵਾਈ ਹੇਠ ਕਿਸਾਨਾਂ ਦੇ ਸੰਕਟ, ਦਲਿਤ-ਵਿਰੋਧੀ ਹਿੰਸਾ ਤੇ ਘੱਟਗਿਣਤੀਆਂ ਉਤੇ ਹਜੂਮੀ ਹਮਲਿਆਂ ’ਤੇ ਬਹਿਸ ਦੇ ਨੋਟਿਸ ਦਿੱਤੇ ਸਨ। ਇਸ ਦੌਰਾਨ ਹਾਕਮ ਧਿਰ ਦੇ ਮੈਂਬਰਾਂ ਵੱਲੋਂ ਵਿਰੋਧੀਆਂ ਨੂੰ ਲੋਕ ਫ਼ਤਵੇ ਦਾ ਸਤਿਕਾਰ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਨਸੀਹਤਾਂ ਸਬੰਧੀ ਸ੍ਰੀ ਆਜ਼ਾਦ ਨੇ ਕਿਹਾ ਕਿ ਸਰਕਾਰ ਨੂੰ ਦਲਿਤਾਂ ਤੇ ਘੱਟਗਿਣਤੀਆਂ ਦੀ ਰਾਖੀ ਤੇ ਵਿਕਾਸ ਦਾ ਫ਼ਤਵਾ ਮਿਲਿਆ ਹੈ। ਉਨ੍ਹਾਂ ਕਿਹਾ, ‘‘ਤੁਹਾਨੂੰ ਘੱਟ-ਗਿਣਤੀਆਂ ਤੇ ਦਲਿਤਾਂ ਦਾ ਕਤਲੇਆਮ ਕਰਨ ਦਾ ਫ਼ਤਵਾ ਨਹੀਂ ਮਿਲਿਆ।’’ ਸੀਪੀਐਮ ਦੇ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਲਈ ਮਜਬੂਰ ਕਰ ਰਹੀ ਹੈ।

 

 

fbbg-image

Latest News
Magazine Archive