ਸ਼ਾਸਤਰੀ ਦੀ ਪਸੰਦ ਭਰਤ ਅਰੁਣ ਗੇਂਦਬਾਜ਼ੀ ਕੋਚ ਨਿਯੁਕਤ


ਨਵੀਂ ਦਿੱਲੀ - ਕਪਤਾਨ ਵਿਰਾਟ ਕੋਹਲੀ ਦੀ ਪਸੰਦ ਰਵੀ ਸ਼ਾਸਤਰੀ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤੇ ਜਾਣ ਬਾਅਦ ਹੁਣ ਰਵੀ ਸ਼ਾਸਤਰੀ ਦੀ ਪਸੰਦ ਭਰਤ ਅਰੁਣ ਨੂੰ ਟੀਮ ਦਾ ਮੁੱਖ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਅਜੇ ਬਾਂਗੜ ਨੂੰ ਟੀਮ ਦਾ ਸਹਾਇਕ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਹੈ।
ਸ਼ਾਸਤਰੀ ਨੇ ਭਾਰਤੀ ਕਿ੍ਕਟ ਕੰਟਰੋਲ ਬੋਰਡ ਨੂੰ ਅਰੁਣ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਸੀ। ਅਰੁਣ ਸ਼ਾਸਤਰੀ ਦਾ ਪੁਰਾਣਾ ਸਾਥੀ ਹੈ। ਉਹ ਅੰਡਰ -19 ਟੀਮ ਵਿੱਚ ਸ਼ਾਸਤਰੀ ਦੀ ਅਗਵਾਈ ਵਿੱਚ ਕੋਚਿੰਗ ਸਟਾਫ ਵਿੱਚ ਸ਼ਾਮਲ ਸੀ। ਇਹ ਫੈਸਲਾ ਬੋਰਡ ਦੀ ਚਾਰ ਮੈਂਬਰੀ ਕਮੇਟੀ ਅਤੇ ਸ਼ਾਸਤਰੀ ਦਰਮਿਆਨ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ। ਇਸ ਨਿਯੁਕਤੀ ਦਾ ਮਤਲਬ ਇਹ ਹੈ ਕਿ ਸ਼ਾਸਤਰੀ ਆਪਣੇ ਉਸ ਸਹਾਇਕ ਸਟਾਫ ਦੇ ਨਾਲ ਹੀ ਕੰਮ ਕਰੇਗਾ ਜੋ ਉਸ ਦਾ ਟੀਮ ਦੇ ਡਾਇਰੈਕਟਰ ਹੁੰਦਿਆਂ ਸੀ। ਇਸ ਟੀਮ ਵਿੱਚ ਫੀਲਡਿੰਗ ਸਟਾਫ ਸ੍ਰੀਧਰ ਨੂੰ ਵੀ ਕੋਚਿੰਗ ਸਟਾਫ ਵਿੱਚ ਸ਼ਾਮਲ ਕੀਤਾ ਗਿਆ ਹੈ। ਸਾਰੇ ਕੋਚਿੰਗ ਸਟਾਫ ਦੇ ਨਾਲ 2019 ਦੇ ਵਿਸ਼ਵ ਕੱਪ ਤੱਕ ਇਕਰਾਰ ਕੀਤਾ ਗਿਆ ਹੈ। ਸ਼ਾਸਤਰੀ ਨੇ ਇਹ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਸਾਬਕਾ ਬੱਲੇਬਾਜ਼ ਰਾਹੁਲ ਦਰਾਵਿੜ ਅਤੇ ਗੇਂਦਬਾਜ਼ ਜ਼ਹੀਰ ਖਾਨ ਟੀਮ ਦੇ ਨਾਲ ਸਲਾਹਕਾਰ ਵਜੋਂ ਰਹਿਣਗੇ।
ਸ਼ਾਸਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵੇਂ ਹੀ ਦੇਸ਼ ਦੇ ਵਧੀਆ ਕ੍ਰਿਕਟਰ ਰਹੇ ਹਨ ਅਤੇ ਦੋਵਾਂ ਦੀ ਸਲਾਹ ਟੀਮ ਦੇ ਲਈ ਕੀਮਤੀ ਹੋਵੇਗੀ। ਇਸ ਮਾਮਲੇ ਨੂੰ ਲੈ ਕੇ ਕਿਤੇ ਵੀ ਕੋਈ ਵਿਵਾਦ ਨਹੀ ਹੈ। ਇਸ ਤੋਂ ਪਹਿਲਾਂ ਸ਼ਾਸਤਰੀ ਨੇ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਦੇ ਨਾਲ ਮੁਲਾਕਾਤ ਕਰਕੇ ਸੋਮਵਾਰ ਨੂੰ ਮੁੰਬਈ ਵਿੱਚ ਅਰੁਣ ਦੇ ਨਾਂ ਦੀ ਸਿਫਾਰਸ਼ ਕੀਤੀ ਸੀ। ਇਸ ਤੋਂ ਪਹਿਲਾਂ ਜਦੋਂ ਬੋਰਡ ਨੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੂੰ ਗੇਂਦਬਾਜ਼ੀ ਕੋਚ ਅਤੇ ਸਾਬਕਾ ਬੱਲੇਬਾਜ਼ ਰਾਹੁਲ ਦਰਾਵਿੜ ਨੂੰ ਵਿਦੇਸ਼ੀ ਦੌਰਿਆਂ ਲਈ ਬੱਲੇਬਾਜ਼ੀ ਸਲਾਹਕਾਰ ਨਿਯੁਕਤ ਕੀਤਾ ਸੀ ਤਾਂ ਸ਼ਾਸਤਰੀ ਨੂੰ ਦੋਵੇਂ ਨਿਯੁਕਤੀਆਂ ਰਾਸ ਨਹੀ ਆਈਆਂ ਸਨ ਅਤੇ ਉਸਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਕੋਲ ਆਪਣਾ ਇਤਰਾਜ ਪ੍ਰਗਟ ਦਿੱਤਾ ਸੀ। ਸ਼ਾਸਤਰੀ ਵੱਲੋਂ ਜਹੀਰ ਨੂੰ ਨਾਪਸੰਦ ਕਰਨ ਦੀ ਕਿਸੇ ਨੂੰ ਵੀ ਸਮਝ ਨਹੀ ਆਈ ਕਿਉਂਕਿ ਇੱਕ ਗੇਂਦਬਾਜ਼ ਵਜੋਂ ਜ਼ਹੀਰ, ਭਰਤ ਅਰੁਣ ਦੇ ਮੁਕਾਬਲੇ ਕਿਤੇ ਵੱਧ ਕਾਮਯਾਬ ਗੇਂਦਬਾਜ਼ ਰਿਹਾ ਹੈ। ਅੰਕੜਿਆਂ ਉੱਤੇ ਨਜ਼ਰ ਮਾਰੀਏ ਤਾਂ ਜ਼ਹੀਰ ਨੇ 92 ਟੈਸਟ ਮੈੈਚ-311 ਵਿਕਟਾਂ, 200 ਇੱਕ ਰੋਜ਼ਾ-282 ਵਿਕਟਾਂ ਅਤੇ ਟਵੰਟੀ-20 ਵਿੱਚ 17 ਵਿਕਟਾਂ ਸਣੇ ਕੁੱਲ 610 ਵਿਕਟਾਂ ਲਈਆਂ ਹਨ। ਜਦੋਂ ਕਿ ਅਰੁਣ ਨੇ ਦੋ ਟੈਸਟ ਮੈਚਾਂ ਵਿੱਚ ਚਾਰ ਵਿਕਟਾਂ, ਚਾਰ ਇੱਕ ਰੋਜ਼ਾ ਵਿੱਚ ਇੱਕ ਵਿਕਟ ਹਾਸਲ ਕੀਤੀ ਹੈ।     -ਪੀਟੀਆਈ
ਮੈਂ ਆਪਣੀ ਕੋਰ ਟੀਮ ਨੂੰ ਲੈ ਕੇ ਸਪਸ਼ਟ ਸੀ: ਸ਼ਾਸਤਰੀ
ਮੁੰਬਈ - ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਉਹ ਆਪਣੀ ਕੋਰ ਟੀਮ ਨੂੰ ਲੈਕੇ ਸਪਸ਼ਟ ਸੀ। ਇਹ ਜ਼ਿਕਰਯੋਗ ਹੈ ਕਿ ਸਪੋਰਟਿੰਗ ਸਟਾਫ ਵਿੱਚ ਕੁੱਝ ਨਿਯੁਕਤੀਆਂ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਸ਼ਾਸਤਰੀ ਨੇ ਭਾਰਤੀ ਕਿ੍ਕਟ ਕੰਟਰੋਲ ਬੋਰਡ ਦੀ ਚਾਰ ਮੈਂਬਰੀ ਕਮੇਟੀ ਨਾਲ ਮੁਲਾਕਾਤ ਅਤੇ ਭਰਤ ਅਰੁਣ ਦੀ ਗੇਂਦਬਾਜ਼ੀ ਕੋਚ ਵਜੋਂ ਨਿਯੁਕਤੀ ਤੋਂ ਬਾਅਦ ਇੱਥੇ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘ ਮੈਂ ਆਪਣੀ ਕੋਰ ਟੀਮ ਨੂੰ ਲੈ ਕੇ  ਪੂਰੀ ਤਰ੍ਹਾਂ ਸਪਸ਼ਟ ਸੀ। ਮੈਨੂੰ ਪਤਾ ਸੀ ਕਿ ਮੇਰਾ ਸਪੋਰਟਿੰਗ ਸਟਾਫ ਕਿਹੋ ਜਿਹਾ ਹੋਣਾ ਚਾਹੀਦਾ ਹੈ।’ ਜਦੋਂ ਉਸਨੂੰ ਪੁੱਛਿਆ ਕਿ ਇਸ ਵਿਵਾਦ ਨੂੰ ਟਾਲਿਆ ਜਾ ਸਕਦਾ ਸੀ ਤਾਂ ਉਸ ਨੇ ਕਿਹਾ ਕਿ ਉਹ ਲੰਡਨ ਵਿੱਚ ਟੈਨਿਸ ਦੀ ਵਿੰਬਲਡਨ ਚੈਂਪੀਅਨਸ਼ਿਪ ਦੇਖਣ ਗਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਜੋ ਤੁਸੀਂ ਸੁਣਿਆ ਹੈ, ਉਹ ਹੀ ਉਸਦੀ ਕੋਰ ਟੀਮ ਹੈ। ਇਹ ਜ਼ਿਕਰਯੋਗ ਹੈ ਕਿ ਸ਼ਾਸਤਰੀ ਨਾਲ ਉਹ ਹੀ ਕੋਚਿੰਗ ਸਟਾਫ ਰੱਖਿਆ ਗਿਆ ਹੈ, ਜੋ ਉਸਦੇ ਭਾਰਤੀ ਟੀਮ ਦਾ ਡਾਇਰੈਕਟਰ ਹੁੰਦਿਆਂ ਸੀ।    

 

 

fbbg-image

Latest News
Magazine Archive