ਗੜਬੜ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ: ਮਹਿਬੂਬਾ


ਨਵੀਂ ਦਿੱਲੀ - ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਇਥੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰ ਕੇ ਸੂਬੇ ਦੀ ਅਮਨ-ਕਾਨੂੰਨ ਦੀ ਹਾਲਤ, ਖ਼ਾਸਕਰ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਨਾਲ ਹੀ ਉਨ੍ਹਾਂ ਸੂਬੇ ਵਿੱਚ ਗੜਬੜ ਪੈਦਾ ਕਰਨ ਲਈ ‘ਵਿਦੇਸ਼ੀ ਤਾਕਤਾਂ’ ਨੂੰ ਵੀ ਦੋਸ਼ੀ ਠਹਿਰਾਇਆ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ ਇਕ ਘੰਟਾ ਚੱਲੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਕਸ਼ਮੀਰ ਵਾਦੀ ’ਚ ਅਮਨ ਬਹਾਲੀ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਵੀ ਦਿੱਤੀ। ਅਮਰਨਾਥ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ਉਤੇ ਵੀ ਵਿਚਾਰ ਕੀਤੀ ਗਈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਬੀਬੀ ਮਹਿਬੂਬਾ ਨੇ ਕਿਹਾ, ‘‘ਕਸ਼ਮੀਰ ਦਾ ਮੁੱਦਾ ਅਮਨ-ਕਾਨੂੰਨ ਦਾ ਮਸਲਾ ਨਹੀਂ ਹੈ। ਇਹ ਵਿਦੇਸ਼ੀ ਤਾਕਤਾਂ  ਕਾਰਨ ਹੋ ਰਿਹਾ ਹੈ। ਮੌਜੂਦਾ ਲੜਾਈ ਵਿਦੇਸ਼ੀ ਤਾਕਤਾਂ ਦਾ ਕੀਤਾ ਕਰਾਇਆ ਹੈ ਅਤੇ ਅਫ਼ਸੋਸ ਨਾਲ ਹੁਣ ਚੀਨ ਵੀ ਮਾਮਲੇ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।’’
ਉਨ੍ਹਾਂ ਕਿਹਾ ਕਿ ਉਨ੍ਹਾਂ ਗ੍ਰਹਿ ਮੰਤਰੀ ਨਾਲ ਅਮਰਨਾਥ ਯਾਤਰੀਆਂ ਉਤੇ ਹਮਲੇ ਸਬੰਧੀ ਵੀ ਵਿਚਾਰਾਂ ਕੀਤੀਆਂ। ਉਨ੍ਹਾਂ ਦੋਸ਼ ਲਾਇਆ, ‘‘ਇਹ ਹਮਲਾ ਮੁਲਕ ਵਿੱਚ ਫ਼ਿਰਕੂ ਤਣਾਅ ਪੈਦਾ ਕਰਨ ਲਈ ਕਰਵਾਇਆ ਗਿਆ।’’ ਗ਼ੌਰਤਲਬ ਹੈ ਕਿ ਬੀਤੇ ਸੋਮਵਾਰ ਨੂੰ ਅਮਰਨਾਥ ਗੁਫਾ ਦੇ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਦੀ ਇਕ ਬੱਸ ਉਤੇ ਦਹਿਸ਼ਤਗਰਦਾਂ ਵੱਲੋਂ ਅਨੰਤਨਾਗ ਜ਼ਿਲ੍ਹੇ ਵਿੱਚ ਕੀਤੇ ਗਏ ਹਮਲੇ ’ਚ ਸੱਤ ਮੌਤਾਂ ਹੋਈਆਂ ਸਨ। ਬੀਤੇ  ਸਾਲ ਜੁਲਾਈ ਵਿੱਚ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਸਲਾਮਤੀ ਦਸਤਿਆਂ ਹੱਥੋਂ ਮਾਰੇ ਜਾਣ ਤੋਂ ਬਾਅਦ ਵਾਦੀ ਦੇ ਹਾਲਾਤ ਬੁਰੀ ਤਰ੍ਹਾਂ ਵਿਗੜੇ ਹੋਏ ਹਨ। ਵਾਦੀ ’ਚ ਥੋੜ੍ਹੀ ਦੇਰ ਲਈ ਆਈ ਸ਼ਾਂਤੀ ਬੀਤੀ 9 ਅਪਰੈਲ ਨੂੰ ਸ੍ਰੀਨਗਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਕਾਰਨ ਮੁੜ ਭੰਗ ਹੋ ਗਈ ਸੀ। ਬੀਬੀ ਮਹਿਬੂਬਾ ਨੇ ਕਿਹਾ ਕਿ ਜੰਮੂ-ਕਸ਼ਮੀਰ ਹਕੂਮਤ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸੰਵਿਧਾਨ ਦੀ ਧਾਰਾ 370 ਨਾਲ ਛੇੜਛਾੜ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਸੂਬੇ ਦੇ ਵਾਸੀ ਜਜ਼ਬਾਤੀ ਤੌਰ ’ਤੇ ਜੁੜੇ ਹੋਏ ਹਨ। ਉਨ੍ਹਾਂ ਕਿਹਾ, ‘‘ਮੈਂ ਖ਼ੁਸ਼ ਹਾਂ ਕਿ ਰਾਸ਼ਟਰਪਤੀ ਨੇ ਆਪਣੇ ਹੁਕਮਾਂ ਵਿੱਚ ਦੁਹਰਾਇਆ ਹੈ ਕਿ ਸੂਬੇ ਦੇ ਵਿਸ਼ੇਸ਼ ਰੁਤਬੇ ਨੂੰ ਘਟਾਇਆ ਨਹੀਂ ਜਾਵੇਗਾ।’’

 

 

fbbg-image

Latest News
Magazine Archive