ਪੁਲਵਾਮਾ ’ਚ ਮੁਕਾਬਲਾ; 3 ਅਤਿਵਾਦੀ ਹਲਾਕ


ਜੰਮੂ/ਸ੍ਰੀਨਗਰ - ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ਵਿੱਚ ਅੱਜ ਪਾਕਿਸਤਾਨੀ ਫ਼ੌਜ ਵੱਲੋਂ ਐਲਓਸੀ ਪਾਰੋਂ ਕੀਤੀ ਗਈ ਗੋਲਾਬਾਰੀ ਵਿੱਚ ਇਕ ਭਾਰਤੀ ਫ਼ੌਜੀ ਜਵਾਨ ਦੀ ਜਾਨ ਜਾਂਦੀ ਰਹੀ। ਦੂਜੇ ਪਾਸੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਦਸਤਿਆਂ ਨਾਲ ਹੋਏ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਤਿੰਨ ਦਹਿਸ਼ਤਗਰਦ ਮਾਰੇ ਗਏ।  ਇਕ ਰੱਖਿਆ ਤਰਜਮਾਨ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਅੱਜ ਬਾਅਦ ਦੁਪਹਿਰ ਕਰੀਬ 1.30 ਵਜੇ ਰਾਜੌਰੀ ਸੈਕਟਰ ਵਿੱਚ ਭਾਰਤੀ ਚੌਕੀਆਂ ’ਤੇ ਬਿਨਾਂ ਭੜਕਾਹਟ ਤੋਂ ਗੋਲਾਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਗੋਲੇ ਦੀ ਜ਼ੱਦ ਵਿੱਚ ਆ ਕੇ ਲਾਂਸ ਨਾਇਕ ਮੁਹੰਮਦ ਨਸੀਰ (35) ਦੀ ਮੌਤ ਹੋ ਗਈ, ਜੋ ਪੁਣਛ ਜ਼ਿਲ੍ਹੇ ਨਾਲ ਸਬੰਧਤ ਸੀ। ਪਾਕਿਸਤਾਨ ਨੇ ਗੋਲੀਬੰਦੀ ਦਾ ਉਲੰਘਣ ਕਰਦਿਆਂ ਬਾਲਾਕੋਟ, ਪੰਜਗਰਾਈਂ, ਨਾਕੀਆ ਤੇ ਮੰਜਾਕੋਟ ਖੇਤਰਾਂ ਵਿੱਚ ਵੀ ਫਾਇਰਿੰਗ ਕੀਤੀ। ਭਾਰਤੀ ਫ਼ੌਜਾਂ ਨੇ ਵੀ ਇਸ ਦਾ ਢੁਕਵਾਂ ਜਵਾਬ ਦਿੱਤਾ।
ਪੁਲਵਾਮਾ ਜ਼ਿਲ੍ਹੇ ਦੇ ਤਰਾਲ ਖੇਤਰ ਦੇ ਜੰਗਲਾਂ ਵਿੱਚ ਦਹਿਸ਼ਤਰਗਦਾਂ ਦੀ ਮੌਜੂਦਗੀ ਦੀ ਸੂਹ ਮਿਲਣ ’ਤੇ ਸਲਾਮਤੀ ਦਸਤਿਆਂ ਨੇ ਤੜਕਸਾਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਦੋਵੇਂ ਪਾਸਿਆਂ ਤੋਂ ਚੱਲੀਆਂ ਗੋਲੀਆਂ ’ਚ ਦੋ ਅਤਿਵਾਦੀ ਮਾਰੇ ਗਏ ਤੇ ਤੀਜੇ ਨੇ ਇਕ ਗੁਫਾ ਵਿੱਚ ਸ਼ਰਨ ਲੈ ਲਈ। ਉਹ  ਵੀ ਆਖ਼ਰ ਕਈ ਘੰਟੇ ਦੀ ਗੋਲੀਬਾਰੀ ਦੌਰਾਨ ਮਾਰਿਆ ਗਿਆ। ਪੁਲੀਸ ਨੂੰ ਘਟਨਾ ਸਥਾਨ ਤੋਂ ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਹੋਇਆ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਜੈਸ਼ ਨਾਲ ਸਬੰਧਤ ਸਨ, ਜਿਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਅਪਰੇਸ਼ਨ ਦੌਰਾਨ ਸਲਾਮਤੀ ਦਸਤਿਆਂ ਨੂੰ ਮੁਕਾਮੀ ਲੋਕਾਂ ਦੀ ਪੱਥਰਬਾਜ਼ੀ ਦਾ ਸਾਹਮਣਾ ਵੀ ਕਰਨਾ ਪਿਆ।  ਇਕ ਹੋਰ ਘਟਨਾ ’ਚ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਵੱਲੋਂ ਗੋਲਾ ਸੁੱਟੇ ਜਾਣ ਕਾਰਨ ਸੀਆਰਪੀਐਫ਼ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ ਏਐਸਆਈ ਰਾਜਿੰਦਰ ਸਿੰਘ ਵਜੋਂ ਹੋਈ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

 

 

fbbg-image

Latest News
Magazine Archive