ਕ੍ਰੀਮਰ ਦੀ ਸਪਿੰਨ ਨੇ ਸ੍ਰੀਲੰਕਾ ’ਤੇ ਕਸਿਆ ਸ਼ਿਕੰਜਾ


ਕੋਲੰਬੋ - ਜ਼ਿੰਬਾਬਵੇ ਦੇ ਕਪਤਾਨ ਗਰੀਮ ਕ੍ਰੀਮਰ ਨੇ ਤਿੰਨ ਵਿਕਟਾਂ ਝਟਕਾ ਕੇ ਸ੍ਰੀਲੰਕਾ ਖ਼ਿਲਾਫ਼ ਅੱਜ ਇੱਥੇ ਇੱਕਲੌਤੇ ਕ੍ਰਿਕਟ ਟੈਸਟ ਮੈਚ ’ਚ ਦੂਜੇ ਦਿਨ ਪਹਿਲੀ ਪਾਰੀ ’ਚ ਆਪਣੀ ਟੀਮ ਨੂੰ ਵਾਪਸੀ ਦਿਵਾਈ। ਕ੍ਰੀਮਰ ਦੀ ਲੈੱਗ ਸਪਿੰਨ ਤੇ ਦੋ ਮਹੱਤਵਪੂਰਨ ਰਨ ਆਊਟ ਨਾਲ ਜ਼ਿੰਬਾਬਵੇ ਨੇ ਦਿਨ ਦੀ ਖੇਡ ਮੁੱਕਣ ਤੱਕ ਸ੍ਰੀਲੰਕਾ ਦਾ ਸਕੋਰ ਸੱਤ ਵਿਕਟਾਂ ’ਤੇ 293 ਦੌੜਾਂ ਕਰ ਦਿੱਤਾ।
ਸ੍ਰੀਲੰਕਾ ਵੱਲੋਂ ਅਸੇਲਾ ਗੁਣਾਰਤਨੇ 24 ਜਦਕਿ ਰੰਗਣਾ ਹੇਰਾਥ ਪੰਜ ਦੌੜਾਂ ਬਣਾ ਕੇ ਖੇਡ ਰਹੇ ਸੀ। ਸ੍ਰੀਲੰਕਾ ਦੀ ਟੀਮ ਹੁਣ ਵੀ ਜ਼ਿੰਬਾਬਵੇ ਦੀ ਪਹਿਲੀ ਪਾਰੀ ਦੇ ਸਕੋਰ ਤੋਂ 63 ਦੌੜਾਂ ਪਿੱਛੇ ਹੈ। ਫੀਲਡਿੰਗ ਕਰਦਿਆਂ ਸੱਟ ਵੱਜਣ ਕਾਰਨ ਗੁਣਾਰਤਨੇ ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਇਆ। ਸ੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਕ੍ਰੀਮਰ ਦੀ ਸਪਿੰਨ ਗੇਂਦਬਾਜ਼ੀ ਸਾਹਮਣੇ ਖਾਸੀ ਪ੍ਰੇਸ਼ਾਨੀ ਹੋਈ। ਕ੍ਰੀਮਰ ਨੇ ਦਿਨੇਸ਼ ਚਾਂਦੀਮਲ ਨੂੰ ਵੀ ਆਊਟ ਕੀਤਾ, ਜਿਸ ਨੇ 55 ਦੌੜਾਂ ਬਣਾਈਆਂ। ਉਸ ਨੇ ਏਂਜਲੋ ਮੈਥਿਊਜ਼ (41) ਨਾਲ ਚੌਥੇ ਵਿਕਟ ਲਈ 96 ਦੌੜਾਂ ਵੀ ਜੋੜੀਆਂ।
ਚਾਹ ਤੋਂ ਪਹਿਲਾਂ ਕੁਸਾਲ ਮੇਂਡਿਸ (11) ਨੂੰ ਵਿਕਟ ਦੇ ਪਿੱਛੇ ਕੈਚ ਕਰਾਉਣ ਵਾਲੇ ਕ੍ਰੀਮਰ ਨੇ ਆਖਰੀ ਸੈਸ਼ਨ ’ਚ ਦੋ ਹੋਰ ਵਿਕਟਾਂ ਹਾਸਲ ਕੀਤੀਆਂ। ਦਿਲਰੂਵਾਨ ਪਰੇਰਾ ਦੋ ਛੱਕਿਆਂ ਤੇ ਦੋ ਚੌਕਿਆਂ ਮਦਦ ਨਾਲ 33 ਦੌੜਾਂ ਬਣਾਉਣ ਮਗਰੋਂ ਗੁਣਾਰਤਨੇ ਨਾਲ ਗਲਤਫ਼ਹਿਮੀ ਦਾ ਸ਼ਿਕਾਰ ਹੋ ਕੇ ਰਨ ਆਊਟ ਹੋਇਆ। ਇਸ ਤੋਂ ਪਹਿਲਾਂ ਸ੍ਰੀਲੰਕਾ ਨੂੰ ਚੰਗੀ ਸ਼ੁਰੂਆਤ ਦਿਵਾਉਣ ਵਾਲਾ ਸਲਾਮੀ ਬੱਲੇਬਾਜ਼ ਉਪੁਲ ਥਰੰਗਾ ਵੀ ਰਨ ਆਊਟ ਹੋਇਆ ਸੀ, ਜਿਸ ਨੇ 71 ਦੌੜਾਂ ਬਣਾਈਆਂ।
ਤੇਜ਼ ਗੇਂਦਬਾਜ਼ ਡੌਨਾਲਡ ਤਿਰਿਪਾਨੋ ਨੇ ਦਿਮੁਥ ਕਰੁਣਾਰਤਨੇ (25) ਨੂੰ ਲੰਚ ਮਗਰੋਂ ਪਹਿਲੇ ਓਵਰ ’ਚ ਆਊਟ ਕਰਕੇ ਜ਼ਿੰਬਾਬਵੇ ਨੂੰ ਪਹਿਲੀ ਕਾਮਯਾਬੀ ਦਿਵਾਈ ਅਤੇ ਪਹਿਲੀ ਵਿਕਟ ਦੀ 84 ਦੌੜਾਂ ਦੀ ਭਾਈਵਾਲੀ ਦਾ ਅੰਤ ਕੀਤਾ। ਸਵੇਰ ਦੇ ਸੈਸ਼ਨ ’ਚ ਜ਼ਿੰਬਾਬਵੇ ਦੀ ਟੀਮ ਅੱਜ 4.4 ਓਵਰ ਹੀ ਖੇਡ ਸਕੀ ਤੇ 356 ਦੌੜਾਂ ’ਤੇ ਆਊਟ ਹੋ ਗਈ। ਕੱਲ ਦੇ ਨਾਬਾਦ ਬੱਲੇਬਾਜ਼ ਕਰੇਗ ਇਰਵਿਨ ਨੇ 160 ਦੌੜਾਂ ਬਣਾਈਆਂ। ਖੱਬੇ ਹੱਥ ਦੇ ਸਪਿੰਨਰ ਰੰਗਣਾ ਹੇਰਾਥ ਨੇ 116 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ। ਉਸ ਨੇ 80 ਟੈਸਟਾਂ ’ਚ 30 ਵਾਰ ਪਾਰੀ ’ਚ ਪੰਜ ਜਾਂ ਪੰਜ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ।

 

 

fbbg-image

Latest News
Magazine Archive