ਰਾਜਨਾਥ ਵੱਲੋਂ ਜੰਮੂ ਕਸ਼ਮੀਰ ਦੇ ਸੁਰੱਖਿਆ ਹਾਲਾਤ ਦੀ ਸਮੀਖਿਆ


ਨਵੀਂ ਦਿੱਲੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜੰਮੂ ਤੇ ਕਸ਼ਮੀਰ ਵਿਚਲੇ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ ਤੇ ਅਧਿਕਾਰੀਆਂ ਨੂੰ ਅਮਰਨਾਥ ਯਾਤਰੀਆਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ। ਦੂਜੇ ਪਾਸੇ ਅਮਰਨਾਥ ਸ਼ਰਧਾਲੂਆਂ ’ਤੇ ਬੀਤੀ ਰਾਤ ਹੋਏ ਦਹਿਸ਼ਤੀ ਹਮਲੇ ਮਗਰੋਂ ਸ਼ਰਧਾਲੂ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਯਾਤਰਾ ਲਈ ਰਵਾਨਾ ਹੋਏ। ਇਸੇ ਦੌਰਾਨ ਅਮਰਨਾਥ ਯਾਤਰੂਆਂ ’ਤੇ ਹੋਏ ਹਮਲੇ ਦੇ ਰੋਸ ਵਜੋਂ ਅੱਜ ਜੰਮੂ ਡਿਵੀਜ਼ਨ ’ਚ ਰੋਸ ਮੁਜ਼ਾਹਰੇ ਕੀਤੇ ਗਏ ਤੇ ਕਈ ਥਾਈਂ ਜਾਮ ਵੀ ਲਾਏ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ’ਤੇ ਹੋਏ ਦਹਿਸ਼ਤੀ ਹਮਲੇ ਮਗਰੋਂ ਅੱਜ ਗ੍ਰਹਿ ਮੰਤਰੀ ਨੇ ਮੀਟਿੰਗ ਕਰਕੇ ਕਸ਼ਮੀਰ ਘਾਟੀ ਵਿਚਲੇ ਹਾਲਾਤ ਦੀ ਸਮੀਖਿਆ ਕੀਤੀ। ਇਸ ਮੀਟਿੰਗ ’ਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀ, ਖੁਫੀਆ ਏਜੰਸੀਆਂ ਤੇ ਕੇਂਦਰੀ ਨੀਮ ਫੌਜੀ ਬਲਾਂ ਦੇ ਅਧਿਕਾਰੀ ਹਾਜ਼ਰ ਸਨ। ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਸੂਤਰਾਂ ਅਨੁਸਾਰ ਇਸ ਮੀਟਿੰਗ ਤੋਂ ਤੁਰੰਤ ਬਾਅਦ ਕੌਮੀ ਸੁਰੱਖਿਆ ਏਜੰਸੀ (ਐਨਐਸਏ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੀਟਿੰਗ ’ਚ ਹੋਈ ਵਿਚਾਰ ਚਰਚਾ ਤੇ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਇੱਕ ਟਵੀਟ ਦਾ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਰੇ ਕਸ਼ਮੀਰੀ ਅਤਿਵਾਦੀ ਨਹੀਂ ਹਨ ਤੇ ਦੇਸ਼ ਦੇ ਸਾਰੇ ਹਿੱਸਿਆਂ ’ਚ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਸੇ ਦਰਮਿਆਨ ਭਾਰਤੀ ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਸ੍ਰੀਨਗਰ ਪਹੁੰਚ ਕੇ ਸੂਬੇ ਦੇ ਗਵਰਨਰ ਐਨਐਨ ਵੋਹਰਾ, ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਤੇ ਫੌਜ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਕਸ਼ਮੀਰ ਪੁਲੀਸ ਨੇ ਇਸ ਹਮਲੇ ਲਈ ਲਸ਼ਕਰ-ਏ-ਤੋਇਬਾ ਨੂੰ ਜ਼ਿੰਮੇਵਾਰ ਦੱਸਿਆ ਹੈ। ਕਸ਼ਮੀਰ ਪੁਲੀਸ ਦੇ ਮੁਖੀ ਮੁਨੀਰ ਖ਼ਾਨ ਨੇ ਦੱਸਿਆ ਕਿ ਅਜਿਹੇ ਕਈ ਸੁਰਾਗ਼ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਇਹ ਹਮਲਾ ਲਸ਼ਕਰ-ਏ- ਤੋਇਬਾ ਵੱਲੋਂ ਕੀਤਾ ਗਿਆ ਹੈ ਜਿਸ ’ਚ ਸੱਤ ਸ਼ਰਧਾਲੂਆਂ ਦੀ ਮੌਤ ਹੋਈ ਹੈ।
ਸ੍ਰੀਨਗਰ/ਜੰਮੂ - ਅਧਿਕਾਰੀਆਂ ਨੇ ਦੱਸਿਆ ਅੱਜ ਜੰਮੂ ਤੋਂ ਬਾਲਟਾਲ ਤੇ ਪਹਿਲਗਾਮ ਬੇਸ ਕੈਂਪ ਲਈ 3,289 ਸ਼ਰਧਾਲੂ ਯਾਤਰਾ ਲਈ ਰਵਾਨਾ ਹੋਏ, ਜਿਨ੍ਹਾਂ ਨੂੰ ਸੀਆਰਪੀਐਫ ਤੇ ਪੁਲੀਸ ਮੁਲਾਜ਼ਮਾਂ ਨੇ ਸੁਰੱਖਿਆ ਮੁਹੱਈਆ ਕਰਾਈ। ਜੰਮੂ ਜ਼ੋਨ ਦੇ ਡਿਵੀਜ਼ਨਲ ਕਮਿਸ਼ਨਰ ਮੰਦੀਪ ਭੰਡਾਰੀ ਨੇ ਕਿਹਾ ਕਿ ਉਨ੍ਹਾਂ ਅਮਰਨਾਥ ਯਾਤਰੀਆਂ ਨੂੰ ਉੱਚ ਸੁਰੱਖਿਆ ਮੁਹੱਈਆ ਕਰਾਈ ਹੈ। ਅਮਰਨਾਥ ਸ਼ਰਾਈਨ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੰਦਨਵਾੜੀ, ਸ਼ੇਸ਼ਨਾਗ, ਪੰਜਤਾਰਨੀ ਤੇ ਬਾਲਟਾਲ ਯਾਤਰਾ ਕੈਂਪ ਤੋਂ ਅੱਜ 18,838 ਮੁਸਾਫ਼ਰ ਪਵਿੱਤਰ ਗੁਫ਼ਾ ਦੇ ਦਰਸ਼ਨਾਂ ਲਈ ਰਵਾਨਾ ਹੋਏ ਹਨ।
ਯਾਤਰੀਆਂ ’ਤੇ ਹਮਲੇ ਦੇ ਵਿਰੋਧ ਵਿੱਚ ਰੋਸ ਮੁਜ਼ਾਹਰੇ
ਜੰਮੂ - ਜੰਮੂ ’ਚ ਅੱਜ ਕਾਂਗਰਸ, ਜੇਕੇਐਨਪੀਪੀ, ਬਜਰੰਗ ਦਲ ਤੇ ਸ਼ਿਵ ਸੈਨਾ ਸਮੇਤ ਵੱਖ ਵੱਖ ਪਾਰਟੀਆਂ ਵੱਲੋਂ ਮੁਜ਼ਾਹਰੇ ਕੀਤੇ ਗਏ। ਜੰਮੂ ਤੇ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ (ਜੇਕੇਪੀਸੀਸੀ) ਪ੍ਰਧਾਨ ਜੀ.ਏ. ਮੀਰ ਨੇ ਇਨ੍ਹਾਂ ਹਮਲਿਆਂ ਦੀ ਨਿਖੇਧੀ ਕਰਦਿਆਂ ਇਸ ਨੂੰ ਸ਼ਰਮਨਾਕ ਤੇ ਦਿਲ ਦਹਿਲਾਉਣ ਵਾਲਾ ਦੱਸਿਆ। ਜੇਕੇਪੀਸੀਸੀ ਦੇ 200 ਤੋਂ ਵੱਧ ਕਾਰਕੁਨ ਜੰਮੂ ਸ਼ਹਿਰ ਦੀ ਰੇਹਾੜੀ ਬੈਲਟ ’ਚ ਇਕੱਠੇ ਹੋਏ ਤੇ ਸ਼ਰਧਾਲੂਆਂ ’ਤੇ ਹੋਏ ਹਮਲੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਜੰਮੂ ਅਤੇ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ (ਜੇਕੇਐਨਪੀਪੀ) ਦੇ ਚੇਅਰਮੈਨ ਹਰਸ਼ ਦੇਵ ਸਿੰਘ ਦੀ ਅਗਵਾਈ ਹੇਠ ਦੋ ਸੌ ਦੇ ਕਰੀਬ ਕਾਰਕੁਨਾਂ  ਨੇ ਡੋਗਰਾ ਚੌਕ ’ਚ ਰੋਸ ਮੁਜ਼ਾਹਰਾ ਕੀਤਾ।  ਸਾਬਕਾ ਮੰਤਰੀ ਰਮਨ ਭੱਲਾ ਦੀ ਅਗਵਾਈ ਹੇਠ ਸੈਂਕੜੇ ਕਾਂਗਰਸ ਵਰਕਰਾਂ ਨੇ ਰੈਲੀ ਕੀਤੀ। ਇਸ ਮੌਕੇ ਉਨ੍ਹਾਂ ਸਰਕਾਰੀ ਵਿਰੋਧੀ ਨਾਅਰੇਬਾਜ਼ੀ ਕਰਦਿਆਂ ਸਰਕਾਰ ਦਾ ਪੁਤਲਾ ਫੂਕਿਆ ਤੇ ਸੂਬੇ ਵਿੱਚ ਗਵਰਨਰ ਰਾਜ ਲਾਉਣ ਦੀ ਮੰਗ ਕੀਤੀ। ਇਸੇ ਤਰ੍ਹਾਂ ਜੇਕੇਐਨਪੀਪੀ, ਕਸ਼ਮੀਰੀ ਪੰਡਤਾਂ ਦੀ ਜਥੇਬੰਦੀਆਂ ਨੇ ਆਲ ਪਾਰਟੀ ਮਾਈਗਰੈਂਟ ਕੋਆਰਡੀਨੇਸ਼ਨ ਕਮੇਟੀ ਤੇ ਨੈਸ਼ਨਲ ਕਾਨਫਰੰਸ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੇ ਸ਼ਹਿਰ ਵਿੱਚ ਸਰਕਾਰ ਤੇ ਪਾਕਿਸਤਾਨ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ।
ਕੇਂਦਰੀ ਟੀਮ ਸੌਂਪੇਗੀ ਰਿਪੋਰਟ
ਅਮਰਨਾਥ ਯਾਤਰੀਆਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਪੁੱਜੀ ਹੋਈ ਇਕ ਕੇਂਦਰੀ ਟੀਮ ਵੱਲੋਂ ਆਪਣੀ ਰਿਪੋਰਟ ਦਿੱਲੀ ਪਰਤਣ ’ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਦਿੱਤੀ ਜਾਵੇਗੀ। ਕੇਂਦਰੀ ਮੰਤਰੀਆਂ ਹੰਸਰਾਜ ਅਹੀਰ ਤੇ ਜੀਤੇਂਦਰ ਸਿੰਘ ਸਮੇਤ ਹੋਰਨਾਂ ਦੀ ਸ਼ਮੂਲੀਅਤ ਵਾਲੀ ਇਸ ਟੀਮ ਨੇ ਇਥੇ ਸੁਰੱਖਿਆ ਸਬੰਧੀ ਹੋਈ ਉਚ ਪੱਧਰੀ ਮੀਟਿੰਗ ਵਿੱਚ ਹਿੱਸਾ ਲਿਆ।

 

 

fbbg-image

Latest News
Magazine Archive