ਉਪ ਰਾਸ਼ਟਰਪਤੀ ਚੋਣ: ਗੋਪਾਲਕ੍ਰਿਸ਼ਨ ਗਾਂਧੀ ਹੋਣਗੇ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ


ਨਵੀਂ ਦਿੱਲੀ  - ਦੇਸ਼ ਦੇ ਉਪ ਰਾਸ਼ਟਰਪਤੀ ਦੀ ਚੋਣ ਲਈ 18 ਵਿਰੋਧੀ ਪਾਰਟੀਆਂ ਨੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲਕ੍ਰਿਸ਼ਨ ਗਾਂਧੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਹ ਐਲਾਨ ਅੱਜ ਇਥੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੀਤਾ। ਉਪ ਰਾਸ਼ਟਰਪੀ ਦੀ ਚੋਣ 5 ਅਗਸਤ ਨੂੰ ਹੋਵੇਗੀ।
ਮੀਟਿੰਗ ਤੋਂ ਬਾਅਦ ਬੀਬੀ ਗਾਂਧੀ ਕਿਹਾ, ‘‘18 ਵਿਰੋਧੀ ਪਾਰਟੀਆਂ ਨੇ ਅੱਜ ਉਪ ਰਾਸ਼ਟਰਪਤੀ ਦੇ ਉਮੀਦਵਾਰ ਬਾਰੇ ਫ਼ੈਸਲਾ ਕਰਨ ਲਈ ਮੀਟਿੰਗ ਕੀਤੀ। ਉਨ੍ਹਾਂ ਸਾਰਿਆਂ ਨੇ ਗੋਪਾਲਕ੍ਰਿਸ਼ਨ ਗਾਂਧੀ ਨੂੰ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਹੈ।… ਸਾਡੇ ਵੱਲੋਂ ਸ੍ਰੀ ਗਾਂਧੀ ਨਾਲ ਗੱਲਬਾਤ ਕੀਤੇ ਜਾਣ ਉਤੇ ਉਨ੍ਹਾਂ ਉਮੀਦਵਾਰ ਬਣਨ ਲਈ ਹਾਮੀ ਭਰ ਦਿੱਤੀ ਹੈ।’’ ਇਨ੍ਹਾਂ ਪਾਰਟੀਆਂ ਵਿੱਚ ਜਨਤਾ ਦਲ (ਯੂ) ਵੀ ਸ਼ਾਮਲ ਹੈ, ਜਿਸ ਨੇ ਰਾਸ਼ਟਰਪਤੀ ਦੀ ਚੋਣ ਲਈ ਵਿਰੋਧੀ ਪਾਰਟੀਆਂ ਦਾ ਸਾਥ ਛੱਡਦਿਆਂ ਹਾਕਮ ਐਡੀਏ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਦੀ ਹਮਾਇਤ ਦਾ ਐਲਾਨ ਕੀਤਾ ਹੈ।  ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਗ਼ੁਲਾਮ ਨਬੀ ਆਜ਼ਾਦ, ਟੀਐਮਸੀ ਦੇ ਡੈਰੇਕ ਓ’ਬਰਾਇਨ ਅਤੇ ਸੀਪੀਐਮ ਦੇ ਸੀਤਾ ਰਾਮ ਯੇਚੁਰੀ ਨੇ ਸ੍ਰੀ ਗਾਂਧੀ ਨਾਲ ਇਸ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਕਿਹਾ, ‘‘ਸ੍ਰੀ ਗਾਂਧੀ ਨੇ ਸੰਪਰਕ ਕੀਤੇ ਜਾਣ ਉਤੇ ਸੋਚਣ ਲਈ 10-15 ਮਿੰਟਾਂ ਦਾ ਸਮਾਂ ਮੰਗਿਆ ਅਤੇ ਦੁਬਾਰਾ ਸੰਪਰਕ ਕੀਤੇ ਜਾਣ ਉਤੇ ਉਨ੍ਹਾਂ ਹਾਮੀ ਭਰ ਦਿੱਤੀ। ਉਨ੍ਹਾਂ ਆਪਣਾ ਨਾਂ ਤੈਅ ਕਰਨ ਲਈ ਅੱਜ ਇਥੇ ਇਕੱਤਰ ਹੋਏ ਸਾਰੇ ਆਗੂਆਂ ਦਾ ਧੰਨਵਾਦ ਕੀਤਾ ਹੈ।’’ ਸੂਤਰਾਂ ਮੁਤਾਬਕ ਉਨ੍ਹਾਂ ਦਾ ਨਾਂ ਤੈਅ ਕਰਨ ਨੂੰ ਮਹਿਜ਼ 15 ਕੁ ਮਿੰਟ ਲੱਗੇ, ਕਿਉਂਕਿ ਇਸ ਸਬੰਧੀ ਹੋਰ ਕਿਸੇ ਨਾਂ ਉਤੇ ਚਰਚਾ ਨਹੀਂ ਹੋਈ।
ਸ੍ਰੀ ਯੇਚੁਰੀ ਨੇ ਕਿਹਾ ਕਿ ਸ੍ਰੀ ਗਾਂਧੀ, ਮਹਾਤਮਾ ਗਾਂਧੀ ਅਤੇ ਦੇਸ਼ ਦੇ ਆਖ਼ਰੀ ਗਵਰਨਰ ਜਨਰਲ ਸੀ. ਗੋਪਾਲਾਚਾਰੀ ਦੇ ਪੋਤਰੇ ਹਨ। ਉਨ੍ਹਾਂ ਕਿਹਾ, ‘‘ਉਪ ਰਾਸ਼ਟਰਪਤੀ ਲਈ ਸ੍ਰੀ ਗਾਂਧੀ ਤੋਂ ਵਧੀਆ ਹੋਰ ਕੋਈ ਉਮੀਦਵਾਰ ਨਹੀਂ ਹੋ ਸਕਦਾ। ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਨੂੰ ਸਰਬਸੰਮਤੀ ਨਾਲ ਚੁਣ ਲਿਆ ਜਾਵੇਗਾ।’’ ਸ੍ਰੀ ਓ’ਬਰਾਇਨ ਨੇ ਉਨ੍ਹਾਂ ਦਾ ਨਾਂ ਪੇਸ਼ ਕੀਤਾ ਅਤੇ ਬਸਪਾ ਦੇ ਸਤੀਸ਼ ਮਿਸ਼ਰਾ, ਸ੍ਰੀ ਯੇਚੁਰੀ ਤੇ ਹੋਰਨਾਂ ਨੇ ਤਾਈਦ ਕੀਤੀ।

 

 

fbbg-image

Latest News
Magazine Archive