ਜੀ20: ਉਦਾਰਵਾਦੀ ਨੀਤੀਆਂ ਦੀ ਵਕਾਲਤ


ਹੈਮਬਰਗ - ਇੱਥੇ ਚੱਲ ਰਹੇ ਜੀ20 ਸੰਮੇਲਨ ਦੌਰਾਨ ਅੱਜ ਵਿਸ਼ਵ ਦੇ 20 ਵਿਕਸਤ ਤੇ ਵਿਕਾਸਸ਼ੀਲ ਮੁਲਕਾਂ ਦੇ ਆਗੂਆਂ ਨੇ ਬਾਜ਼ਾਰ ਖੋਲ੍ਹਣ, ਨਾਜਾਇਜ਼ ਵਪਾਰਕ ਕਵਾਇਦਾਂ ਤੇ ਰੱਖਿਆਵਾਦੀ ਪਹੁੰਚ ਨੂੰ ਨੱਥ ਪਾਉਣ ਦਾ ਅਹਿਦ ਲਿਆ। ਇਸ ਦੌਰਾਨ ਸਨਅਤੀ ਖੇਤਰਾਂ ਵਿੱਚ ਵਾਧੂ ਸਮਰੱਥਾ ਨਾਲ ਨਜਿੱਠਣ ਲਈ ਆਲਮੀ ਸਹਿਯੋਗ ਦੀ ਮੰਗ ਕਰਦਿਆਂ ਬਾਜ਼ਾਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਬਸਿਡੀਆਂ ਦੇ ਖ਼ਾਤਮੇ ਦਾ ਵੀ ਸੱਦਾ ਦਿੱਤਾ ਗਿਆ।
ਆਗੂਆਂ ਨੇ ਕਿਹਾ ਕਿ ਉਹ ਵਪਾਰ ਤੇ ਨਿਵੇਸ਼ ਲਈ ਮੁਆਫ਼ਕ ਮਾਹੌਲ ਨੂੰ ਉਤਸ਼ਾਹਤ ਕਰਨਗੇ। ਉਨ੍ਹਾਂ ਕਿਹਾ ਕਿ ਡਿਜੀਟਲਾਈਜੇਸ਼ਨ ਨੇ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਕੀਤੇ ਹਨ ਪਰ ਭਵਿੱਖੀ ਕੰਮਾਂ ਲਈ ਲੋੜੀਂਦਾ ਹੁਨਰ ਵਿਕਸਤ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਆਗੂਆਂ ਨੇ ਆਈਐਮਐਫ ਕੋਟਾ ਸੁਧਾਰ ਮੁਕੰਮਲ ਕਰਨ ਅਤੇ 2019 ਤੱਕ ਨਵਾਂ ਕੋਟਾ ਫਾਰਮੂਲਾ ਬਣਾਉਣ ਉਤੇ ਜ਼ੋਰ ਦਿੱਤਾ। ਉਨ੍ਹਾਂ ਮੰਨਿਆ ਕਿ ਵਿੱਤੀ ਸਥਿਰਤਾ ਲਈ ਸੂਚਨਾ ਤੇ ਸੰਚਾਰ ਤਕਨਾਲੋਜੀਆਂ ਦੀ ਦੁਰਵਰਤੋਂ ਖ਼ਤਰੇ ਖੜ੍ਹੇ ਕਰ ਸਕਦੀ ਹੈ। ਇਸ ਦੇ ਨਾਲ ਹੀ ਕੌਮਾਂਤਰੀ ਸਹਿਯੋਗ ਅਤੇ ਤਕਨੀਕੀ ਮਦਦ ਨਾਲ ਭ੍ਰਿਸ਼ਟਾਚਾਰ ਨਾਲ ਲੜਨ ਦਾ ਵੀ ਅਹਿਦ ਲਿਆ ਗਿਆ।ਜੀ20 ਮੁਲਕਾਂ ਦੇ ਆਗੂ ਅਗਲੀ ਮੀਟਿੰਗ 2018 ਵਿੱਚ ਅਰਜਨਟੀਨਾ ਵਿੱਚ ਕਰਨ ਉਤੇ ਵੀ ਸਹਿਮਤ ਹੋਏ, ਜਦੋਂ ਕਿ 2019 ਦੀ ਇਕੱਤਰਤਾ ਜਾਪਾਨ ਅਤੇ 2020 ਦੀ ਸਾਊਦੀ ਅਰਬ ਵਿੱਚ ਕਰਵਾਉਣ ਬਾਰੇ ਆਮ ਰਾਇ ਬਣੀ।
ਰੂਸ ਨੇ ਅਮਰੀਕੀ ਚੋਣਾਂ ਵਿੱਚ ਦਖ਼ਲ ਨਹੀਂ ਦਿੱਤਾ: ਪੂਤਿਨ
ਹੈਮਬਰਗ - ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੂੰ ਕਿਹਾ ਕਿ ਮਾਸਕੋ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਦਖ਼ਲ ਨਹੀਂ ਦਿੱਤਾ, ਜਿਸ ਨੂੰ ਟਰੰਪ ਨੇ ਮੰਨ ਲਿਆ। ਇਹ ਦਾਅਵਾ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਕੀਤਾ।  ਜੀ20 ਸਿਖਰ ਸੰਮੇਲਨ ਤੋਂ ਇਲਾਵਾ ਦੋਵੇਂ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਮੀਟਿੰਗ ਕੀਤੀ ਜੋ ਦੋ ਘੰਟੇ ਚੱਲੀ। ਇਕ ਸਮੇਂ ਅਮਰੀਕਾ ਦੀ ਪਹਿਲੀ ਮਹਿਲਾ ਮਿਲੇਨੀਆ ਟਰੰਪ ਕਮਰੇ ਵਿੱਚ ਦਾਖਲ ਹੋਈ ਤੇ ਉਨ੍ਹਾਂ ਨੂੰ ਜਲਦੀ ਕਰਨ ਲਈ ਕਿਹਾ। ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਦੱਸਿਆ ਕਿ ਟਰੰਪ ਨੇ ਸ਼ੁਰੂਆਤ ਵਿੱਚ ਮਾਸਕੋ ਵੱਲੋਂ ਚੋਣਾਂ ਦੌਰਾਨ ਸਾਈਬਰ ਦਖਲਅੰਦਾਜ਼ੀ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਅਜਿਹੇ ਹਮਲੇ ਨੂੰ ਲੋਕਤੰਤਰਕ ਪ੍ਰਕਿਰਿਆ ’ਤੇ ਖ਼ਤਰਾ ਦੱਸਿਆ ਹੈ।
ਪੈਰਿਸ ਸਮਝੌਤਾ: ਅਮਰੀਕਾ ਫਿਰ ਅੜਿਆ
ਹੈਮਬਰਗ - ਪੈਰਿਸ ਜਲਵਾਯੂ ਸਮਝੌਤੇ ਨੂੰ ‘ਅਟੱਲ’ ਕਰਾਰ ਦਿੰਦਿਆਂ ਭਾਰਤ ਨੇ ਅੱਜ ਆਲਮੀ ਤਪਸ਼ ਖ਼ਿਲਾਫ਼ ਲੜਾਈ ਦਾ  ਸਮਰਥਨ ਕਰਦਿਆਂ ਜੀ-20 ਗਰੁੱਪ ਦੇ 18 ਹੋਰ ਮੈਂਬਰਾਂ ਨਾਲ ਹੱਥ ਮਿਲਾ ਲਿਆ ਹੈ। ਇਸ ਨਾਲ ਅਮਰੀਕਾ, ਜੋ ਇਸ ਸਮਝੌਤੇ ਵਿੱਚੋਂ ਬਾਹਰ ਹੋ ਗਿਆ ਸੀ, ਇਕੱਲਾ ਰਹਿ ਗਿਆ ਹੈ। ਦੋ-ਰੋਜ਼ਾ ਜੀ-20 ਸੰਮੇਲਨ ’ਚ ਭਾਰਤ ਦਾ ਆਲਮੀ ਵਪਾਰ ਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਅਤਿਵਾਦ ਖ਼ਿਲਾਫ਼ ‘ਅਹਿਮ ਯੋਗਦਾਨ’ ਵਾਲਾ ਪੱਖ ਦੇਖਿਆ ਗਿਆ।  ਇਸ ਸੰਮੇਲਨ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਸ਼ਵ ਦੇ ਚੋਟੀ ਦੇ ਆਗੂਆਂ ਮੇਜ਼ਬਾਨ ਏਂਜਲਾ ਮਾਰਕਲ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਸ਼ਿਰਕਤ ਕੀਤੀ, ਉਤੇ ਜਰਮਨੀ ਦੀ ਇਸ ਪੋਰਟ ਸਿਟੀ ’ਚ ਹੋਏ ਹਿੰਸਕ ਰੋਸ ਮੁਜ਼ਾਹਰਿਆਂ ਦਾ ਪਰਛਾਵਾਂ ਪੈ ਗਿਆ। ਪੂੰਜੀਵਾਦ-ਵਿਰੋਧੀ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਾਲੇ ਝੜਪਾਂ ਹੋਈਆਂ। ਜਰਮਨ ਚਾਂਸਲਰ ਏਂਜਲਾ ਮਾਰਕਲ ਨੇ ਕਿਹਾ ਕਿ ਬਦਕਿਸਮਤੀ ਨਾਲ ਅਮਰੀਕਾ ਪੈਰਿਸ ਸਮਝੌਤੇ ਖ਼ਿਲਾਫ਼ ਅੜਿਆ ਹੋਇਆ ਹੈ ਪਰ ਬਾਕੀ ਸਾਰੇ ਮੈਂਬਰਾਂ ਨੇ ਮਜ਼ਬੂਤ ਸਮਰਥਨ ਦਿੱਤਾ ਹੈ। ਜਰਮਨ ਚਾਂਸਲਰ ਨੇ  ਸਪੱਸ਼ਟ ਕਿਹਾ ਕਿ ਅਮਰੀਕਾ ਨੇ ਬਾਕੀ ਮੈਂਬਰਾਂ ਦੇ ਸਟੈਂਡ ਨਾਲ ਅਸਹਿਮਤੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ, ‘ਬੇਸ਼ੱਕ ਇਹ ਪੂਰੀ ਤਰ੍ਹਾਂ ਸਾਂਝਾ ਫ਼ੈਸਲਾ ਨਹੀਂ ਹੋ ਸਕਦਾ ਸੀ। ਯੂਐਸ ਨੂੰ ਛੱਡ ਕੇ ਬਾਕੀ ਸਾਰੇ ਜੀ-20 ਮੁਲਕ ਪੈਰਿਸ ਸਮਝੌਤੇ ਉਤੇ ਇਕਮੱਤ ਹਨ।’

 

 

fbbg-image

Latest News
Magazine Archive