ਵਜ਼ਾਰਤੀ ਵਾਧੇ ਬਾਰੇ ਕੈਪਟਨ ਤੇ ਰਾਹੁਲ ਵੱਲੋਂ ਵਿਚਾਰਾਂ


ਨਵੀਂ ਦਿੱਲੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਪੰਜਾਬ ਮੰਤਰੀ ਮੰਡਲ ਵਿੱਚ ਵਾਧੇ ਬਾਬਤ ਚਰਚਾ ਕੀਤੀ। ਇਸ ਮੀਟਿੰਗ ਵਿੱਚ ਕਾਂਗਰਸ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਵੀ ਹਾਜ਼ਰ ਸਨ।
ਸੂਤਰਾਂ ਮੁਤਾਬਕ ਇਸ ਮੁਲਾਕਾਤ ਦੌਰਾਨ ਮੰਤਰੀ ਮੰਡਲ ਵਿੱਚ ਕੁੱਝ ਨਵੇਂ ਚਿਹਰੇ ਸ਼ਾਮਲ ਕਰਨ ਬਾਰੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਹੋੋਰ ਸੀਨੀਅਰ ਆਗੂਆਂ ਦੇ ਨਾਲ ਨਾਲ ਵਿਜੈਇੰਦਰ ਸਿੰਗਲਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਂ ਸ਼ਾਮਲ ਹਨ। ਰਾਹੁਲ ਗਾਂਧੀ ਦੇ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਗਏ ਹੋਣ ਕਰ ਕੇ ਮੰਤਰੀ ਮੰਡਲ ਦੇ ਵਿਸਥਾਰ ਲਈ ਬੈਠਕ ਪਛੜ ਗਈ ਸੀ। ਪੰਜਾਬ ਕਾਂਗਰਸ ਦੇ ਹੋਰ ਆਗੂਆਂ ਨੂੰ ਬੋਰਡਾਂ ਦੇ ਚੇਅਰਮੈਨ ਜਾਂ ਹੋਰ ਅਹੁਦਿਆਂ ਉਪਰ ਲਾਉਣ ਦਾ ਮੁੱਦਾ ਵੀ ਕਾਂਗਰਸੀ ਆਗੂਆਂ ਦਰਮਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮੁਲਾਕਾਤ ਤੋਂ ਪਹਿਲਾਂ ਮੰਤਰੀ ਮੰਡਲ ਵਿੱਚ ਵਾਧੇ ਦੇ ਮੁੱਦੇ ਉਤੇ ਰਾਹੁਲ ਗਾਂਧੀ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨਾਲ ਵੀ ਚਰਚਾ ਕਰ ਚੁੱਕੇ ਹਨ।
ਇਸ ਤੋਂ ਪਹਿਲਾਂ ਬੀਤੇ ਦਿਨੀਂ ਇਕ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਕਾਰਗੁਜ਼ਾਰੀ ਬਾਰੇ ਆਖਿਆ ਸੀ ਕਿ ਉਤਰਾਅ-ਚੜ੍ਹਾਅ ਜਮਹੂਰੀਅਤ ਦਾ ਹਿੱਸਾ ਹਨ ਅਤੇ ਰਾਹੁਲ ਗਾਂਧੀ ਦਾ ਭਵਿੱਖ ਮਜ਼ਬੂਤ ਹੈ ਤੇ ਕਾਂਗਰਸ ਵਾਪਸੀ ਕਰੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਲਈ ਮੀਰਾ ਕੁਮਾਰ ਦਾ ਨਾਂ ਜੇ ਪਹਿਲਾਂ ਐਲਾਨਿਆ ਜਾਂਦਾ ਤਾਂ ਉਨ੍ਹਾਂ ਬਿਹਤਰ ਉਮੀਦਵਾਰ ਹੋਣਾ ਸੀ। ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਵਿੱਚ ਕੀਤੇ ਹੰਗਾਮੇ ਦੇ ਮੁੱਦੇ ਉਤੇ ਉਨ੍ਹਾਂ ਕਿਹਾ ਕਿ ਇਹ ਵਿਧਾਇਕ ਹਾਲੇ ਨਵੇਂ ਹਨ ਅਤੇ ਉਨ੍ਹਾਂ ਨੂੰ ਸੰਸਦੀ ਪ੍ਰਣਾਲੀ ਬਾਰੇ ਸਿੱਖਣ ਦੀ ਲੋੜ ਹੈ। ਰਾਣਾ ਗੁਰਜੀਤ ਸਿੰਘ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ‘ਮੀਡੀਆ ਟਰਾਇਲ’ ਅਤੇ ਵਿਰੋਧੀ ਪਾਰਟੀਆਂ ਦੇ ਦਬਾਅ ਵਿੱਚ ਨਹੀਂ ਆਏਗੀ ਅਤੇ ਤਿੰਨ ਕਮੇਟੀਆਂ ਦੀ ਰਿਪੋਰਟ ਦਾ ਇੰਤਜ਼ਾਰ ਕਰੇਗੀ।
ਬਹਿਬਲ ਗੋਲੀ ਕਾਂਡ ਪਿੱਛੇ ਸੀ ਬਾਦਲ ਦਾ ਹੱਥ: ਕੈਪਟਨ ਅਮਰਿੰਦਰ
ਨਵੀਂ ਦਿੱਲੀ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੋਸ਼ ਲਾਇਆ ਕਿ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਪਿੰਡ ਬਹਿਬਲ ਕਲਾਂ (ਫਰੀਦਕੋਟ) ਵਿੱਚ ‘ਬੇਲੋੜੀ’ ਪੁਲੀਸ ਗੋਲੀਬਾਰੀ ਪਿੱਛੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਸੀ, ਜਿਸ ਵਿੱਚ ਦੋ ਵਿਅਕਤੀ ਮਾਰੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਗੋਲੀ ਕਾਂਡ ਲਈ ਕਾਇਮ ਕੀਤਾ ਜਾਂਚ ਕਮਿਸ਼ਨ ਉਨ੍ਹਾਂ ਦੇ ਦੋਸ਼ਾਂ ਨੂੰ ਸਹੀ ਠਹਿਰਾਏਗਾ।  ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਕਰਾਏ ਸਮਾਗਮ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ, ‘ਐਸਪੀ ਗੋਲੀ ਚਲਾਉਣ ਦੀ ਆਗਿਆ ਕਿਵੇਂ ਦੇ ਸਕਦਾ ਹੈ? ਉਸ ਨੂੰ ਅਜਿਹਾ ਕਰਨ ਦੀਆਂ ਸਪੱਸ਼ਟ ਹਦਾਇਤਾਂ ਸਨ।’ ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਰਾਜ ਵਿੱਚ 183 ਅਜਿਹੀਆਂ ਘਟਨਾਵਾਂ ਹੋਈਆਂ, ਜਿਨ੍ਹਾਂ ਵਿੱਚੋਂ 121 ਹਾਲੇ ਵੀ ਅਣਸੁਲਝੀਆਂ ਹਨ। ਕਾਂਗਰਸ ਦੇ ਸੱਤਾ ਸੰਭਾਲਣ ਬਾਅਦ ਬੇਅਦਬੀ ਦੇ 13 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 12 ਸੁਲਝਾ ਦਿੱਤੇ ਗਏ ਹਨ। ਗ਼ੌਰਤਲਬ ਹੈ ਕਿ ਜਸਟਿਸ ਜ਼ੋਰਾ ਸਿੰਘ ਜਾਂਚ ਕਮਿਸ਼ਨ ਨੇ ਬਹਿਬਲ ਕਲਾਂ ਵਿੱਚ ਪੁਲੀਸ ਗੋਲੀਬਾਰੀ ਨੂੰ ‘ਬਿਲਕੁਲ ਬੇਲੋੜੀ’ ਕਰਾਰ ਦਿੱਤਾ ਸੀ।
ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਅਕਾਲੀਆਂ ਵੱਲੋਂ ਧਰਮ ਨੂੰ ਆਪਣੇ ਸਿਆਸੀ ਮੁਫ਼ਾਦ ਲਈ ਵਰਤਿਆ ਗਿਆ ਹੈ। ਉਨ੍ਹਾਂ ਦੀ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ ਅਤੇ ਫਿਰਕੂ ਸਮੱਸਿਆਵਾਂ ਪੈਦਾ ਕੀਤੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਬੇਕਸੂਰ ਲੋਕਾਂ ਉਤੇ ‘ਇਕ ਲੱਖ ਤੋਂ ਵੱਧ ਝੂਠੇ ਕੇਸ’ ਦਰਜ ਕੀਤੇ ਸਨ। ਅਜਨਾਲਾ ਵਿੱਚ ਇਕ ਮੁੰਡੇ ਉਤੇ 28 ਕੇਸ ਦਰਜ ਕੀਤੇ ਗਏ ਸਨ।
 

 

Latest News
Magazine Archive