ਵਾਨੀ ਦੀ ਬਰਸੀ: ਜੰਮੂ-ਕਸ਼ਮੀਰ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ


ਸੰਭਾਵਿਤ ਮੁਸ਼ਕਲ ਸਥਿਤੀ ’ਤੇ ਕਾਬੂ ਪਾਉਣ ਲਈ ਕੇਂਦਰੀ ਬਲਾਂ ਦੀਆਂ 214 ਕੰਪਨੀਆਂ ਭੇਜੀਆਂ
ਨਵੀਂ ਦਿੱਲੀ - ਅਮਰਨਾਥ ਯਾਤਰਾ ਦੀ ਸੁਰੱਖਿਆ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਪਹਿਲੀ ਬਰਸੀ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਵਿੱਚ ਕੇਂਦਰੀ ਅਰਧ-ਸੁਰੱਖਿਆ ਬਲਾਂ ਦੇ 21,000 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਰਿਸ਼ੀ ਨੇ ਦੱਸਿਆ,‘‘ਅਸੀਂ ਕਸ਼ਮੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ। ਅਸੀਂ 8 ਜੁਲਾਈ ਅਤੇ ਅਮਰਨਾਥ ਯਾਤਰਾ ਦੌਰਾਨ ਕਿਸੇ ਵੀ ਕਿਸਮ ਦੀ ਸੰਭਾਵਿਤ ਮੁਸ਼ਕਲ ਸਥਿਤੀ ’ਤੇ ਕਾਬੂ ਪਾਉਣ ਲਈ ਕੇਂਦਰੀ ਬਲਾਂ ਦੀਆਂ 214 ਕੰਪਨੀਆਂ ਭੇਜੀਆਂ ਹਨ।’’ਕੇਂਦਰੀ ਅਰਧ-ਸੁਰੱਖਿਆ ਬਲਾਂ ਦੀ ਇੱਕ ਕੰਪਨੀ ਵਿੱਚ 100 ਮੁਲਾਜ਼ਮ ਸ਼ਾਮਲ ਹਨ। ਇਹ ਮੁਲਾਜ਼ਮ ਸੂਬੇ ਦੀ ਪੁਲੀਸ ਅਤੇ ਅਤਿਵਾਦ ’ਤੇ ਕਾਬੂ ਪਾਉਣ ਲਈ ਤਾਇਨਾਤ ਕੀਤੇ ਗਏ ਮੁਲਾਜ਼ਮਾਂ ਤੋਂ ਇਲਾਵਾ ਹਨ। ਬੀਤੇ ਸਾਲ 8 ਜੁਲਾਈ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਚਾਰ ਜ਼ਿਲ੍ਹਿਆਂ- ਪੁਲਵਾਮਾ, ਕੁਲਗਾਮ, ਸ਼ੋਪੀਆਂ ਅਤੇ ਅਨੰਤਨਾਗ ਵਿੱਚ ਸਥਿਤੀ ਤਣਾਅਪੂਰਨ ਚੱਲ ਰਹੀ ਹੈ। ਸੂਬੇ ਦੇ ਸਰਕਾਰੀ ਸੂਤਰਾਂ ਨੇ ਕੁਝ ਸਮਾਂ ਪਹਿਲਾਂ ਦੱਸਿਆ ਸੀ ਕਿ ਇਸ ਮੁਕਾਬਲੇ ਤੋਂ ਬਾਅਦ ਇਨ੍ਹਾਂ ਇਲਾਕਿਆਂ ਦੇ 80 ਤੋਂ ਵੱਧ ਨੌਜਵਾਨਾਂ ਨੇ ਹਥਿਆਰ ਚੁੱਕ ਲਏ ਸਨ। ਵਾਨੀ ਦੇ ਮਾਰੇ ਜਾਣ ਤੋਂ ਬਾਅਦ ਘਾਟੀ ਵਿੱਚ ਪੰਜ ਮਹੀਨੇ ਚੱਲੇ ਤਣਾਅ ਦੌਰਾਨ 76 ਆਮ ਵਿਅਕਤੀ ਅਤੇ 2 ਪੁਲੀਸ ਮੁਲਾਜ਼ਮ ਮਾਰੇ ਜਾ ਚੁੱਕੇ ਹਨ। ਸੂਬਾ ਸਰਕਾਰ ਨੇ ਸਾਰੀਆਂ ਸਿੱਖਿਆ ਸੰਸਥਾਵਾਂ ਵਿੱਚ 6 ਜੁਲਾਈ ਤੋਂ ਦਸ ਦਿਨਾਂ ਲਈ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਹ ਛੁੱਟੀਆਂ ‘ਯੂਨਾਈਟਡ ਜੇਹਾਦ ਕੌਂਸਲ’ (ਯੂਜੇਸੀ) ਵੱਲੋਂ ਜਾਰੀ ਮੁਜ਼ਾਹਰੇ ਦੇ ਸ਼ੈਡਿਊਲ ਦੇ ਦਿਨਾਂ ਦੌਰਾਨ ਹੀ ਪੈ ਰਹੀਆਂ ਹਨ। ‘ਯੂਜੇਸੀ’ ਨੇ ਵਾਨੀ ਦੀ ਬਰਸੀ ਦੇ ਮੱਦੇਨਜ਼ਰ ਸੋਮਵਾਰ ਨੂੰ ਮੁਜ਼ਾਹਰੇ ਦਾ ਐਲਾਨ ਕੀਤਾ ਹੋਇਆ ਹੈ। ਚਾਲੀ ਦਿਨ ਚੱਲਣ ਵਾਲੀ ਅਮਰਨਾਥ ਯਾਤਰਾ 28 ਜੂਨ ਨੂੰ ਸ਼ੁਰੂ ਹੋਈ ਸੀ। ਹੁਣ ਤਕ 90,000 ਸ਼ਰਧਾਲੂ ਦੱਖਣੀ ਕਸ਼ਮੀਰ ਵਿੱਚ 3,888 ਮੀਟਰ ਦੀ ਉਚਾਈ ’ਤੇ ਸਥਿਤ ਪਵਿੱਤਰ ਗੁਫ਼ਾ ਦੇ ਦਰਸ਼ਨ ਕਰ ਚੁੱਕੇ ਹਨ।
ਕਸ਼ਮੀਰ ਵਿੱਚ ਸੋਸ਼ਲ ਮੀਡੀਆ ਸਾਈਟਾਂ ਬੰਦ ਕਰਨ ਦੇ ਦਿਸ਼ਾ-ਨਿਰਦੇਸ਼
ਸ੍ਰੀਨਗਰ - ਜੰਮੂ ਕਸ਼ਮੀਰ ਪੁਲੀਸ ਨੇ ਹਿਜ਼ਬੁਲ ਮੁਜਾਹਿਦੀਨ ਕਮਾਂਡਰ ਬੁਰਹਾਨ ਵਾਨੀ ਦੀ ਬਰਸੀ ਦੇ ਮੱਦੇਨਜ਼ਰ ਇੰਟਰਨੈੱਟ ਸੇਵਾ ਪ੍ਰੋਵਾਈਡਰਾਂ ਨੂੰ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਬੰਦ ਕਰਨ ਜਾਂ ਅੱਜ ਰਾਤ 10 ਵਜੇ ਤੋਂ ਕਸ਼ਮੀਰ ਵਿੱਚ ਇੰਟਰਨੈੱਟ ਸੇਵਾਵਾਂ ਅਗਲੇ ਹੁਕਮਾਂ ਤਕ ਬੰਦ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ। ਇਹ ਹੁਕਮ ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਮੁਨੀਰ ਅਹਿਮਦ ਵੱਲੋਂ ਘਾਟੀ ਵਿੱਚ ਇੰਟਰਨੈੱਟ ਸੇਵਾ ਮੁਹੱਈਆ ਕਰਵਾਉਣ ਵਾਲਿਆਂ ਨੂੰ ਜਾਰੀ ਕੀਤੇ ਗਏ ਹਨ।

 

 

fbbg-image

Latest News
Magazine Archive