ਅਤਿਵਾਦ ਵਿਰੁੱਧ ਭਾਰਤ-ਇਜ਼ਰਾਈਲ ਇਕਜੁੱਟ


ਤਲ ਅਵੀਵ - ਇਜ਼ਰਾਈਲ ਨਾਲ ਸਬੰਧਾਂ ਦੇ ਨਵਾਂ ਅਧਿਆਇ ਦੀ ਸ਼ੁਰੂਆਤ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਤਿਹਾਸਕ ਦੌਰਾ ਅੱਜ ਤੋਂ ਆਰੰਭ ਹੋ ਗਿਆ। ਉਨ੍ਹਾਂ ਦਾ ਇਥੇ ਪੁੱਜਣ ’ਤੇ ਉਨ੍ਹਾਂ ਦੇ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਵੱਲੋਂ ਨਿਵੇਕਲਾ ਸਵਾਗਤ ਕੀਤਾ ਗਿਆ। ਸ੍ਰੀ ਨੇਤਨਯਾਹੂ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਸਹਿਯੋਗ ਦੀ ਕੋਈ ਸੀਮਾ ਨਹੀਂ ਹੈ।
ਸ੍ਰੀ ਮੋਦੀ ਯਹੂਦੀ ਮੁਲਕ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੂੰ ਬੇਨ ਗੁਰੀਅਨ ਹਵਾਈਅੱਡੇ ’ਤੇ ਲੈਣ ਲਈ ਸ੍ਰੀ ਨੇਤਨਯਾਹੂ ਪੁੱਜੇ। ਇਸ ਮੌਕੇ ਉਨ੍ਹਾਂ ਹਿੰਦੀ ਵਿੱਚ ਕਿਹਾ,‘‘ ਆਪਕਾ ਸਵਾਗਤ ਹੈ, ਮੇਰੇ ਦੋਸਤ। ਅਸੀਂ ਭਾਰਤ ਨੂੰ ਪਿਆਰ ਕਰਦੇ ਹਾਂ।’’ ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਸ੍ਰੀ ਮੋਦੀ ਨੂੰ ਦੁਨੀਆਂ ਅਤੇ ਭਾਰਤ ਦਾ ਮਹਾਨ ਆਗੂ ਦੱਸਿਆ। ਉਨ੍ਹਾਂ ਕਿਹਾ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਦੀ 70 ਵਰ੍ਹਿਆਂ ਤੋਂ ਉਡੀਕ ਕਰ ਰਹੇ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੱਫ਼ੀ ਦਾ ਟਰੇਡ ਮਾਰਕ ਇਥੇ ਮੁੜ ਦੇਖਣ ਨੂੰ ਮਿਲਿਆ ਜਦੋਂ ਦੋਵੇਂ ਪ੍ਰਧਾਨ ਮੰਤਰੀਆਂ ਨੇ ਤਿੰਨ ਵਾਰ ਇਕ ਦੂਜੇ ਨੂੰ ਗਲਵੱਕੜੀ ਪਾਈ। ਇਸ ਦੌਰਾਨ ਉਨ੍ਹਾਂ ਨੇ ਕਈ ਵਾਰ ਇਕ ਦੂਜੇ ਨੂੰ ‘‘ਮੇਰੇ ਦੋਸਤ’’ ਕਿਹਾ। ਇਥੇ  ਦੋਵਾਂ ਨੇਤਾਵਾਂ ਨੇ ਆਪਣੇ ਸੰਖੇਪ ਭਾਸ਼ਨ ਵਿੱਚ ਹਰ ਖੇਤਰ ਵਿੱਚ ਦੁਪਾਸੜ ਸਬੰਧਾਂ ਅਤੇ ਅਤਿਵਾਦ ਵਰਗੀਆਂ ਚੁਣੌਤੀਆਂ ’ਤੇ ਸਾਂਝੇ ਸਮਝੌਤਿਆਂ ਨੂੰ ਹੁਲਾਰਾ ਦੇਣ ’ਤੇ ਜ਼ੋਰ ਦਿੱਤਾ। ਨੇਤਨਯਾਹੁੂ ਦੀ ਪੂਰੀ ਕੈਬਨਿਟ ਹਵਾਈ ਅੱਡੇ ’ਤੇ ਸ੍ਰੀ ਮੋਦੀ ਦੇ ਸਵਾਗਤ ਲਈ ਪੁੱਜੀ ਹੋਈ ਸੀ, ਜਿਨ੍ਹਾਂ ਨੇ ਕ੍ਰੀਮ ਰੰਗ ਦਾ ,‘‘ ਬੰਦ ਗਲਾ’ ਕੋਟ, ਜਿਸ ਦੀ ਜੇਬ ਵਿੱਚ ਗੂੜ੍ਹੇ ਨੀਲੇ ਰੰਗ ਦਾ ਰੁਮਾਲ ਸੀ ਪਹਿਨਿਆ ਹੋਇਆ ਸੀ। ਇਜ਼ਰਾਈਲ ਦੇ ਫੌਜੀ ਬੈਂਡ ਵੱਲੋਂ ਦੋਵਾਂ ਮੁਲਕਾਂ ਦੇ ਰਾਸ਼ਟਰੀ ਗਾਣ ਵਜਾਉਣ ਤੋਂ ਬਾਅਦ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ।  ਸ੍ਰੀ ਨੇਤਨਯਾਹੂ ਨੇ ਸ੍ਰੀ ਮੋਦੀ ਨੂੰ ਕਿਹਾ ਕਿ ਉਨ੍ਹਾਂ ਨੂੰ ਯਾਦ ਹੈ ਕਿ ਉਨ੍ਹਾਂ ਨੇ ਪਹਿਲੀ ਮੀਟਿੰਗ ਵਿੱਚ ਕਿਹਾ ਸੀ- ਜਦੋਂ ਭਾਰਤ ਅਤੇ ਇਜ਼ਰਾਈਲ ਦੇ ਸਬੰਧਾਂ ਦੀ ਗੱਲ ਆਉਂਦੀ ਹੈ ਤਾਂ ਉਸ ਦੀ ਸੀਮਾ ਅਸਮਾਨ ਤਕ ਹੈ। ਪਰ ਹੁਣ ਉਹ ਇਸ ਵਿੱਚ ਵਾਧਾ ਕਰਨਾ ਚਾਹੁੰਦੇ ਹਨ ਇਹ ਸਬੰਧ ਬਹੁਤ ਅੱਗੇ ਤਕ ਜਾਣਗੇ। ਉਨ੍ਹਾਂ ਕਿਹਾ ਕਿ ਉਹ ਪੁਲਾੜ ਵਿੱਚ ਵੀ ਸਹਿਯੋਗ ਦੇ ਰਹੇ ਹਨ। ਦੋਵਾਂ ਮੁਲਕਾਂ ਵਿਚਾਲੇ ਸਹਿਯੋਗ ਦੀਆਂ ਵੱਡੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ ਅਸੀਂ ਬਹੁਤ ਕੁਝ ਕਰਾਂਗੇ, ਮਿਲ ਕੇ ਬਿਹਤਰ ਕਰਾਂਗੇ।’’
ਸ੍ਰੀ ਮੋਦੀ ਨੇ ਇਥੇ ਪੁੱਜਣ ’ਤੇ ਉਨ੍ਹਾਂ ਦੇ ਹੋਏ ਵਿਸ਼ੇਸ਼ ਸਵਾਗਤ ਦੀ ਸ਼ਲਾਘਾ ਕਰਦਿਆਂ ਹੈਬਰਿਊ ਵਿੱਚ ਕੁਝ ਸ਼ਬਦ ਕਹੇ। ਉਨ੍ਹਾਂ ਕਿਹਾ ਸ਼ਲੋਮ(ਹੈਲੋ), ਉਨ੍ਹਾਂ ਨੂੰ ਇਥੇ ਪੁੱਜ ਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਆਪਣੀ ਤਿੰਨ ਦਿਨਾਂ ਯਾਤਰਾ ਨੂੰ ਇਤਿਹਾਸਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਮਿਲ ਕੇ ਵਧ ਅਤੇ ਬਿਹਤਰ ਕਰ ਸਕਦੇ ਹਨ। ਉਨ੍ਹਾਂ ਨੇ ਭਾਰਤ ਦੀ ਪੁਰਾਣੀ ਸਭਿਅਤਾ ਦਾ ਜ਼ਿਕਰ ਕਰਦਿਆਂ ਭਾਰਤ ਨੂੰ ਨੌਜਵਾਨ ਮੁਲਕ ਐਲਾਨਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪ੍ਰਤਿਭਾਸ਼ਾਲੀ ਅਤੇ ਕੁਸ਼ਲ ਨੌਜਵਾਨ ਹਨ, ਜਿਹੜੇ ਭਾਰਤ ਦੀ ਤਾਕਤ ਹਨ। ਉਨ੍ਹਾਂ ਕਿਹਾ,‘‘ਇਜ਼ਰਾਈਲ ਮਹੱਤਵਪੂਰਨ ਵਿਕਾਸ ਭਾਈਵਾਲ ਹੈ। ਇਹ ਇਕ ਇਤਿਹਾਸਕ ਸਫ਼ਰ ਹੈ ਜੋ ਅਸੀਂ ਆਪਣੇ ਸਮਾਜ ਅਤੇ ਲੋਕਾਂ ਦੀ ਭਲਾਈ ਲਈ ਮਿਲ ਕੇ ਤੈਅ ਕਰਾਂਗੇ।’’
ਸ੍ਰੀ ਮੋਦੀ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਦੇ ਭਰਾ ਦੀ ਸ਼ਹਾਦਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹੀ 41 ਵਰ੍ਹੇ ਪਹਿਲਾਂ ਉਨ੍ਹਾਂ ਦੇ ਦੋਸਤ ਨੇ ਆਪਣਾ ਭਰਾ  ਗੁਆ ਦਿੱਤਾ ਸੀ ਜਿਸ ਨੂੰ ਯੁਗਾਂਡਾ ਵਿੱਚ ਇਜ਼ਰਾਇਲੀ ਬੰਧਕਾਂ ਨੂੰ ਬਚਾਉਂਦਿਆਂ ਮਾਰ ਦਿੱਤਾ ਗਿਆ ਸੀ।
ਮੋਦੀ ਵੱਲੋਂ ਡੈਨਜ਼ੀਗਰ ਬਾਗ ਦਾ ਦੌਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਹਮਰੁਤਬਾ ਨੇਤਨਯਾਹੂ ਨਾਲ ਇਜ਼ਰਾਈਲ ਦਾ ਡੈਨਜ਼ੀਗਰ ਫੁੱਲਾਂ ਦਾ ਬਾਗ ਵੀ ਦੇਖਣ ਗਏ। ਉਨ੍ਹਾਂ ਦਾ ਇਹ ਬਾਗ ਦੇਖਣ ਦਾ ਮਕਸਦ ਫੁੱਲਾਂ ਦੀ ਖੇਤੀ ਦੇ ਖੇਤਰ ਵਿੱਚ ਹਾਲੀਆ ਕਾਢ ਅਤੇ ਤਰੱਕੀ ਬਾਰੇ ਜਾਣਕਾਰੀ ਹਾਸਲ ਕਰਨਾ ਸੀ। ਡੈਨਜ਼ੀਗਰ ਇਜ਼ਰਾਇਲੀ ਫੁੱਲਾਂ ਦੇ ਖੇਤਰ ਵਿੱਚ ਉੱਘੀ ਕੰਪਨੀ ਹੈ ਜਿਸ ਦੇ 80 ਹਜ਼ਾਰ ਵਰਗ ਮੀਟਰ ਖੇਤਰ ਵਿੱਚ ਗ੍ਰੀਨ ਹਾਊਸ ਵਿੱਚ ਪੌਦੇ ਉਗਾਏ ਜਾਂਦੇ ਹਨ। ਇਸ ਬਾਗ ਦਾ ਨਿਰਮਾਣ 1953 ਵਿੱਚ ਕੀਤਾ ਗਿਆ ਸੀ ਜੋ ਮੋਸ਼ਵ ਮਿਸ਼ਮਰ ਹਸ਼ਿਵਾ ਯੇਰੂਸ਼ਲਮ ਤੋਂ 56 ਕਿਲੋਮੀਟਰ ਦੂਰ ਕੇਂਦਰੀ ਇਜ਼ਰਾਈਲ ਵਿੱਚ ਸਥਿਤ ਹੈ।

 

 

fbbg-image

Latest News
Magazine Archive