ਅਚਲ ਕੁਮਾਰ ਜਿਓਤੀ ਮੁੱਖ ਚੋਣ ਕਮਿਸ਼ਨਰ ਨਿਯੁਕਤ


ਨਵੀਂ ਦਿੱਲੀ - ਚੋਣ ਕਮਿਸ਼ਨਰ ਅਚਲ ਕੁਮਾਰ ਜਿਓਤੀ ਨੂੰ ਨਸੀਮ ਜ਼ੈਦੀ ਦੀ ਥਾਂ ਅਗਲਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ 64 ਸਾਲਾ ਜੋਤੀ ਗੁਜਰਾਤ ਦੇ ਮੁੱਖ ਸਕੱਤਰ ਰਹੇ। ਕਾਨੂੰਨ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸ੍ਰੀ  ਜਿਓਤੀ ਛੇ ਜੁਲਾਈ ਨੂੰ ਚੋਣ ਕਮਿਸ਼ਨ ਦੇ ਮੁਖੀ ਦਾ ਅਹੁਦਾ ਸੰਭਾਲਣਗੇ। ਸ੍ਰੀ ਜ਼ੈਦੀ ਭਲਕੇ ਸੇਵਾਮੁਕਤ ਹੋਣਗੇ। ‘ਭਾਰਤੀ ਪ੍ਰਸ਼ਾਸਕੀ ਸੇਵਾ’ (ਆਈਏਐਸ) ਦੇ 1975 ਬੈਚ ਦੇ ਅਧਿਕਾਰੀ ਸ੍ਰੀ  ਜਿਓਤੀ 8 ਮਈ 2015 ਨੂੰ ਤਿੰਨ ਮੈਂਬਰੀ ਕਮਿਸ਼ਨ ਵਿੱਚ ਚੋਣ ਕਮਿਸ਼ਨਰ ਵਜੋਂ ਸ਼ਾਮਲ ਹੋਏ ਸਨ ਅਤੇ ਉਹ ਅਗਲੇ ਸਾਲ 17 ਜਨਵਰੀ ਤੱਕ ਕਮਿਸ਼ਨ ਵਿੱਚ ਰਹਿਣਗੇ। ਉਹ ਜਨਵਰੀ 2013 ਵਿੱਚ ਗੁਜਰਾਤ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਮੁੱਖ ਚੋਣ ਕਮਿਸ਼ਨਰ ਜਾਂ ਚੋਣ ਕਮਿਸ਼ਨਰ ਦਾ ਕਾਰਜਕਾਲ ਛੇ ਸਾਲਾਂ ਜਾਂ 65 ਸਾਲ ਦੀ ਉਮਰ ਤੱਕ, ਜੋ ਵੀ ਪਹਿਲਾਂ ਹੋਵੇ, ਤੱਕ ਹੁੰਦਾ ਹੈ। ਦੇਸ਼ ਦੇ 21ਵੇਂ ਮੁੱਖ ਚੋਣ ਕਮਿਸ਼ਨਰ ਬਣਨ ਜਾ ਰਹੇ ਸ੍ਰੀ ਜੋਤੀ ਨੇ ਗੁਜਰਾਤ ਵਿੱਚ ਵਿਜੀਲੈਂਸ ਕਮਿਸ਼ਨਰ ਤੋਂ ਇਲਾਵਾ ਰਾਜ ਵਿੱਚ ਵੱਖ ਵੱਖ ਅਹੁਦਿਆਂ ਉਤੇ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਕਾਂਡਲਾ ਬੰਦਰਗਾਹ ਟਰੱਸਟ ਦੇ ਚੇਅਰਮੈਨ ਅਤੇ ‘ਸਰਦਾਰ ਸਰੋਵਰ ਨਰਮਦਾ ਨਿਗਮ ਲਿਮੀਟਿਡ’ (ਐਸਐਸਐਨਐਨਐਲ) ਦੇ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਵੀ ਸ਼ਾਮਲ ਹੈ। ਉਹ ਗੁਜਰਾਤ ਵਿੱਚ ਸਨਅਤ, ਮਾਲ ਅਤੇ ਜਲ ਸਪਲਾਈ ਵਿਭਾਗਾਂ ਵਿੱਚ ਸਕੱਤਰ ਵਜੋਂ ਵੀ ਕੰਮ ਕਰਦੇ ਰਹੇ।
ਨਸੀਮ ਜ਼ੈਦੀ ਦੀ ਸੇਵਾਮੁਕਤੀ ਕਾਰਨ ਖ਼ਾਲੀ ਹੋ ਰਹੇ ਅਹੁਦੇ ਨੂੰ ਵੀ ਸਰਕਾਰ ਛੇਤੀ ਭਰ ਸਕਦੀ ਹੈ। ਇਸ ਸਮੇਂ ਕਮਿਸ਼ਨ ਵਿੱਚ ਓਮ ਪ੍ਰਕਾਸ਼ ਰਾਵਤ ਤੀਜੇ ਚੋਣ ਕਮਿਸ਼ਨਰ ਹਨ।

 

Latest News
Magazine Archive