ਪੁਲਵਾਮਾ ਮੁਕਾਬਲੇ ਵਿੱਚ ਦੋ ਅਤਿਵਾਦੀ ਹਲਾਕ


ਸ੍ਰੀਨਗਰ - ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਵਿੱਚ ਮੁਕਾਬਲੇ ਦੌਰਾਨ ਦੋ ਅਤਿਵਾਦੀ ਮਾਰੇ ਗਏ ਅਤੇ ਦੋ ਫ਼ੌਜੀਆਂ ਸਮੇਤ ਛੇ ਵਿਅਕਤੀ ਫੱਟੜ ਹੋ ਗਏ। ਪੁਲੀਸ ਦੇ ਤਰਜਮਾਨ ਨੇ ਦੱਸਿਆ ਕਿ ਪੁਲਵਾਮਾ ਦੇ ਬਾਹਮਨੂ ਇਲਾਕੇ ਵਿੱਚ ਅਤਿਵਾਦੀ ਦੇ ਲੁਕੇ ਹੋਣ ਬਾਰੇ ਮਿਲੀ ਸੂਚਨਾ ਉਤੇ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਤਲਾਸ਼ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਦੌਰਾਨ ਗੋਲੀਬਾਰੀ ਸ਼ੁਰੂ ਹੋ ਗਈ।
ਤਰਜਮਾਨ ਨੇ ਸ਼ਾਮ ਨੂੰ ਦੱਸਿਆ, ‘ਹੁਣ ਤਕ ਦੋ ਅਤਿਵਾਦੀ ਮਾਰੇ ਜਾ ਚੁੱਕੇ ਹਨ ਅਤੇ ਅਪਰੇਸ਼ਨ ਹਾਲੇ ਵੀ ਜਾਰੀ ਹੈ।’ ਮੁਕਾਬਲੇ ਵਿੱਚ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਤੀਜੇ ਅਤਿਵਾਦੀ ਵੱਲੋਂ ਹੱਥ ਗੋਲਾ ਸੁੱਟੇ ਜਾਣ ਕਾਰਨ ਫ਼ੌਜ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਵਾਲੀ ਜਗ੍ਹਾ ਨੇੜੇ ਪਥਰਾਅ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਸਮੇਂ ਚਾਰ ਆਮ ਨਾਗਰਿਕ ਫੱਟੜ ਹੋ ਗਏ।
ਇਸ ਦੌਰਾਨ ਅਨੰਤਨਾਗ ਵਿੱਚ ਅਤਿਵਾਦੀਆਂ ਨੇ ਗੋਲੀ ਮਾਰ ਕੇ ਇਕ ਪੁਲੀਸ ਮੁਲਾਜ਼ਮ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਨੰਤਨਾਗ ਬੱਸੇ ਅੱਡੇ ਵਿੱਚ ਅਤਿਵਾਦੀਆਂ ਵੱਲੋਂ ਨੇੜਿਓਂ ਦਾਗੀ ਗੋਲੀ ਕਾਂਸਟੇਬਲ ਗੁਲਾਮ ਹਸਨ ਦੀ ਧੌਣ ਵਿੱਚ ਵੱਜੀ। ਜ਼ਿਲ੍ਹਾ ਹਸਪਤਾਲ ਨੇ ਗੰਭੀਰ ਫੱਟੜ ਹੋਏ ਗੁਲਾਮ  ਹਸਨ ਨੂੰ ਫੌ਼ਜ ਦੇ 92 ਬੇਸ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਇਸ ਹਮਲੇ ਸਮੇਂ ਹਸਨ ਨਿਹੱਥਾ ਸੀ। ਸ੍ਰੀਨਗਰ ਦੇ ਅੰਦਰੂਨੀ ਹਿੱਸਿਆਂ ਵਿੱਚੋਂ ਅੱਜ ਪਾਬੰਦੀਆਂ ਹਟਾ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਤ ਵਿੱਚ ਸੁਧਾਰ ਬਾਅਦ ਪਾਬੰਦੀਆਂ ਹਟਾਈਆਂ ਗਈਆਂ ਹਨ। ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸੱਯਦ ਸਲਾਹਉਦੀਨ ਨੂੰ ‘ਆਲਮੀ ਅਤਿਵਾਦੀ’ ਐਲਾਨਨ ਬਾਰੇ ਅਮਰੀਕਾ ਦੇ ਫ਼ੈਸਲੇ ਖ਼ਿਲਾਫ਼ ਵੱਖਵਾਦੀ ਗਰੁੱਪਾਂ ਦੇ ਰੋਸ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹਤਿਆਤ ਵਜੋਂ ਸ਼ਹਿਰ ਦੇ ਪੰਜ ਥਾਣਿਆਂ ਅਧੀਨ ਇਲਾਕਿਆਂ ਵਿੱਚ ਪਾਬੰਦੀਆਂ ਲਗਾਈਆਂ ਸਨ। ਅੱਜ ਸਵੇਰੇ ਸ਼ਹਿਰ ਵਿੱਚ ਦੁਕਾਨਾਂ ਤੇ ਵਪਾਰਕ ਅਦਾਰੇ ਖੁੱਲ੍ਹੇ।
 

 

 

fbbg-image

Latest News
Magazine Archive