ਜਰਮਨੀ ਨੇ ਜਿੱਤਿਆ ਕਨਫੈਡਰੇਸ਼ਨ ਫੁਟਬਾਲ ਕੱਪ


ਸੇਂਟ ਪੀਟਰਜ਼ਬਰਗ - ਮਾਰਸੇਲੋ ਡਿਆਜ਼ ਦੇ ਖੁੰਝਣ ਮਗਰੋਂ ਲਾਰਸ ਸਟਿੰਡਲ ਦੇ ਆਸਾਨੀ ਨਾਲ ਕੀਤੇ ਗਏ ਗੋਲ ਦੀ ਬਦੌਲਤ ਜਰਮਨੀ ਨੇ ਕਨਫੈਡਰੇਸ਼ਨ ਕੱਪ ਫੁਟਬਾਲ ਦੇ ਫਾਈਨਲ ’ਚ ਚਿਲੀ ਨੂੰ 1-0 ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ।
ਕੱਲ ਰਾਤ ਖੇਡੇ ਗਏ ਮੈਚ ’ਚ ਡਿਆਜ਼ ਦੀ ਗਲਤੀ ਚਿਲੀ ’ਤੇ ਭਾਰੀ ਪੈ ਗਈ। ਉਸ ਨੇ ਗੇਂਦ ਝਪਟਣ ’ਚ ਥੋੜ੍ਹੀ ਦੇਰ ਲਾਈ ਅਤੇ ਤਦ ਤੱਕ ਟਿਮੋ ਵਰਨਰ ਨੇ ਉਸ ਤੋਂ ਗੇਂਦ ਖੋਹ ਕੇ ਸਟਿੰਡਲ ਵੱਧ ਵਧਾ ਦਿੱਤੀ ਜਿਸ ਸਾਹਮਣੇ ਕੋਈ ਰੱਖਿਅਕ ਜਾਂ ਗੋਲ ਕੀਪਰ ਨਹੀਂ ਸੀ। ਇਸ ਤਰ੍ਹਾਂ ਜਰਮਨੀ ਨੇ ਖੇਡ ਦੇ 20ਵੇਂ ਮਿੰਟ ’ਚ ਲੀਡ ਹਾਸਲ ਕਰ ਲਈ ਤੇ ਇਸ ਨੂੰ ਅੰਤ ਤੱਕ ਬਰਕਰਾਰ ਰੱਖ ਕੇ ਮੈਚ ਜਿੱਤਿਆ। ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣੇ ਜਾਣ ’ਤੇ ਗੋਲਡਨ ਬਾਲ ਹਾਸਲ ਕਰਨ ਵਾਲੇ ਜਰਮਨ ਕਪਤਾਨ ਜੂਲੀਅਨ ਡਰੈਕਸਲਰ ਨੇ ਕਿਹਾ ਕਿ ਉਨ੍ਹਾਂ ਚੰਗੀ ਤਰ੍ਹਾਂ ਮੁਕਾਬਲਾ ਕੀਤਾ ਅਤੇ ਉਹ ਇਸ ਜਿੱਤ ਦੇ ਹੱਕਦਾਰ ਸੀ। ਉਹ ਇਸ ਟੂਰਨਾਮੈਂਟ ’ਚ ਪਹਿਲਾਂ ਨਾਲ ਹੀ ਖੇਡੇ ਸੀ ਜਿਸ ਨਾਲ ਇਹ ਜਿੱਤ ਹੋਰ ਮਹੱਤਵਪੂਰਨ ਬਣ ਜਾਂਦੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਮੌਜੂਦਾ ਵਿਸ਼ਵ ਚੈਂਪੀਅਨ ਜਰਮਨੀ ਨੇ ਕਨਫੈਡਰੇਸ਼ਨ ਕੱਪ ਜਿੱਤਿਆ ਹੈ। ਟੂਰਨਾਮੈਂਟ ਦਾ ਸਰਵੋਤਮ ਗੋਲਕੀਪਰ ਚੁਣੇ ਗਏ ਚਿਲੀ ਦੇ ਕਪਤਾਨ ਕਲਾਉਡੀਓ ਬਰਾਵੋ ਨੇ ਕਿਹਾ ਕਿ ਦੋਵਾਂ ਟੀਮਾਂ ’ਚ ਕੋਈ ਫਰਕ ਨਹੀਂ ਸੀ, ਪਰ ਸਾਨੂੰ ਦੁਖ ਹੈ ਕਿ ਅਸੀਂ ਜਿੱਤ ਨਹੀਂ ਸਕੇ, ਪਰ ਅਸੀਂ ਇੱਕ ਵਿਸ਼ਵ ਪੱਧਰੀ ਟੀਮ ਖ਼ਿਲਾਫ਼ ਖੇਡੇ ਅਤੇ ਸਾਨੂੰ ਸਾਡੀਆਂ ਗ਼ਲਤੀਆਂ ਤੋਂ ਸਿੱਖਣਾ ਹੋਵੇਗਾ।  

 

Latest News
Magazine Archive