ਲਸ਼ਕਰ ਕਮਾਂਡਰ ਸਣੇ ਦੋ ਅਤਿਵਾਦੀ ਹਲਾਕ


ਸ੍ਰੀਨਗਰ - ਪਿਛਲੇ ਮਹੀਨੇ ਛੇ ਪੁਲੀਸ ਮੁਲਾਜ਼ਮਾਂ ਦੀ ਜਾਨ ਲੈਣ ਲਈ ਜ਼ਿੰਮੇਵਾਰ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਬਸ਼ੀਰ ਲਸ਼ਕਰੀ ਤੇ ਉਸ ਦੇ ਇਕ ਸਾਥੀ ਨੂੰ ਅੱਜ ਸਲਾਮਤੀ ਦਸਤਿਆਂ ਨੇ ਦੱਖਣੀ ਕਸ਼ਮੀਰ ਵਿੱਚ ਹੋਏ ਜ਼ਬਰਦਸਤ ਮੁਕਾਬਲੇ ’ਚ ਮਾਰ ਮੁਕਾਇਆ। ਮੁਕਾਬਲੇ ਦੌਰਾਨ ਗੋਲੀਬਾਰੀ ਦੀ ਜ਼ੱਦ ਵਿੱਚ ਆ ਕੇ ਇਕ ਔਰਤ ਸਣੇ ਦੋ ਆਮ ਨਾਗਰਿਕ ਵੀ ਮਾਰੇ ਗਏ।
ਘਟਨਾ ਅੱਜ ਸਵੇਰੇ ਅਨੰਤਨਾਗ ਜ਼ਿਲ੍ਹੇ ਦੇ ਬਰੇਂਤੀ-ਬਾਟਪੋਰਾ ਇਲਾਕੇ ਵਿੱਚ ਵਾਪਰੀ। ਪੁਲੀਸ ਨੇ ਦੱਸਿਆ ਕਿ ਉਥੇ ਲਸ਼ਕਰੀ ਦੀ ਮੌਜੂਦਗੀ ਦੀ ਸੂਹ ਮਿਲਣ ’ਤੇ ਤੜਕਸਾਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਦਹਿਸ਼ਤਗਰਦਾਂ ਵੱਲੋਂ ਸੁਰੱਖਿਆ ਜਵਾਨਾਂ ਉਤੇ ਗੋਲੀਆਂ ਚਲਾਏ ਜਾਣ ਕਾਰਨ ਮੁਹਿੰਮ ਪੁਲੀਸ ਮੁਕਾਬਲੇ ਵਿੱਚ ਬਦਲ ਗਈ। ਪੁਲੀਸ ਤਰਜਮਾਨ ਮੁਤਾਬਕ ਇਸ ਮੌਕੇ ਇਕ ਘਰ ਵਿੱਚ ਲੁਕੇ ਦਹਿਸ਼ਤਗਰਦਾਂ ਨੇ ਕੁਝ ਸਮੇਂ ਲਈ 17 ਆਮ ਸ਼ਹਿਰੀਆਂ ਨੂੰ ਮਨੁੱਖੀ ਢਾਲ ਵਜੋਂ ਵੀ ਵਰਤਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਦਸਤੇ ਆਖ਼ਰੀ ਹੱਲਾ ਵਿੱਢਣ ਤੋਂ ਪਹਿਲਾਂ ਉਨ੍ਹਾਂ ਨੂੰ ਸੁਰੱਖਿਅਤ ਬਚਾਉਣ ਵਿੱਚ ਕਾਮਯਾਬ ਰਹੇ।
ਇਸ ਦੌਰਾਨ ਦੋਹੀਂ ਪਾਸਿਉਂ ਚੱਲੀਆਂ ਗੋਲੀਆਂ ਦੀ ਜ਼ੱਦ ਵਿੱਚ ਆ ਕੇ ਇਕ ਔਰਤ ਤੇ ਇਕ ਨੌਜਵਾਨ ਦੀ ਮੌਤ ਹੋ ਗਈੇ। ਔਰਤ ਦੀ ਪਛਾਣ 44 ਸਾਲਾ ਤਾਹਿਰਾ ਤੇ ਨੌਜਵਾਨ ਦੀ 21 ਸਾਲਾ ਸ਼ਾਦਾਬ ਅਹਿਮਦ ਚੋਪਾਨ ਵਜੋਂ ਹੋਈ ਹੈ। ਮੁਕਾਮੀ ਲੋਕਾਂ ਮੁਤਾਬਕ, ਚੋਪਾਨ ਅਸਲ ਵਿੱਚ ਉਦੋਂ ਮਾਰਿਆ ਗਿਆ ਜਦੋਂ ਸੁਰੱਖਿਆ ਦਸਤਿਆਂ ਨੇ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜੋ ਮੁਕਾਬਲੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਚੋਪਾਨ ਦੇ ਚਿਹਰੇ ਉਤੇ ਗੋਲੀਆਂ ਦੇ ਜ਼ਖ਼ਮ ਸਨ ਤੇ ਉਸ ਨੂੰ ਐਸਕੇਆਈਐਮਐਸ ਹਸਪਤਾਲ ਵਿੱਚ ਮੁਰਦਾ ਐਲਾਨ ਦਿੱਤਾ ਗਿਆ। ਪੁਲੀਸ ਮੁਤਾਬਕ ਮੁਕਾਬਲੇ ਵਾਲੀ ਥਾਂ ਨੇੜੇ ਚਾਰ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲੀਸ ਦੇ ਡਾਇਰੈਕਟਰ ਜਨਰਲ ਐਸ.ਪੀ. ਵੈਦ ਨੇ ਕਿਹਾ, ‘‘ਹੁਣ ਮੁਕਾਬਲਾ ਖ਼ਤਮ ਹੋ ਚੁੱਕਾ ਹੈ। ਦੋ ਦਹਿਸ਼ਤਪਸੰਦ ਮਾਰੇ ਗਏ ਹਨ।’’ ਉਨ੍ਹਾਂ ਕਿਹਾ ਕਿ ਮਾਰੇ ਗਏ ਦਹਿਸ਼ਤਗਰਦਾਂ ਦੀ ਸ਼ਨਾਖ਼ਤ ਬਸ਼ੀਰ ਲਸ਼ਕਰੀ ਤੇ ਆਜ਼ਾਦ ਦਾਦਾ ਵਜੋਂ ਹੋਈ ਹੈ, ਜੋ ਦੋਵੇਂ ਲਸ਼ਕਰ ਨਾਲ ਸਬੰਧਤ ਸਨ। ਲਸ਼ਕਰੀ ਤੇ ਉਸ ਦਾ ਗਰੁੱਪ ਬੀਤੀ 16 ਜੂਨ ਨੂੰ ਦੱਖਣੀ ਕਸ਼ਮੀਰ ਦੇ ਇੱਛਾਬਲ ਇਲਾਕੇ ਵਿੱਚ ਐਸਐਚਓ ਫ਼ਿਰੋਜ਼ ਅਹਿਮਦ ਡਾਰ ਤੇ ਪੰਜ ਹੋਰ ਪੁਲੀਸ ਜਵਾਨਾਂ ਨੂੰ ਮਾਰਨ  ਵਾਲੀ ਘਟਨਾ ਵਿੱਚ ਸ਼ਾਮਲ ਸੀ।
ਜਾਣਕਾਰੀ ਮੁਤਾਬਕ ਲਸ਼ਕਰੀ ਦਾ ਅਸਲ ਨਾਂ ਬਸ਼ੀਰ ਅਹਿਮਦ ਵਾਨੀ ਸੀ, ਜੋ ਕੋਕਰਨਾਗ ਇਲਾਕੇ ਨਾਲ ਸਬੰਧਤ ਸੀ। ਉਹ ਏ++ ਵਰਗ ਦਾ ਦਹਿਸ਼ਤਗਰਦ ਸੀ, ਜੋ ਅਕਤੂਬਰ 2015 ’ਚ ਦਹਿਸ਼ਤੀ ਸਫ਼ਾਂ ਵਿੱਚ ਸ਼ਾਮਲ ਹੋਇਆ ਸੀ। ਆਜ਼ਾਦ ਡੋਡਾ ਦਾ ਅਸਲ ਨਾਂ ਆਜ਼ਾਦ ਅਹਿਮਦ ਮਲਿਕ ਸੀ ਜੋ ਬਿਜਬਹੇੜਾ ਨਾਲ ਸਬੰਧਤ  ਸੀ ਤੇ ਇਸੇ ਜਨਵਰੀ ਵਿੱਚ ਅਤਿਵਾਦੀ ਬਣਿਆ ਸੀ।
ਜੈਪੁਰ - ਇਸ ਦੌਰਾਨ ਅਜਮੇਰ ਦਰਗਾਹ ਦੇ ਇਮਾਮ ਜ਼ੈਨੁਲ ਅਬੇਦੀਨ ਅਲੀ ਖ਼ਾਨ ਨੇ ਕਸ਼ਮੀਰੀ ਨੌਜਵਾਨਾਂ ਨੂੰ ਪੱਥਰਬਾਜ਼ੀ ਲਈ ਉਕਸਾਉਣ ਵਾਲੇ ਵੱਖਵਾਦੀ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸੂਫ਼ੀ ਸੰਤ ਮੋਇਨੂਦੀਨ ਚਿਸ਼ਤੀ ਦੇ ਮੁਰਸ਼ਦ ਉਸਮਾਨ ਹਰਵਾਨੀ ਦੀ ਦਰਗਾਹ ਵਿਖੇ ਬੋਲਦਿਆਂ ਸ੍ਰੀ ਖ਼ਾਨ ਨੇ ਕਿਹਾ ਕਿ ਵੱਖਵਾਦੀਆਂ ਵੱਲੋਂ ਇੰਜ ਨੌਜਵਾਨਾਂ ਨੂੰ ਉਕਸਾਇਆ ਜਾਣਾ ਬਹੁਤ ‘ਸੰਗੀਨ’ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਆਪਣੇ ਬੱਚਿਆਂ ਨੂੰ ਤਾਂ ਵਿਦੇਸ਼ੀਂ ਭੇਜ ਦਿੰਦੇ ਹਨ ਤੇ ਕਸ਼ਮੀਰ ਵਿੱਚ ਵਿੱਦਿਅਕ ਅਦਾਰੇ ਨਹੀਂ ਖੁੱਲ੍ਹਣ ਦਿੰਦੇ।     

 

 

fbbg-image

Latest News
Magazine Archive