ਕਾਲੇ ਧਨ ਵਾਲਿਅਾਂ ਦਾ ਸਾਥ ਪਵੇਗਾ ਮਹਿੰਗਾ: ਮੋਦੀ


ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚਾਰਟਰਡ ਅਕਾੳੂਂਟੈਂਟਸ (ਸੀਏਜ਼) ਨੂੰ ਭਾਰਤੀ ਅਰਥਚਾਰੇ ਦਾ ‘ਵੱਡਾ ਥੰਮ੍ਹ’ ਕਰਾਰ ਦਿੰਦਿਆਂ ਉਨ੍ਹਾਂ ਨੂੰ ਆਲਮੀ ਲੋਡ਼ਾਂ ਮੁਤਾਬਕ ਨਵੀਂ ਤਕਨਾਲੋਜੀ ਨਾਲ ਲੈਸ ਹੋਣ ਦਾ ਸੱਦਾ ਦਿੱਤਾ। ਉਹ ਇਥੇ ਭਾਰਤੀ ਚਾਰਟਰਡ ਅਕਾੳੂਂਟੈਂਟ ਇੰਸਟੀਚਿੳੂਟ (ਆਈਸੀਏਆਈ) ਦੇ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਾਲਾ ਧਨ ਛੁਪਾਉਣ ’ਚ ਮੱਦਦ ਕਰਨ ਵਾਲਿਆਂ ਨੂੰ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਤੇ ਸੀਏਜ਼ ਨੂੰ ਵੀ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਤੋਂ ਬਚਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਇਕ ਚਾਰਟਰਡ ਅਕਾੳੂਂਟੈਂਟ ਦੇ ਦਸਤਖ਼ਤ ਪ੍ਰਧਾਨ ਮੰਤਰੀ ਦੇ ਦਸਤਖ਼ਤਾਂ ਤੋਂ ਵੀ ਵੱਧ ਤਾਕਤਵਰ ਹਨ ਤੇ ਸਰਕਾਰ ਵੀ ਉਨ੍ਹਾਂ ਵੱਲੋਂ ਸਹੀਬੰਦ ਲੇਖਾਕਾਰੀ ਉਤੇ ਭਰੋਸਾ ਕਰਦੀ ਹੈ। ਉਨ੍ਹਾਂ ਕਿਹਾ, ‘‘ਕਿਰਪਾ ਕਰ ਕੇ ਆਪਣੇ ’ਤੇ ਬਣਿਆ ਭਰੋਸਾ ਨਾ ਤੋਡ਼ਨਾ।’’ ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦੇ ਭਰੋਸੇ ’ਤੇ ਹੀ ਮਿੳੂਚੁਅਲ ਫੰਡਾਂ ਤੇ ਹੋਰ ਸਕੀਮਾਂ ਵਿੱਚ ਪੈਸਾ ਲਾਉਂਦੇ ਹਨ।
ਦੁਨੀਆਂ ਦੀਆਂ ਚਾਰ ਵੱਡੀਆਂ ਅਕਾੳੂਂਟਿੰਗ ਕੰਪਨੀਆਂ ‘ਬਿੱਗ 4’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੀ ਅਨੇਕਾਂ ਅਕਾੳੂਂਟਿੰਗ ਕੰਪਨੀਆਂ ਹਨ ਪਰ ਕੋਈ ਵੀ ਦੁਨੀਆਂ ਦੀਆਂ ਸਿਰਕੱਢ ਕੰਪਨੀਆਂ ਵਿੱਚ ਥਾਂ ਨਹੀਂ ਬਣਾ ਸਕੀ। ਉਨ੍ਹਾਂ ਕਿਹਾ, ‘‘ਆਉ 2022 ਤੱਕ ਅਸੀਂ ਬਿੱਗ 4 ਨੂੰ ਬਿੱਗ 8 ਵਿੱਚ ਬਦਲ ਦੇਈਏ, ਜਿਥੇ ਚਾਰ ਕੰਪਨੀਆਂ ਭਾਰਤੀ ਹੋਣ।’’
ਉਨ੍ਹਾਂ ਕਿਹਾ ਕਿ ਸੀਏਜ਼ ਦਾ ਜੀਐਸਟੀ ਨੂੰ ਲਾਗੂ ਕਰਨ ਵਿੱਚ ਵੀ ਅਹਿਮ ਰੋਲ ਹੈ। ਨਵਾਂ ਭਾਰਤ ਬਣਾਉਣ ਵਿੱਚ ਸੀਏਜ਼ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਉਹ ਭਾਰਤੀ ਅਰਥਚਾਰੇ ਦੇ ‘ਵੱਡੇ ਥੰਮ੍ਹ’ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਗਾਹਕਾਂ ਦੀ ਟੈਕਸ ਚੋਰੀ ਵਿੱਚ ਮੱਦਦ ਕਰਨ ਦੀ ਥਾਂ ਉਨ੍ਹਾਂ ਨੂੰ ਈਮਾਨਦਾਰੀ ਦੇ ਰਾਹ ’ਤੇ ਤੋਰਨ। ਇਸ ਮੌਕੇ ਕਰ ਚੋਰੀ ਕਰਨ ਵਾਲੀਆਂ ਕੰਪਨੀਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ 37 ਹਜ਼ਾਰ ਲੁਕਵੀਆਂ ਕੰਪਨੀਆਂ ਦਾ ਪਹਿਲਾਂ ਹੀ ਪਤਾ ਲਾ ਲਿਆ ਗਿਆ ਹੈ ਅਤੇ ਇਕ ਲੱਖ ਤੋਂ ਵੱਧ ਕੰਪਨੀਆਂ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਾਲਾ ਧਨ ਲੁਕਾਉਣ ਵਿੱਚ ਮੱਦਦ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਦ੍ਰਿਡ਼੍ਹ ਸੰਕਲਪ ਹੈ ਤੇ ਇਸ ਕਾਰਨ ਹੋਣ ਵਾਲੇ ਕਿਸੇ ਸਿਆਸੀ ਨੁਕਸਾਨ ਦੀ ਵੀ ਉਨ੍ਹਾਂ ਨੂੰ ਪ੍ਰਵਾਹ ਨਹੀਂ ਹੈ।     
ਸਮਾਗਮ ’ਚ ਨਾ ਜਾਣ ਦੇਣ ’ਤੇ ਸੀਏਜ਼ ਵੱਲੋਂ ਹੰਗਾਮਾ
ਨਵੀਂ ਦਿੱਲੀ - ਇਥੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਆਈਸੀਏਆਈ ਸਮਾਗਮ ਦੌਰਾਨ ਉਦੋਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਵੱਡੀ ਗਿਣਤੀ ਚਾਰਟਰਡ ਅਕਾਊਂਟੈਂਟਸ (ਸੀਏਜ਼) ਨੇ ਅੰਦਰ ਨਾ ਜਾਣ ਦੇਣ ’ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਗ਼ੌਰਤਲਬ ਹੈ ਕਿ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਆਉਣ ਕਾਰਨ ਸੁਰੱਖਿਆ ਦਸਤਿਆਂ ਨੇ ਭਾਰੀ ਸਖ਼ਤੀ ਕੀਤੀ ਹੋਈ ਸੀ। ਇਸ ਕਾਰਨ ਕਾਫ਼ੀ ਮੀਡੀਆ ਕਰਮੀਆਂ ਨੂੰ ਵੀ ਅੰਦਰ ਦਾਖ਼ਲ ਨਾ ਹੋਣ ਦਿਤਾ ਗਿਆ। ਇਕ ਸੀਏ ਨੇ ਜਦੋਂ ਬੈਰੀਕੇਡ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਜਵਾਨਾਂ ਨੇ ਉਸ ਦੀ ਕੁੱਟ-ਮਾਰ ਕੀਤੀ। ਸੁਰੱਖਿਆ ਦਸਤਿਆਂ ਨੇ ਜਲਤੋਪਾਂ ਦਾ ਵੀ ਸਹਾਰਾ ਲਿਆ।

 

 

fbbg-image

Latest News
Magazine Archive