ਮੋਦੀ ਦੇ ਸਵਾਗਤ ਲਈ ਵ੍ਹਾਈਟ ਹਾਊਸ ਪੱਬਾਂ ਭਾਰ


 

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਚਾ ਮਿੱਤਰ ਕਰਾਰ ਦਿੰਦਿਆਂ ਕਿਹਾ ਹੈ ਕਿ ਜਦੋਂ ਭਲਕੇ ਦੋਵੇਂ ਆਗੂ ਪਹਿਲੀ ਵਾਰ ਮਿਲਣਗੇ ਤਾਂ ਰਣਨੀਤਕ ਪਹਿਲੂ ਵਿਚਾਰੇ ਜਾਣਗੇ।  ਅਮਰੀਕੀ ਰਾਸ਼ਟਰਪਤੀ ਨੇ ਅੱਜ ਆਪਣੇ ਟਵਿੱਟਰ ਅਕਾਊਂਟ ਉੱਤੇ ਲਿਖਿਆ ਹੈ ਕਿ ਸੋਮਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਵਾਈਟ ਹਾਊਸ ਪੱਬਾਂ ਭਾਰ ਹੈ। ਸੱਚੇ ਮਿੱਤਰ ਦੇ ਨਾਲ ਅਹਿਮ ਰਣਨੀਤਕ ਮਸਲੇ ਵਿਚਾਰੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਵੱਲੋਂ ਨਿਜੀ ਤੌਰ ਉੱਤੇ ਕੀਤੇ ਸਵਾਗਤ ਲਈ ਧੰਨਵਾਦ ਕਰਦਿਆਂ ਗਰਮਜੋ਼ਸੀ ਵਿੱਚ ਹੁੰਗਾਰਾ ਭਰਿਆ ਹੈ ਅਤ ਕਿਹਾ ਕਿ ਹੈ ਕਿ ਉਹ ਵੀ ਭਲਕੇ ਵਾਈਟ ਹਾਊਸ ਹੋਣ ਵਾਲੀ ਮੀਟਿੰਗ ਪ੍ਰਤੀ ਗੰਭੀਰ ਹਨ। ਵਾਈਟ ਹਾਉੂਸ ਵਿੱਚ ਇੱਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਵਿਸ਼ੇਸ਼ ਬਣਾਉਣ ਲਈ ਹਰ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿ ਕਿਸੇ ਵਿਦੇਸ਼ੀ ਮਹਿਮਾਨ ਲਈ ਵਾਈਟ ਹਾਊਸ ਵਿੱਚ ਰਾਸ਼ਟਰਪਤੀ ਵੱਲੋਂ ਇਹ ਪਹਿਲਾ ਰਾਤਰੀ ਭੋਜ ਦਿੱਤਾ ਜਾ ਰਿਹਾ ਹੈ। ਇਸ ਲਈ ਉਹ ਇਸ ਨੂੰ ਬੇਹੱਦ ਅਹਿਮ ਸਮਝਦੇ ਹਨ।  ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੋ ਅੱਜ ਸ਼ਾਮ ਨੂੰ ਇੱਥੇ ਪੁੱਜੇ ਹਨ, ਭਲਕੇ ਬਾਅਦ ਦੁਪਹਿਰ ਅਮਰੀਕੀ ਰਾਸ਼ਟਰਪਤੀ ਨਾਲ ਮੀਟਿੰਗ ਕਰਨਗੇ। ਦੋਵੇਂ ਆਗੂ ਜਿੱਥੇ ਕਈ ਘੰਟੇ ਇਕੱਲਿਆਂ ਗੱਲਬਾਤ ਕਰਨਗੇ, ਉੱਥੇ ਦੋਵਾਂ ਦੇਸ਼ਾਂ ਦੇ ਵਫਦਾਂ ਵਿੱਚ ਵੀ ਮੀਟੰਗਾਂ ਹੋਣਗੀਆਂ। ਇਸ ਦੌਰਾਨ ਪਾਰਟੀ ਅਤੇ ਰਾਤ ਦਾ ਖਾਣਾ ਵੀ ਹੋਵੇਗਾ।  ਅਮਰੀਕੀ ਰਾਸ਼ਟਰਪਤੀ ਟਰੰਪ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਮਰੀਕੀ ਪ੍ਰਸ਼ਸਾਨ ਅਧੀਟ ਆਪਣੀ ਕਿਸਮ ਦਾ ਵਿਸ਼ੇਸ਼ ਰਾਤਰੀ ਭੋਜ ਦੇਣਗੇ।
ਇੱਥੇ ਵਿਲਾਰਡ ਇੰਟਰ ਕੌਂਟੀਨੈਂਟਲ ਹੋਟਲ ਦੇ ਬਾਹਰ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਮੋਦੀ ਦਾ ਤਾੜੀਆਂ ਵਜਾ ਕੇ ਨਿੱਘਾ ਸਵਾਗਤ ਕੀਤਾ। ਆਪਣੀ ਅਮਰੀਕਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਅਮਰੀਕੀ ਬਹੁਰਸ਼ਟਰੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਵੀ ਕਰਨਗੇ। ਇਨ੍ਹਾਂ ਵਿੱਚ ਐਪਲ, ਗੂਗਲ, ਮਾਈਕਰੋਸਾਫਟ ਆਦਿ ਕੰਪਨੀਆਂ ਸ਼ਾਮਲ ਹਨ। ਇਸ ਮੌਕੇ ਉਹ ਵੀਜ਼ਾ ਸਬੰਧੀ ਸਮੱਸਿਆਵਾਂ, ਪੂੰਜੀ ਨਿਵੇਸ਼ ਅਤੇ ਨੌਕਰੀਆਂ ਦੇ ਮੌਕੇ ਪੈਦਾ ਕਰਨ ਵਰਗੇ ਮਸਲੇ ਵਿਚਾਰੇ ਜਾਣਗੇ। ਮੋਦੀ ਦੇ ਅਮਰੀਕਾ ਪੁੱਜਣ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਉਨ੍ਹਾਂ ਖ਼ਬਰਾਂ ਦਾ ਵੀ ਖੰਡਨ ਕੀਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਭਾਰਤ ਦੀ ਅਣਦੇਖੀ ਕਰ ਰਿਹਾ ਹੈ। ਰਿਪੋਰਟ ਵਿੱਚ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਭਾਰਤ ਦੀ ਅਹਿਮੀਅਤ ਨੂੰ ਸਮਝਦੇ ਹਨ। ਰਾਸ਼ਟਰਪਤੀ ਟਰੰਪ ਨੂੰ ਅਹਿਸਾਸ ਹੈ ਕਿ ਭਾਰਤ ਦੁਨੀਆਂ ਵਿੱਚ ਚੰਗਿਆਈ ਲਈ ਕਾਰਜਸ਼ੀਲ ਸ਼ਕਤੀ ਹੈ। ਇਸ ਦੌਰਾਨ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਸੀਨ ਸਪਾਈਸਰ ਨੇ ਕਿਹਾ ਹੈ ਕਿ ਦੋਵੇਂ ਆਗੂਆਂ ਵਿੱਚ ਵਿਅਪਕ ਪੱਧਰ ਉੱਤੇ ਗੱਲਬਾਤ ਹੋਵੇਗੀ।  ਇਸ ਇਤਿਹਾਸਕ ਮੌਕੇ ਆਪਸੀ ਸਹਿਯੋਗ, ਅਤਿਵਾਦ ਨਾਲ ਨਜਿੱਠਣ, ਇੰਡੋ ਪ੍ਰਸ਼ਾਂਤ ਮਹਾਂਸਾਗਰ ਰੱਖਿਆ ਭਾਈਵਾਲੀ, ਆਲਮੀ ਸਹਿਯੋਗ, ਵਪਾਰ, ਊਰਜਾ ਵਰਗੇ ਅਹਿਮ ਮਸਲਿਆਂ ਉੱਤੇ ਚਰਚਾ ਹੋਵੇਗੀ। ਦੋਵਾਂ ਆਗੂਆਂ ਵਿੱਚ ਮੀਟਿੰਗ ਦੌਰਾਨ ਐੱਚ-1ਬੀ ਵੀਜ਼ਾ ਮੁੱਦੇ ਉੱਤੇ ਵੀ ਚਰਚਾ ਹੋ ਸਕਦੀ ਹੈ।   
ਮੋਦੀ ਵੱਲੋਂ ਅਮਰੀਕੀ ਬਹੁਕੌਮੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਦਾ ਸੱਦਾ
ਨਵੀਂ ਦਿੱਲੀ - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਵਿੱਚ 20 ਬਹੁਕੌਮੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਬਹੁਕੌਮੀ ਕੰਪਨੀਆਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਵਿੱਚ  ਪੂੰਜੀ ਨਿਵੇਸ਼ ਕਰਨ ਅਤੇ ਉਨ੍ਹਾਂ ਨੂੰ ਦੱਸਿਆ ਕਿ ਭਾਰਤ ਵਿੱਚ ਅਗਲੇ ਮਹੀਨੇ ਤੋਂ ਜੀਐੱਸਟੀ ਲਾਗੂ ਹੋ ਰਿਹਾ ਹੈ ਅਤੇ ਭਾਰਤ ਪਹਿਲਾਂ ਤੋਂ ਵੀ ਵੱਧ ਨਿਵੇਸ਼ ਪੱਖੀ ਦੇਸ਼ ਬਣ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਐੱਨਡੀਏ ਦੀ ਸਰਕਾਰ ਦੌਰਾਨ ਭਾਰਤ ਵਿੱਚ ਵਧੇਰੇ ਪੂੰਜੀ ਨਿਵੇਸ਼ ਹੋਇਆ ਹੈ। ਅਜਿਹਾ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਅਖ਼ਤਿਆਰ ਕੀਤੀਆਂ ਨੀਤੀਆਂ ਸਦਕਾ ਹੀ ਸੰਭਵ ਹੋਇਆ ਹੈ। ਇਨ੍ਹਾਂ ਕੰਪਨੀਆਂ ਵਿੱਚ ਮੁੱਖ ਤੌਰ ਉੱਤੇ ਐਪਲ, ਗੂਗਲ, ਮਾਈਕਰੋਸਾਫਟ ਆਦਿ ਪ੍ਰਮੁੱਖ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਕੌਮੀ ਕੰਪਨੀਆਂ ਦੇ  ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਭਾਰਤ ਨੂੰ ਵਪਾਰ- ਕਾਰੋਬਾਰ ਪੱਖੀ ਬਣਾਉਣ ਲਈ ਵਿਆਪਕ ਪੱਧਰ ਉੱਤੇ ਸੁਧਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਵਿਸ਼ਵ ਦੀਆਂ ਨਜ਼ਰਾਂ ਭਾਰਤ ਵੱਲ੍ਹ ਹਨ। ਅਮਰੀਕਾ ਅਤੇ ਭਾਰਤ ਦੇ ਦੁਵੱਲੇ ਵਪਾਰ ਕਾਰੋਬਾਰ ਵਿੱਚ ਦੋਵੇਂ ਦੇਸ਼ ਹੀ ਫਾਇਦੇ ਵਿੱਚ ਹਨ। ਇਸ ਮੌਕੇ ਉਨ੍ਹਾਂ ਨੇ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ, ਐਮਾਜ਼ੋਨ ਦੇ ਜ਼ੈੱਫ ਬੇਜ਼ੋਸ, ਐਪਲ ਦੇ ਟਿਮ ਕੁੱਕ ਅਤੇ ਮਾਸਟਰ ਕਾਰਡ ਦੇ ਅਜੈ ਬੰਗਾ ਅਤੇ ਮਾਈਕਰੋਸਾਫਟ ਦੇ ਸੱਤਯ ਨਡੇਲਾ, ਸਿਸਕੋ ਦੇ ਜੌਹਨ ਚੈਂਬਰਜ਼ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਭਾਰਤ ਨੂੰ ਵਿਦੇਸ਼ੀ ਨਿਵੇਸ਼ ਮੁਖੀ ਬਣਾਉਣ ਲਈ ਕਰੀਬ 7000 ਆਰਥਿਕ ਸੁਧਾਰ ਕੀਤੇ ਗਏ ਹਨ।  ਇੱਕ ਘੰਟੇ ਦੀ ਇਸ ਮੁਲਾਕਾਤ ਦੌਰਾਨ ਸ੍ਰੀ ਮੋਦੀ ਨੇ ਆਏ ਨੁਮਾਇੰਦਿਆਂ ਦੇ ਵਿਚਾਰ ਵੀ ਸੁਣੇ। ਇਸ ਦੌਰਾਨ ਹੀ ਇੰਡੋ- ਅਮਰੀਕਾ ਚੈਂਬਰ ਆਫ ਕਾਮਰਸ ਦੇ ਕਾਰਜਕਾਰੀ ਡਾਇਰੈਕਟਰ ਜਗਦੀਪ ਅਹਲੂਵਾਲੀਆ ਨੇ ਵੀ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਦੁਵੱਲੇ ਵਪਾਰ ਲਈ ਲਾਭਦਾਇਕ ਦੱਸਿਆ ਹੈ। -ਪੀਟੀਆਈ
ਭਾਰਤੀਆਂ ਨੇ ਕੀਤਾ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ
ਵਾਸ਼ਿੰਗਟਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਥੇ ਹੋਟਲ ਦੇ ਬਾਹਰ ਸਵਾਗਤ ਕਰਨ ਲਈ ਭਾਰਤੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਇੱਕੱਤਰ ਹੋਏ। ਵਿਲਾਰਡ ਇੰਟਰ ਕੌਂਟੀ ਹੋਟਲ ਦੇ ਬਾਹਰ ਭਾਰਤੀਆਂ ਨੇ ਉਨ੍ਹਾਂ ਦਾ ਤਾੜੀਆਂ ਮਾਰ ਕੇ ਨਿੱਘਾ ਸਵਾਗਤ ਕੀਤਾ। ਲੋਕ ਇੱਥੇ ਮੋਦੀ ਦੀ ਇੱਕ ਝਲਕ ਪਾਉਣ ਲਈ ਉਡੀਕ ਕਰ ਰਹੇ ਸਨ। ਇਸ ਹੋਟਲ ਵਿੱਚ ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਜੇ ਤਾਂ ਲੋਕਾਂ ਨੇ ਮੋਦੀ, ਮੋਦੀ ਦੇ ਨਾਹਰੇ ਲਾਏ। ਹੋਟਲ ਦੇ ਬਾਹਰ ਕਾਰ ਵਿੱਚੋਂ ਉੱਤਰ ਕੇ ਪ੍ਰਧਾਨ ਮੰਤਰੀ ਨੇ ਲੋਕਾਂ ਦਾ ਮੁਸਕਰਾ ਕੇ ਹੱਥ ਹਿਲਾ ਕੇ ਜਵਾਬ ਦਿੱਤਾ। ਭਾਰਤੀ ਲੋਕਾਂ ਅੱਗੇ ਥੋੜ੍ਹਾ ਸਮਾਂ ਰੁਕ ਕੇ ਉਹ ਆਪਣੇ ਕਾਫਲੇ ਨਾਲ ਅੱਗੇ ਵਧ ਗਏ। ਭਾਰਤੀ ਭਾਈਚਾਰੇ ਦੇ ਲੋੋਕ ਆਸ ਕਰਦੇ ਹਨ ਕਿ ਮੋਦੀ, ਅਮਰੀਕੀ ਰਾਸ਼ਟਰਪਤੀ ਨਾਲ ਆਪਣੀ ਮੁਲਾਕਾਤ ਦੌਰਾਨ ਐੱਚ-1ਬੀ ਵੀਜ਼ਾ ਮੁੱਦਾ ਉਠਾਉਣਗੇ। ਅਮਰੀਕੀ ਰਾਸ਼ਟਰਪਤੀ ਵੱਲੋਂ ਦਿੱਤੇ ਜਾ ਰਹੇ ਰਾਤ ਦੇ ਭੋਜ ਵਿੱਚ ਕਰੀਬ ਛੇ ਸੌ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

 

 

fbbg-image

Latest News
Magazine Archive