ਪਾਕਿ ਹਮਲੇ ਵਿੱਚ ਦੋ ਭਾਰਤੀ ਜਵਾਨਾਂ ਦੀ ਮੌਤ


 

ਪੁਲਵਾਮਾ/ਜੰਮੂ - ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੈਟ) ਵੱਲੋਂ ਜੰਮੂ ਕਸ਼ਮੀਰ ਦੇ ਪੁਣਛ ਸੈਕਟਰ ਵਿੱਚ ਭਾਰਤੀ ਖ਼ਿੱਤੇ ਦੇ 600 ਮੀਟਰ ਅੰਦਰ ਤੱਕ ਆ ਕੇ ਹਮਲਾ ਕੀਤਾ ਗਿਆ, ਜਿਸ ਵਿੱਚ ਭਾਰਤ ਦੇ ਦੋ ਜਵਾਨ ਮਾਰੇ ਗਏ ਤੇ ਭਾਰਤੀ ਫ਼ੌਜ ਵੱਲੋਂ ਜਵਾਬੀ ਕਾਰਵਾਈ ਵਿੱਚ ‘ਬੈਟ’ ਦਾ ਇੱਕ ਮੈਂਬਰ ਵੀ ਮਾਰਿਆ ਗਿਆ। ਇਸੇ ਦੌਰਾਨ ਪੁਲਵਾਮਾ ਦੇ ਕਾਕਾਪੋਰਾ ਇਲਾਕੇ ਵਿੱਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ਵਿੱਚ ਤਿੰਨ ਦਹਿਸ਼ਤਗਰਦ ਮਾਰੇ ਗਏ ਤੇ ਮੁਕਾਬਲੇ ਦੇ ਵਿਰੋਧ ਵਿੱਚ ਹੋਏ ਪ੍ਰਦਰਸ਼ਨ ਦੌਰਾਨ ਇੱਕ ਆਮ ਨਾਗਰਿਕ ਦੀ ਮੌਤ ਹੋ ਗਈ।
‘ਬੈਟ’ ਵੱਲੋਂ ਕੀਤੇ ਹਮਲੇ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਫ਼ੌਜ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਹਮਲੇ ਵਿੱਚ ਇੱਕ ਬੈਟ ਮੈਂਬਰ ਜ਼ਖ਼ਮੀ ਵੀ ਹੋਇਆ ਪਰ ਪਾਕਿਸਤਾਨੀ ਫ਼ੌਜ ਵੱਲੋਂ ਆਪਣੀਆਂ ਚੌਕੀਆਂ ਤੋਂ ਕੀਤੀ ਭਾਰੀ ਗੋਲੀਬਾਰੀ ਦਾ ਲਾਹਾ ਲੈਂਦਿਆਂ ਜ਼ਖ਼ਮੀ ਦੇ ਸਾਥੀ ਉਸ ਨੂੰ ਆਪਣੇ ਨਾਲ ਲਿਜਾਣ ਵਿੱਚ ਕਾਮਯਾਬ ਹੋ ਗਏ। ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ‘ਬੈਟ’ ਵਿੱਚ ਪਾਕਿ ਫ਼ੌਜ ਦੇ ਜਵਾਨ ਤੇ ਦਹਿਸ਼ਤਗਰਦ ਸ਼ਾਮਲ ਹੁੰਦੇ ਹਨ ਤੇ ‘ਬੈਟ’ ਵੱਲੋਂ ਇਹ ਹਮਲਾ ਪਾਕਿ ਫ਼ੌਜ ਵੱਲੋਂ ਕੀਤੀ ਗੋਲੀਬਾਰੀ ਦੀ ਲਾਹਾ ਲੈਂਦਿਆਂ ਬਾਅਦ ਦੁਪਹਿਰ ਦੋ ਵਜੇ ਕੀਤਾ ਗਿਆ। ਇਸ ਹਮਲੇ ਵਿੱਚ ਭਾਰਤੀ ਫ਼ੌਜ ਦੇ ਦੋ ਜਵਾਨ ਮਾਰੇ ਗਏ ਤੇ ਇੱਕ ਹਮਲਾਵਰ ਵੀ ਮਾਰਿਆ ਗਿਆ ਹੈ।
ਉਧਰ ਕਾਕਾਪੋਰਾ ਵਿੱਚ ਪ੍ਰਦਰਸ਼ਨ ਕਰ ਰਹੇ 28 ਸਾਲਾ ਤਵਸੀਫ਼ ਹਸਨ ਵਾਨੀ ਦੀ ਮੌਤ ਉਦੋਂ ਹੋਈ ਜਦੋਂ ਸੁਰੱਖਿਆ ਦਸਤਿਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਤੇ ਕਈ ਹੋਰ ਹਥਿਆਰਾਂ ਦੀ ਵਰਤੋਂ ਕੀਤੀ। ਸੁਰੱਖਿਆ ਦਸਤਿਆਂ ਨੇ ਲਸ਼ਕਰੇ ਤੋਇਬਾ ਦੇ ਤਿੰਨ ਦਹਿਸ਼ਤਗਰਦਾਂ, ਜਿਨ੍ਹਾਂ ਵਿੱਚ ਕਮਾਂਡਰ ਮਾਜਿਦ ਮੀਰ ਵੀ ਸ਼ਾਮਲ ਸੀ, ਬਾਰੇ ਸੂਹ ਮਿਲਣ ਤੋਂ ਬਾਅਦ ਕੱਲ੍ਹ ਸ਼ਾਮ ਕਾਕਾਪੋਰਾ ਸਥਿਤ ਮਕਾਨ ਨੂੰ ਘੇਰਾ ਪਾਇਆ ਸੀ। ਦਹਿਸ਼ਤਗਰਦਾਂ ਤੇ ਸੁਰੱਖਿਆ ਦਸਤਿਆਂ ਵਿਚਾਲੇ ਮੁਕਾਬਲਾ ਰਾਤ 10 ਵਜੇ ਸ਼ੁਰੂ ਹੋਇਆ ਤੇ ਸਵੇਰੇ ਚਾਰ ਵਜੇ ਤੱਕ ਚੱਲਦਾ ਰਿਹਾ। ਮਕਾਨ ਨੂੰ ਅੱਗ ਲੱਗਣ ’ਤੇ ਦਹਿਸ਼ਤਗਰਦਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਆਤਮ ਸਮਰਪਣ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤੇ ਮੁਕਾਬਲੇ ਵਿੱਚ ਮਾਰੇ ਗਏ। ਮੁਕਾਬਲੇ ਤੋਂ ਬਾਅਦ ਹੋਏ ਟਕਰਾਅ ਵਿੱਚ ਕਰੀਬ 40 ਜਣੇ ਜ਼ਖ਼ਮੀ ਹੋਏ ਹਨ।
ਘੁਸਪੈਠ ਦੀ ਕੋਸ਼ਿਸ਼ ਨਾਕਾਮ; ਦਹਿਸ਼ਤਗਰਦ ਹਲਾਕ
ਸ੍ਰੀਨਗਰ: ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ ਵਿੱਚ ਭਾਰਤੀ ਖਿੱਤੇ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਦਹਿਸ਼ਤਗਰਦਾਂ ਵਿੱਚੋਂ ਮੁਕਾਬਲੇ ਵਿੱਚ ਇੱਕ ਦਹਿਸ਼ਤਗਰਦ ਮਾਰਿਆ ਗਿਆ। ਭਾਰਤੀ ਫ਼ੌਜ ਦੇ ਅਧਿਕਾਰੀ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਮਕਬੂਜ਼ਾ ਕਸ਼ਮੀਰ ਵਿੱਚੋਂ ਭਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।

 

 

fbbg-image

Latest News
Magazine Archive