ਪੰਜਾਬ ਵਿਧਾਨ ਸਭਾ ’ਚ ਵਿਧਾਇਕਾਂ ਦੀ ਖਿੱਚ-ਧੂਹ, ਪੱਗਾਂ ਲੱਥੀਆਂ


 

ਚੰਡੀਗੜ੍ਹ - ਪੰਜਾਬ ਵਿਧਾਨ ਸਭਾ ’ਚ ਅੱਜ ਆਮ ਆਦਮੀ ਪਾਰਟੀ (ਆਪ) ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੇ ਜ਼ੋਰਦਾਰ ਹੰਗਾਮਿਆਂ ਕਾਰਨ ਸਥਿਤੀ ਇੰਨੀ ਗੰਭੀਰ ਬਣ ਗਈ ਕਿ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਮਾਰਸ਼ਲਾਂ ਨੂੰ ਸਮੁੱਚੇ ਵਿਰੋਧੀ ਵਿਧਾਇਕਾਂ ਨੂੰ ਸਦਨ ਵਿੱਚੋਂ ਕੱਢਣ ਦੇ ਹੁਕਮ ਦੇ ਦਿੱਤੇ। ਫਿਰ ਅਕਾਲੀਆਂ ਦੀ ਮਦਦ ਨਾਲ ‘ਆਪ’ ਵਿਧਾਇਕਾਂ ਵੱਲੋਂ ਮੁੜ ਸਦਨ ਵਿੱਚ ਦਾਖ਼ਲ ਹੋਣ ’ਤੇ ਮਾਰਸ਼ਲਾਂ ਨੇ ਇੰਨਾ ਸਖ਼ਤ ਰਵੱਈਆ ਅਪਣਾਇਆ ਕਿ ਕਈ ਵਿਧਾਇਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮਨਜੀਤ ਸਿੰਘ ਬਿਲਾਸਪੁਰ ਤੇ ਪਿਰਮਲ ਸਿੰਘ ਦੀਆਂ ਦਸਤਾਰਾਂ ਲੱਥ ਗਈਆਂ। ‘ਆਪ’ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਸਮੇਤ ਹੋਰਨਾਂ ਨੂੰ ਸੈਕਟਰ 16 ਦੇ ਜਨਰਲ ਹਸਪਤਾਲ ਵਿੱਚ ਦਾਖ਼ਲ ਕਰਾਉਣਾ ਪਿਆ।
ਸਪੀਕਰ ਨੇ ਵੀ ਸਖ਼ਤ ਰਵੱਈਆ ਅਪਣਾਉਂਦਿਆਂ ਸਮੁੱਚੀ ਵਿਰੋਧੀ ਧਿਰ ਨੂੰ ਵਿਧਾਨ ਸਭਾ ਦੀ ਇਮਰਾਤ ਤੋਂ ਹੀ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ‘ਆਪ’ ਤੇ ਅਕਾਲੀ ਵਿਧਾਇਕਾਂ ਦੇ ਵਤੀਰੇ ਨੂੰ ਗਲਤ ਕਰਾਰ ਦਿੰਦਿਆਂ ਨਿੰਦਾ ਕੀਤੀ ਤੇ ਵਿਧਾਨ ਸਭਾ ਨੇ ਵੀ ਨਿੰਦਾ ਮਤੇ ਪਾਸ ਕੀਤੇ। ਕੈਪਟਨ ਸਰਕਾਰ ਦੇ ਪਲੇਠੇ ਬਜਟ ਸੈਸ਼ਨ ਦੌਰਾਨ ਹੀ ਇਸ ਤਰ੍ਹਾਂ ਵਿਰੋਧੀ ਧਿਰ ’ਚ ਬੈਠੀਆਂ ਦੋ ਪਾਰਟੀਆਂ (‘ਆਪ’ ਤੇ ਅਕਾਲੀ ਦਲ) ਨੂੰ ਇੱਕ ਮੰਚ ’ਤੇ ਇਕੱਤਰ ਹੋਣ ਦਾ ਮੌਕਾ ਮਿਲ ਗਿਆ ਹੈ। ਤਣਾਅ ਕਾਰਨ ਸਪੀਕਰ ਨੂੰ ਸਦਨ ਦੀ ਕਾਰਵਾਈ ਕਰੀਬ ਇੱਕ ਘੰਟਾ ਮੁਲਤਵੀ ਰੱਖਣੀ ਪਈ।
ਸਾਰਾ ਮਾਮਲਾ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ‘ਆਪ’ ਦੇ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੂੰ ਵਿਧਾਨ ਸਭਾ ਕੰਪਲੈਕਸ ਵਿੱਚ ਦਾਖਲ ਹੋਣੋਂ ਰੋਕਣ ਕਾਰਨ ਵਿਗੜਿਆ। ਕਾਰਵਾਈ ਸ਼ੁਰੂ ਹੋਇਆਂ ਚੰਦ ਮਿੰਟ ਹੀ ਹੋਏ ਸਨ ਕਿ ‘ਆਪ’ ਦੇ ਕੰਵਰ ਸੰਧੂ ਨੇ ਸਪੀਕਰ ਨੂੰ ਕਿਹਾ ਕਿ ਸ੍ਰੀ ਖਹਿਰਾ ਅਤੇ ਸ੍ਰੀ ਬੈਂਸ ਨੂੰ ਵਿਧਾਨ ਸਭਾ ਕੰਪਲੈਕਸ ਅੰਦਰ ਆਉਣੋਂ ਰੋਕਣਾ ਗਲਤ ਹੈ। ਸਪੀਕਰ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਅਤੇ ਪ੍ਰਸ਼ਨ ਕਾਲ ਦੀ ਕਾਰਵਾਈ ਜਾਰੀ ਰੱਖੀ। ਇਸ ’ਤੇ ‘ਆਪ’ ਵਿਧਾਇਕ ਸਪੀਕਰ ਦੇ ਆਸਣ ਅੱਗੇ ਨਾਅਰੇਬਾਜ਼ੀ ਕਰਨ ਲੱਗੇ। ਉਨ੍ਹਾਂ ਜਿਉਂ ਹੀ ਮਾਰਸ਼ਲਾਂ ਦਾ ਘੇਰਾ ਤੋੜਨ ਦਾ ਯਤਨ ਕੀਤਾ ਤਾਂ ਸਪੀਕਰ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ। ਸਪੀਕਰ ਨੇ ਮਾਰਸ਼ਲਾਂ ਨੂੰ ਹਦਾਇਤ ਦਿੱਤੀ ਕਿ ‘ਆਪ’ ਅਤੇ ਲੋਕ ਇਨਸਾਫ਼ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਇਸ ’ਤੇ ਮਾਰਸ਼ਲਾਂ ਨੇ ਇਕੱਲੇ-ਇਕੱਲੇ ਵਿਧਾਇਕ ਨੂੰ ਚੁੱਕ ਕੇ ਕੱਢ ਦਿੱਤਾ। ‘ਆਪ’ ਦੇ ਵਿਧਾਇਕਾਂ ਨੂੰ ਕੱਢੇ ਜਾਣ ਪਿੱਛੋਂ ਅਕਾਲੀ-ਭਾਜਪਾ ਵਿਧਾਇਕ ਵੀ ਵਾਕਆਊਟ ਕਰ ਗਏ। ਫਿਰ ਅਕਾਲੀ ਵਿਧਾਇਕ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਅੰਦਰ ਆਏ ਤੇ ਸਪੀਕਰ ਦੀ ਕਾਰਵਾਈ ਦਾ ਵਿਰੋਧ ਕੀਤਾ। ਸਪੀਕਰ ਵੱਲੋਂ ਗੱਲ ਨਾ ਸੁਣੇ ਜਾਣ ’ਤੇ ਅਕਾਲੀ-ਭਾਜਪਾ ਵਿਧਾਇਕ ਸਦਨ ਦੇ ਵਿਚਕਾਰ ਆ ਕੇ ਨਾਅਰੇ ਮਾਰਨ ਲੱਗੇ।
ਇਸ ਦੌਰਾਨ ਅਕਾਲੀ-ਭਾਜਪਾ ਮੈਂਬਰ ਬਾਹਰ ਜਾ ਕੇ ‘ਆਪ’ ਦੇ ਵਿਧਾਇਕਾਂ ਨੂੰ ਨਾਲ ਲੈ ਕੇ ਸਦਨ ਦੇ ਵਿਚਕਾਰ ਆ ਗਏ। ਇਸ ਕਾਰਨ ਹਾਲਾਤ ਤਣਾਅਪੂਰਨ ਬਣ ਗਏ ਤੇ ਸਪੀਕਰ ਨੇ ਸਦਨ ਉਠਾ ਦਿੱਤਾ। ਸਦਨ ਮੁੜ ਜੁੜਨ ਤੋਂ ਪਹਿਲਾਂ ਮਾਰਸ਼ਲਾਂ ਨੇ ‘ਆਪ’ ਵਿਧਾਇਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਜ਼ੋਰ-ਜ਼ਬਰਦਸਤੀ ਦੌਰਾਨ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੂੰ ਮਾਰਸ਼ਲ ਬੇਰਹਿਮੀ ਨਾਲ ਬਾਹਰ ਲੈ ਗਏ। ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਅਤੇ ਹੋਰਨਾਂ ਨੇ ਮਾਰਸ਼ਲਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਹ ਵੀ ਕਾਰਵਾਈ ਦੀ ਮਾਰ ’ਚ ਆ ਗਏ। ਹੋਰਨਾਂ ਵਿਧਾਇਕਾਂ ਨੂੰ ਵੀ ਮਾਰਸ਼ਲਾਂ ਨੇ ਚੁੱਕ ਕੇ ਕੱਢ ਦਿੱਤਾ।
ਸਦਨ ਮੁੜ ਜੁੜਿਆ ਤਾਂ ਅਕਾਲੀ-ਭਾਜਪਾ ਵਿਧਾਇਕਾਂ ਨੇ ‘ਆਪ’ ਦੇ ਹੱਕ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ’ਤੇ ਸਪੀਕਰ ਨੇ ਅਕਾਲੀ-ਭਾਜਪਾ ਵਿਧਾਇਕਾਂ ਨੂੰ ਵੀ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ, ਪਰ ਅਕਾਲੀ ਵਿਧਾਇਕ ਪਹਿਲਾਂ ਹੀ ਸੁਖਬੀਰ ਬਾਦਲ ਦੀ ਅਗਵਾਈ ਹੇਠ ਬਾਹਰ ਚਲੇ ਗਏ। ਇਸ ਵਾਰੀ ਤਾਂ ਸਪੀਕਰ ਨੇ ਸਾਰੀ ਵਿਰੋਧੀ ਧਿਰ ਨੂੰ ਵਿਧਾਨ ਸਭਾ ਦੀ ਇਮਾਰਤ ਤੋਂ ਹੀ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ।
ਸਦਨ ਵੱਲੋਂ ਨਿੰਦਾ ਮਤੇ ਪਾਸ
ਵਿਧਾਨ ਸਭਾ ਵਿੱਚ ‘ਆਪ’ ਤੇ ਅਕਾਲੀ ਵਿਧਾਇਕਾਂ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਸਦਨ ਵਿੱਚ ਇਨ੍ਹਾਂ ਵਿਧਾਇਕਾਂ ਦੀ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਨਿੰਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਦਨ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ‘ਆਪ’ ਦੇ ਵਿਧਾਇਕ ਜੈ ਕਿਸ਼ਨ ਖ਼ਿਲਾਫ਼ ਮਹਿਲਾ ਮਾਰਸ਼ਲ ਨਾਲ ਧੱਕਾ-ਮੁੱਕੀ ਦੇ ਦੋਸ਼ ਤਹਿਤ ਵੱਖਰਾ ਨਿੰਦਾ ਮਤਾ ਪਾਸ ਕੀਤਾ ਗਿਆ। ਇਸੇ ਤਰ੍ਹਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪਵਨ ਕੁਮਾਰ ਟੀਨੂੰ ਸਣੇ ਅਕਾਲੀ ਦਲ ਦੇ ਹੋਰਨਾਂ ਮੈਂਬਰਾਂ ਖਿਲਾਫ਼ ਨਿੰਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਬੁੱਧਵਾਰ ਨੂੰ ਸ੍ਰੀ ਟੀਨੂੰ ਅਤੇ ਹੋਰ ਅਕਾਲੀ ਵਿਧਾਇਕਾਂ ਨੇ ਸਪੀਕਰ ਅਤੇ ਇੱਕ ਮੰਤਰੀ ਖਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਇਹ ਮਤਾ ਵੀ ਸਦਨ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।
ਹਾਕਮ ਧਿਰ ਨੇ ਮਾਮਲਾ ਸ਼ਾਂਤ ਕਰਨ ਦੀ ਕੋਈ ਕੋਸ਼ਿਸ਼ ਨਾ ਕੀਤੀ
ਵਿਧਾਨ ਸਭਾ ’ਚ ਹੋਏ ਹੰਗਾਮਿਆਂ ਦੌਰਾਨ ਹਾਕਮ ਧਿਰ ਜਾਂ ਸਪੀਕਰ ਵੱਲੋਂ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਸਦਨ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਵੀ ਮੂਕ ਦਰਸ਼ਕ ਬਣੇ ਰਹੇ। ਉਧਰ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਮੌਜੂਦਗੀ ਵਿੱਚ ਕਿਹਾ, ‘‘ਵਿਰੋਧੀ ਮੈਂਬਰਾਂ ਨੂੰ ਵਾਰ-ਵਾਰ ਸ਼ਾਂਤਮਈ ਢੰਗ ਨਾਲ ਬੈਠਣ ਦੀਆਂ ਅਪੀਲਾਂ ਕੀਤੀਆਂ ਗਈਆਂ ਪਰ ਜਦੋਂ ਵਿਧਾਇਕਾਂ ਨੇ ਮੇਰੇ ਵੱਲੋਂ ਕਾਗਜ਼ ਸੁੱਟਣੇ ਸ਼ੁਰੂ ਕਰ ਦਿੱਤੇ ਤਾਂ ਮੈਂ ਸਖ਼ਤ ਰੁਖ਼ ਅਪਣਾ ਲਿਆ।’’ ਉਨ੍ਹਾਂ ਇਹ ਵੀ ਕਿਹਾ, ‘‘ਮੈਨੂੰ ਵਿਧਾਨ ਸਭਾ ਦੇ ਪੂਰੇ ਕੰਪਲੈਕਸ ਵਿੱਚੋਂ ਕਿਸੇ ਵਿਧਾਇਕ ਨੂੰ ਬਾਹਰ ਰੱਖਣ ਦੇ ਹੁਕਮ ਦੇਣ ਦਾ ਅਖ਼ਤਿਆਰ ਹੈ।’’

 

 

fbbg-image

Latest News
Magazine Archive