ਪੁਰਤਗਾਲ ਦੇ ਜੰਗਲਾਂ ’ਚ ਲੱਗੀ ਅੱਗ; 62 ਹਲਾਕ


 

ਪਿਨੇਲਾ (ਪੁਰਤਗਾਲ) - ਕੇਂਦਰੀ ਪੁਰਤਗਾਲ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਘੱਟੋ ਘੱਟ 62 ਜਣੇ ਮਾਰੇ ਗਏ ਤੇ 59 ਜ਼ਖ਼ਮੀ ਹੋਏ ਹਨ।  ਸਰਕਾਰ ਦਾ ਕਹਿਣਾ ਹੈ ਬਹੁਤੇ ਲੋਕਾਂ ਦੀ ਮੌਤ ਕਾਰਾਂ ਵਿੱਚ ਹੀ ਸੜਨ ਕਾਰਨ ਹੋਈ ਹੈ।
ਕੋਇੰਬਰਾ ਤੋਂ ਕਰੀਬ 50 ਕਿਲੋਮੀਟਰ ਦੂਰ ਪੈਡਰੋਗਾਓ ਗਰੈਂਡੇ ਨਗਰ ਨਿਗਮ ਦੇ ਜੰਗਲ ਵਿੱਚ ਕੱਲ੍ਹ ਬਾਅਦ ਦੁਪਹਿਰ ਅੱਗ ਲੱਗ ਗਈ ਸੀ ਤੇ 160 ਅੱਗ ਬੁਝਾਊ ਗੱਡੀਆਂ ਤੇ 600 ਫਾਇਰ ਕਰਮੀਆਂ ਨੂੰ ਅੱਗ ਬੁਝਾਉਣ ਲਈ ਭੇਜਿਆ ਗਿਆ ਸੀ। ਅੱਗ ਨੇ ਬਾਅਦ ਵਿੱਚ ਬਹੁਤ ਤੇਜ਼ੀ ਨਾਲ ਹੋਰਨਾਂ ਜੰਗਲਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਲਿਸਬਨ ਨੇੜੇ ਸਿਵਲ ਪ੍ਰੋਟੈਕਸ਼ਨ ਹੈੱਡਕੁਆਰਟਰ ਵਿੱਚ ਪ੍ਰਧਾਨ ਮੰਤਰੀ ਐਨਤੋਨੀਓ ਕੋਸਤਾ ਨੇ ਕਿਹਾ, ‘ਮੰਦੇਭਾਗੀਂ, ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ ਇਹ ਪਿਛਲੇ ਸਾਲਾਂ ਦੌਰਾਨ ਵਾਪਰੀਆਂ ਘਟਨਾਵਾਂ ਵਿੱਚੋਂ ਸਭ ਤੋਂ ਖ਼ਤਰਨਾਕ ਘਟਨਾ ਜਾਪ ਰਹੀ ਹੈ।’  ਉਨ੍ਹਾਂ ਕਿਹਾ, ‘ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਇਸ ਵੇਲੇ ਪਹਿਲ ਉਨ੍ਹਾਂ ਲੋਕਾਂ ਨੂੰ ਬਚਾਉਣ ਦੀ ਹੈ, ਜਿਹੜੇ ਹਾਲੇ ਵੀ ਖ਼ਤਰੇ ਵਿੱਚ ਹੋ ਸਕਦੇ ਹਨ।’ ਹਫ਼ਤੇ ਦੇ ਅੰਤਲੇ ਦਿਨਾਂ ਵਿੱਚ ਸਾਰੇ ਪੁਰਤਗਾਲ ਵਿੱਚ ਗਰਮੀ ਕਾਫ਼ੀ ਵਧੀ ਹੋਈ ਸੀ ਤੇ ਕਈ ਖੇਤਰਾਂ ਵਿੱਚ ਤਾਂ ਤਾਪਮਾਨ 40 ਡਿਗਰੀ ਤੋਂ ਵੀ ਉਪਰ ਸੀ। ਬੀਤੀ ਰਾਤ ਸਾਰੇ ਦੇਸ਼ ਦੇ ਜੰਗਲਾਂ ਵਿੱਚ 60 ਥਾਈਂ ਅੱਗ ਲੱਗੀ, ਜਿਸ ’ਤੇ ਕਾਬੂ ਪਾਉਣ ਲਈ 1700 ਫਾਇਰ ਕਰਮੀ ਜੂਝ ਰਹੇ ਹਨ।  ਗ੍ਰਹਿ ਵਿਭਾਗ ਦੇ ਸਕੱਤਰ ਜੌਰਜ ਗੋਮਜ਼ ਨੇ ਕਿਹਾ ਕਿ ਸੜਨ ਕਾਰਨ 57 ਜਣੇ ਮਾਰੇ ਗਏ ਹਨ ਤੇ ਘੱਟੋ ਘੱਟੋ 59 ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ ਬਹੁਤੇ ਲੋਕ ਉਹ ਹਨ, ਜਿਹੜੇ ਲੀਰੀਆ ਖੇਤਰ ਵਿੱਚ ਕਾਰਾਂ ਵਿੱਚ ਹੀ ਸੜ ਗਏ। ਹਾਲ ਦੀ ਘੜੀ ਇਹ ਕਹਿਣਾ ਮੁਸ਼ਕਲ ਹੈ ਕਿ ਉਹ ਅੱਗ ਵਾਲੇ ਖੇਤਰ ਨੂੰ ਛੱਡ ਕੇ ਜਾ ਰਹੇ ਸਨ ਜਾਂ ਅਚਨਚੇਤ ਹੀ ਅੱਗ ਦੀ ਲਪੇਟ ਵਿੱਚ ਆ ਗਏ। ਪ੍ਰਧਾਨ ਮੰਤਰੀ ਮੁਤਾਬਕ ਇਹ ਅੱਗ ਝੱਖੜ ਕਾਰਨ ਲੱਗੀ ਹੋ ਸਕਦੀ ਹੈ। ਅੱਗ ਕਾਰਨ ਵੱਡੀ ਗਿਣਤੀ ਪਿੰਡ ਪ੍ਰਭਾਵਿਤ ਹੋਏ ਹਨ ਤੇ ਮਕਾਨ ਖਾਲੀ ਕਰਵਾ ਲਏ ਗਏ ਹਨ। ਲੋਕਾਂ ਨੂੰ ਨੇੜਲੇ ਸੁਰੱਖਿਅਤ ਇਲਾਕਿਆਂ ਵਿੱਚ ਪਹੁੰਚਾਇਆ ਗਿਆ ਹੈ।
ਯੂਰੋਪੀ ਯੂਨੀਅਨ ਵੱਲੋਂ ਮਦਦ ਦੀ ਪੇਸ਼ਕਸ਼
ਯੂਰੋਪੀ ਯੂਨੀਅਨ ਦਾ ਕਹਿਣਾ ਹੈ ਕਿ ‘ਲਿਸਬਨ’ ਵੱਲੋਂ ਬੇਨਤੀ ’ਤੇ ਅੱਗ ਉਤੇ ਕਾਬੂ ਪਾਉਣ ਲਈ ਜਹਾਜ਼ ਮੁਹੱਈਆ ਕਰਵਾਏ ਜਾਣਗੇ। ਯੂਰਪੀ ਯੂਨੀਅਨ ਦੇ ਮਨੁੱਖੀ ਮਦਦ ਤੇ ਆਫ਼ਤ ਪ੍ਰਬੰਧਨ ਬਾਰੇ ਕਮਿਸ਼ਨਰ ਕ੍ਰਿਸਤੋਸ ਐਸ. ਨੇ ਕਿਹਾ ਕਿ ਫਰਾਂਸ ਨੇ ਈਯੂ ਸਿਵਲ ਪ੍ਰੋਟੈਕਸ਼ਨ ਪ੍ਰਣਾਲੀ ਜ਼ਰੀਏ ਮਦਦ ਵਾਸਤੇ ਤਿੰਨ ਜਹਾਜ਼ ਦੇਣ ਦੀ ਪੇਸ਼ਕਸ਼ ਕੀਤੀ ਹੈ ਤੇ ਇਨ੍ਹਾਂ ਜਹਾਜ਼ਾਂ ਨੂੰ ਛੇਤੀ ਹੀ ਲੋੜੀਂਦੀ ਥਾਂ ਘੱਲਿਆ ਜਾਵੇਗਾ। ਅੱਗ ਵਾਲੇ ਖੇਤਰਾਂ ਵਿੱਚ ਪਾਣੀ ਛਿੜਕਣ ਲਈ ਸਪੇਨ ਨੇ ਵੀ ਦੋ ਜਹਾਜ਼ ਦਿੱਤੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਪ੍ਰਗਟਾਇਆ
ਦਿੱਲੀ - ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਤਗਾਲ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਮਾਰੇ ਗਏ ਲੋਕਾਂ ਸਬੰਧੀ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਜੰਗਲ ਦੀ ਅੱਗ ਵਿੱਚ ਲੋਕਾਂ ਦੀ ਮੌਤ ਹੋਣ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਸ੍ਰੀ ਮੋਦੀ 24 ਜੂਨ ਨੂੰ ਇਸ ਯੂਰਪੀ ਦੇਸ਼ ਦੇ ਦੌਰੇ ’ਤੇ ਜਾਣਗੇ।

 

 

fbbg-image

Latest News
Magazine Archive