ਪੰਜਾਬ ’ਚ ਮੌਨਸੂਨ ਦੀ ਛਹਿਬਰ ਛੇਤੀ


 

ਚੰਡੀਗਡ੍ਹ - ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਆਮ ਨਾਲੋਂ ਦਸ ਦਿਨ ਪਹਿਲਾਂ ਪੁੱਜ ਜਾਵੇਗੀ। ਵੀਹ ਜੂਨ ਨੂੰ ਪ੍ਰੀ-ਮੌਨਸੂਨ ਦੀ ਉਡੀਕ ਖ਼ਤਮ ਹੋ ਜਾਵੇਗੀ ਜਦੋਂਕਿ 26 ਜੂਨ ਤੋਂ ਬਰਸਾਤ ਪੈਣ ਲੱਗ ਜਾਵੇਗੀ। ਮੌਸਮ ਵਿਭਾਗ ਮੁਤਾਬਕ ਦੱਖਣ-ਪੂਰਬੀ ਮੌਨਸੂਨ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਮੌਨਸੂਨ ਵੱਲੋਂ ਅਗਾਊਂ ਦਸਤਕ ਦੇਣ ਦੇ ਆਸਾਰ ਹਨ। ਮਹਾਰਾਸ਼ਟਰ ਅਤੇ ਮੱਧ ਭਾਰਤ ਵਿੱਚ ਬਰਸਾਤ ਪੈਣ ਲੱਗ ਪਈ ਹੈ। ਪ੍ਰੀ-ਮੌਨਸੂਨ ਦੇ 19 ਜਾਂ 20 ਜੂਨ ਨੂੰ ਸ਼ੁਰੂ ਹੋਣ ਦੀ ਉਮੀਦ ਹੈ ਜਦੋਂਕਿ ਅਗਲੇ ਹਫ਼ਤੇ ਦੇ ਅਖੀਰ ਤਕ ਬਰਸਾਤ ਸ਼ੁਰੂ ਹੋ ਜਾਵੇਗੀ। ਮੌਸਮ ਵਿਭਾਗ ਨੇ 16 ਅਤੇ 17 ਜੂਨ ਨੂੰ ਹਲਕੇ ਛਿੱਟੇ ਪੈਣ ਦੀ ਸੰਭਾਵਨਾ ਜਤਾਈ ਹੈ। ਦੋਵੇਂ ਦਿਨ ਵੱਧ ਤੋਂ ਵੱਧ ਤਾਪਮਾਨ 36 ਤੋਂ 37 ਡਿਗਰੀ ਰਹਿਣ ਦੀ ਭਵਿੱਖਬਾਣੀ ਹੈ।  ਇਸ ਵਾਰ ਮੀਂਹ ਆਮ ਨਾਲੋਂ ਵੱਧ ਪੈਣ ਦੀ ਸੰਭਾਵਨਾ ਹੈ।
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲੁਆਈ 15 ਜੂਨ ਤੋਂ ਸ਼ੁਰੂ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਸੀ ਪਰ ਪਿਛਲੇ ਦਿਨੀਂ ਪਏ ਭਰਵੇਂ ਮੀਂਹ ਨਾਲ ਧਰਤੀ ਦਾ ਸੀਨਾ ਠਰ ਗਿਆ, ਜਿਸ ਕਾਰਨ ਕਿਸਾਨਾਂ ਨੇ ਦੋ ਦਿਨ ਪਹਿਲਾਂ ਹੀ ਝੋਨੇ ਦੀ ਲੁਆਈ ਸ਼ੁਰੂ ਕਰ ਦਿੱਤੀ ਸੀ। ਮੌਸਮ ’ਚ ਠੰਢਕ ਹੋਣ ਕਾਰਨ  ਝੋਨੇ ਦੀ ਲੁਆਈ ਨੇ ਪਹਿਲੇ ਦਿਨ ਹੀ ਜ਼ੋਰ ਫੜ ਲਿਆ ਹੈ ਅਤੇ ਢਾਈ ਲੱਖ ਹੈਕਟੇਅਰ ਵਿੱਚ ਝੋਨਾ ਲਾ ਦਿੱਤਾ ਗਿਆ ਹੈ। ਉਂਜ, ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਕਾਰਨ ਸਮੱਸਿਆ ਆ ਰਹੀ ਹੈ। ਕਿਸਾਨ ਇਸ ਵਾਰ ਪਿਛਲੇ ਸਾਲ ਨਾਲੋਂ ਵੱਧ ਰੇਟ ਦੇ ਰਹੇ ਹਨ। ਇਸ ਸਾਲ ਝੋਨੇ ਦੀ ਲੁਆਈ ਦਾ ਰੇਟ 2800 ਤੋਂ 3000 ਰੁਪਏ ਪ੍ਰਤੀ ਏਕੜ ਹੈ ਜਦੋਂਕਿ ਬੀਤੇ ਸਾਲ ਇਹ 2400 ਤੋਂ 2600 ਰੁਪਏ ਪ੍ਰਤੀ ਏਕੜ ਸੀ। ਇਸ ਵਾਰ ਮਜ਼ਦੂਰਾਂ ਨੂੰ ਪੈਸੇ ਤੋਂ ਇਲਾਵਾ ਪ੍ਰਤੀ ਏਕੜ ਪੰਜ ਕਿਲੋ ਆਟਾ  ਵੀ ਦਿੱਤਾ ਜਾ ਰਿਹਾ ਹੈ। ਕਈ ਥਾਈਂ ਮਜ਼ਦੂਰਾਂ ਨੂੰ ਟਿਕਾਉਣ ਲਈ ਕਿਸਾਨ, ਸੈੱਲ ਫੋਨ ਅਤੇ ਸਕੂਟਰ ਵੀ ਲੈ ਕੇ ਦੇ ਰਹੇ ਹਨ।
ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਕਿਸਾਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀ ਪ੍ਰਮਾਣਿਤ ਕਿਸਮ ਪੀਆਰ 121 ਅਤੇ 126 ਲਾਉਣ ਨੂੰ ਪਹਿਲ ਦੇ ਰਹੇ ਹਨ। ਨਵੀਂ ਕਿਸਮ ਜਲਦ ਪੱਕਦੀ ਹੈ ਅਤੇ ਇਸ ਦਾ ਝਾੜ ਵੀ ਤੀਹ ਕੁਇੰਟਲ ਪ੍ਰਤੀ ਏਕੜ ਤੋਂ ਵੱਧ ਨਿਕਲਦਾ ਹੈ। ਖੇਤੀ ਮਾਹਿਰਾਂ ਨੇ ਬਾਸਮਤੀ 1121 ਅਤੇ 1509 ਨੂੰ ਪਹਿਲ ਦੇਣ ਦੀ ਸਲਾਹ ਦਿੱਤੀ ਹੈ। ਵਿਭਾਗ ਨੇ ਇਸ ਵਾਰ ਝੋਨੇ ਹੇਠਲਾ ਰਕਬਾ ਘੱਟ ਕਰਨ ਦਾ ਟੀਚਾ ਮਿੱਥਿਆ ਹੈ। ਪਿਛਲੇ ਸਾਲ ਸਾਉਣੀ ਹੇਠਲਾ ਰਕਬਾ 30.40 ਹੈਕਟੇਅਰ ਸੀ ਜੋ ਇਸ ਵਾਰ ਘਟਾ ਕੇ 28.45 ਹੈਕਟੇਅਰ ਕੀਤਾ ਜਾ ਰਿਹਾ ਹੈ। ਸਰਕਾਰ ਨਰਮੇ ਦੀ ਖੇਤੀ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਇਸ ਸਾਲ ਨਰਮੇ ਹੇਠਲਾ ਰਕਬਾ ਸਵਾ ਲੱਖ ਹੈਕਟੇਅਰ ਏਕੜ ਵਧਿਆ ਹੈ।
ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਦਾ ਕਹਿਣਾ ਹੈ ਕਿ ਝੋਨੇ ਦੇ ਖੇਤੀ ਭਾਵੇਂ ਲਾਹੇ ਦਾ ਸੌਦਾ ਸਾਬਿਤ ਹੋ ਰਹੀ ਹੈ ਪਰ ਇਸ ਵਾਰ ਮਾਲਵੇ ਦੇ ਕਿਸਾਨ ਦਾ ਰੁਝਾਨ ਨਰਮੇ ਵੱਲ ਵਧੇਰੇ ਹੈ। ਇਹ ਪਾਣੀ ਦੀ ਬਚਤ ਕਰਨ ਵਿੱਚ ਵੀ ਸਹਾਈ ਸਿੱਧ ਹੋਣ ਲੱਗਾ ਹੈ।
ਇਸ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਕਈ ਥਾਈਂ ਮੀਂਹ ਪੈਣ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ। ਮੁਹਾਲੀ, ਰੋਪੜ, ਪੰਚਕੂਲਾ, ਅੰਬਾਲਾ ਅਤੇ ਯਮੁਨਾਨਗਰ ਵਿੱਚ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ। ਕੱਲ੍ਹ ਪੰਜਾਬ ਅਤੇ ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 41 ਤੋਂ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 48 ਘੰਟਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

 

 

fbbg-image

Latest News
Magazine Archive