ਪਾਕਿਸਤਾਨ ਵੱਲੋਂ ਮੁੜ ਗੋਲੀਬੰਦੀ ਦੀ ਉਲੰਘਣਾ


 

ਜੰਮੂ - ਪਾਕਿਸਤਾਨ ਨੇ ਅੱਜ ਅਸਲ ਕੰਟਰੋਲ ਲਕੀਰ ਨਾਲ ਲਗਦੇ ਜੰਮੂ ਕਸ਼ਮੀਰ ਦੇ ਰਾਜੌਰੀ ਤੇ ਪੁਣਛ ਜ਼ਿਲ੍ਹਿਆਂ ਵਿੱਚ ਦੋ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ। ਪਾਕਿਸਤਾਨ ਨੇ ਮੋਰਟਾਰ ਤੇ ਗੋਲੀਆਂ ਚਲਾਉਂਦਿਆਂ ਭਾਰਤ ਦੀਆਂ ਮੂਹਰਲੀਆਂ ਚੌਕੀਆਂ ਤੇ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਭਾਰਤ ਨੇ ਵੀ ਗੁਆਂਢੀ ਮੁਲਕ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਫ਼ੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਮਨੀਸ਼ ਮਹਿਤਾ ਨੇ ਕਿਹਾ,‘ਪਾਕਿਸਤਾਨੀ ਫ਼ੌਜ ਨੇ ਅੱਜ ਸਵੇਰੇ 9:30 ਵਜੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਅਸਲ ਕੰਟਰੋਲ ਲਕੀਰ ਦੇ ਨਾਲ ਛੋਟੇ ਹਥਿਆਰਾਂ, ਸਵੈਚਾਲਿਤ ਆਰਪੀਜੀ ਤੇ ਰੀਕੁਆਇਲਲੈੱਸ ਰਾਈਫਲਾਂ ਨਾਲ ਗੋਲੀਬਾਰੀ ਕੀਤੀ।’ ਰੱਖਿਆ ਬੁਲਾਰੇ ਨੇ ਕਿਹਾ ਕਿ ਭਾਰਤੀ ਫ਼ੌਜੀ ਚੌਕੀਆਂ ਵੱਲੋਂ ਮਜ਼ਬੂਤੀ ਤੇ ਅਸਰਦਾਰ ਤਰੀਕੇ ਨਾਲ ਜਵਾਬ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਤੜਕੇ ਪੰਜ ਵਜੇ ਤੋਂ ਪੌਣੇ ਛੇ ਵਜੇ ਤਕ ਐਲਓਸੀ ਦੇ ਨਾਲ ਭੀਂਬੜ ਗਲੀ ਸੈਕਟਰ ਵਿੱਚ ਵੀ ਅੰਨ੍ਹੇਵਾਹ ਗੋਲੀਬਾਰੀ ਕੀਤੀ। ਪਿਛਲੇ ਚਾਰ ਦਿਨਾਂ ’ਚ ਪਾਕਿਸਤਾਨ ਵੱਲੋਂ ਨੌਂ ਵਾਰ ਜਦਕਿ 12 ਜੂਨ ਨੂੰ ਤਿੰਨ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਸੀ। 

 

Latest News
Magazine Archive