ਗਿੱਲ ਨੂੰ ਸ਼ਰਧਾਂਜਲੀ ਦੇਣ ਤੋਂ ਹੰਗਾਮਾ


 

ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਵਿੱਚ ਅੱਜ ਸੂਬੇ ਦੇ ਸਾਬਕਾ ਡੀਜੀਪੀ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ ਦੇ ਮੁੱਦੇ ’ਤੇ ਹੰਗਾਮਾ ਹੋਇਆ। ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਡੀਜੀਪੀ ਨੂੰ ਸਿੱਖਾਂ ’ਤੇ ਜ਼ੁਲਮ ਕਰਨ ਦਾ ਦੋਸ਼ੀ ਕਰਾਰ ਦਿੱਤਾ ਅਤੇ ਇਸ ਨੂੰ ਸਦਨ ਦੀ ਰਵਾਇਤ ਦੇ ਉਲਟ ਦੱਸਿਆ।
ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸੁਖਬੀਰ ਬਾਦਲ ਨੇ ਸਦਨ ਵਿੱਚ ਸ਼ਰਧਾਂਜਲੀਆਂ ਦੇਣ ਦਾ ਵਿਰੋਧ ਕੀਤਾ, ਜਦੋਂ ਕਿ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੇ ਤਰਕ ਦੀ ਨਿੰਦਾ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਮਰਹੂਮ ਕੇ.ਪੀ.ਐਸ. ਗਿੱਲ ਦੇ ਖਾਸ ਮੰਨੇ ਜਾਂਦੇ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਵਿੱਚ ਘਿਰੇ ਰਹਿਣ ਵਾਲੇ ਪੁਲੀਸ ਅਧਿਕਾਰੀ ਸੁਮੇਧ ਸਿੰਘ ਸੈਣੀ ਨੂੰ ਸਾਢੇ ਤਿੰਨ ਸਾਲ ਪੁਲੀਸ ਮੁਖੀ ਲਾਈ ਰੱਖਿਆ। ਇਸ ਤਰ੍ਹਾਂ ਵਿਵਾਦਤ ਪੁਲੀਸ ਅਫ਼ਸਰ ਤੇ ਸਾਬਕਾ ਡੀਜੀਪੀ ਇਜ਼ਹਾਰ ਆਲਮ ਦੀ ਪਤਨੀ ਨੂੰ ਮਾਲੇਰਕੋਟਲਾ ਤੋਂ ਵਿਧਾਇਕ ਵਜੋਂ ਜਿਤਾ ਕੇ ਮੁੱਖ ਸੰਸਦੀ ਸਕੱਤਰ ਬਣਾਇਆ। ਇਸ ਮੁੱਦੇ ’ਤੇ ਕਾਂਗਰਸ ਅਤੇ ਅਕਾਲੀ ਦਲ ਦੇ ਮੈਂਬਰਾਂ ਵਿਚਕਾਰ ਕਾਫ਼ੀ ਖਿੱਚੋਤਾਣ ਹੋਈ। ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸਾਬਕਾ ਡੀਜੀਪੀ ਨੂੰ ਸ਼ਰਧਾਂਜਲੀਆਂ ਦੇਣ ਦਾ ਅਮਲ ਜਾਰੀ ਰੱਖਿਆ ਤਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਸਾਰੇ ਮੈਂਬਰ ਵਾਕਆਊਟ ਕਰ ਗਏ। ਭਾਜਪਾ ਦੇ ਤਿੰਨ ਵਿਧਾਇਕਾਂ ਨੇ ਇਸ ਮੁੱਦੇ ’ਤੇ ਆਪਣੇ ਭਾਈਵਾਲਾਂ ਦਾ ਸਾਥ ਨਹੀਂ ਦਿੱਤਾ।
ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਰਧਾਂਜਲੀਆਂ ਦੇਣ ਦੇ ਅਮਲ ਦੌਰਾਨ ਬੈਠੇ ਰਹੇ, ਜਦੋਂ ਕਿ ‘ਆਪ’ ਦੀ ਭਾਈਵਾਲ ਲੋਕ ਇਨਸਾਫ਼ ਪਾਰਟੀ ਦੇ ਦੋ ਵਿਧਾਇਕ ਭਰਾਵਾਂ ਨੇ ਵਿਰੋਧ ਕਰਦਿਆਂ ਵਾਕਆਊਟ ਕੀਤਾ। ਸਦਨ ਦੀ ਰਵਾਇਤ ਮੁਤਾਬਕ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਦੇਣ ਦਾ ਮਤਾ ਪੜ੍ਹਨਾ ਸ਼ੁਰੂ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਫਿਲਮ ਅਦਾਕਾਰ ਵਿਨੋਦ ਖੰਨਾ ਨੂੰ ਸ਼ਰਧਾਂਜਲੀ ਦਿੱਤੀ ਗਈ। ਉਸ ਤੋਂ ਬਾਅਦ ਜਿਵੇਂ ਹੀ ਸਪੀਕਰ ਵੱਲੋਂ ਸਾਬਕਾ ਡੀਜੀਪੀ ਦਾ ਨਾਮ ਲਿਆ ਗਿਆ ਤਾਂ ਸੁਖਬੀਰ ਸਿੰਘ ਬਾਦਲ ਆਪਣੀ ਸੀਟ ’ਤੇ ਖੜ੍ਹੇ ਹੋ ਕੇ ਇਸ ਮਤੇ ਦਾ ਵਿਰੋਧ ਕਰਨ ਲੱਗੇ। ਉਨ੍ਹਾਂ ਕਿਹਾ ਕਿ ਸਦਨ ਦੀ ਰਵਾਇਤ ਮੁਤਾਬਕ ਸਿਆਸੀ ਤੇ ਸਮਾਜ ਵਿੱਚ ਚੰਗਾ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਹੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਉਨ੍ਹਾਂ ਸਾਬਕਾ ਡੀਜੀਪੀ ’ਤੇ ਸਿੱਖਾਂ ’ਤੇ ਜ਼ੁਲਮ ਕਰਨ ਦੇ ਦੋਸ਼ ਲਾਏ। ਅਕਾਲੀ ਦਲ ਦੇ ਸਾਰੇ ਮੈਂਬਰ ਸੀਟਾਂ ’ਤੇ ਖੜ੍ਹੇ ਹੋ ਕੇ ਰੌਲਾ ਪਾਉਣ ਲੱਗੇ। ਕਾਂਗਰਸ ਮੈਂਬਰਾਂ ਨੇ ਵੀ ਅਕਾਲੀ ਦਲ ਦੇ ਵਿਧਾਇਕਾਂ ਦੇ ਵਿਰੋਧ ਨੂੰ ਬੇਤੁਕਾ ਕਰਾਰ ਦਿੰਦਿਆਂ ਬੋਲਣਾ ਸ਼ੁਰੂ ਕਰ ਦਿੱਤਾ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਦੌਰਾਨ ਰਾਜ ਵਿੱਚ ਨਸ਼ਿਆਂ ਕਾਰਨ ਮਾਰੇ ਗਏ ਨੌਜਵਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਣੀ ਚਾਹੀਦੀ ਹੈ। ਹੰਗਾਮੇ ਤੋਂ ਬਾਅਦ ਅਕਾਲੀ ਦਲ ਦੇ ਸਾਰੇ ਵਿਧਾਇਕ ਵਾਕਆਊਟ ਕਰ ਗਏ। ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਸ਼ਰਧਾਂਜਲੀਆਂ ਵਾਲਾ ਮਤਾ ਪਾੜ ਦਿੱਤਾ। ‘ਆਪ’ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਵਾਲੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ‘ਆਪ’ ਵਿਧਾਇਕਾਂ ਦੀ ਮੰਗ ਦਾ ਸਮਰਥਨ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ ਨਾਮ ਵੀ ਸ਼ਰਧਾਂਜਲੀਆਂ ਵਾਲੀ ਸੂਚੀ ਵਿੱਚ ਸ਼ਾਮਲ ਕਰਨ ਦੀ ਵਕਾਲਤ ਕਰਨ ਤੋਂ ਬਾਅਦ ਇਨ੍ਹਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਸ੍ਰੀ ਸਿੱਧੂ ਦੀ ਮੰਗ ’ਤੇ ਸਪੀਕਰ ਨੇ ਨਸ਼ਿਆਂ ਕਾਰਨ ਮਰਨ ਵਾਲੇ ਨੌਜਵਾਨਾਂ ਦੇ ਨਾਮ ਵੀ ਸ਼ਰਧਾਂਜਲੀਆਂ ਵਾਲੀ ਸੂਚੀ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ। ਕਾਂਗਰਸੀ ਮੈਂਬਰ ਬ੍ਰਹਮ ਮਹਿੰਦਰਾ, ਹਰਮਿੰਦਰ ਗਿੱਲ ਅਤੇ ਗੁਰਕੀਰਤ ਸਿੰਘ ਕੋਟਲੀ ਨੇ ਅਕਾਲੀ ਦਲ ਵੱਲੋਂ ਸਾਬਕਾ ਪੁਲੀਸ ਮੁਖੀ ਦਾ ਨਾਂ ਸ਼ੋਕ ਮਤੇ ਵਿੱਚ ਸ਼ਾਮਲ ਕਰਨ ਦੇ ਵਿਰੋਧ ਨੂੰ ਸਪੀਕਰ ਦੀ ਮਰਿਆਦਾ ਨੂੰ ਘਟਾਉਣ ਤੇ ਵਿਛੜੀਆਂ ਸ਼ਖ਼ਸੀਅਤਾਂ ਦੇ ਨਿਰਾਦਰ ਦੀ ਆਲੋਚਨਾ ਕੀਤੀ। ਉਨ੍ਹਾਂ  ਅਕਾਲੀ ਦਲ ਦੇ ਵਾਕਆਊਟ ਨੂੰ ਸਿਆਸੀ ਢਕਵੰਜ ਦੱਸਿਆ, ਜਿਨ੍ਹਾਂ ਕੋਲ ਸਰਕਾਰ ਵਿਰੁੱਧ ਕੋਈ ਮੁੱਦਾ ਨਹੀਂ ਹੈ।
ਇਸ ਦੌਰਾਨ ਸਦਨ ਵੱਲੋਂ ਫਿਲਮ ਅਦਾਕਾਰ ਤੇ ਸੰਸਦ ਮੈਂਬਰ ਵਿਨੋਦ ਖੰਨਾ ਤੇ ਕੇ.ਪੀ.ਐਸ. ਗਿੱਲ ਸਮੇਤ ਨਿਸ਼ਾਨ ਸਿੰਘ, ਗੁਰਦੇਵ ਸਿੰਘ ਅਤੇ ਬੰਤਾ ਸਿੰਘ (ਸਾਰੇ ਆਜ਼ਾਦੀ ਘੁਲਾਟੀਏ), ਸ਼ਹੀਦ ਪਰਮਜੀਤ ਸਿੰਘ ਅਤੇ ਇੰਸਪੈਕਟਰ-ਕਮ-ਕੰਪਨੀ ਕਮਾਂਡਰ (ਸੀਆਰਪੀਐਫ) ਰਘੁਬੀਰ ਸਿੰਘ, ਕਾਂਸਟੇਬਲ ਲਵਪ੍ਰੀਤ ਸਿੰਘ, ਖੇਤੀ ਵਿਗਿਆਨੀ ਡਾ. ਦਿਲਬਾਗ ਸਿੰਘ ਅਠਵਾਲ ਅਤੇ ਕਿਰਪਾਲ ਸਿੰਘ ਖੀਰਨੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਸੁਖਬੀਰ ਤੇ ਮਜੀਠੀਆ ਲੰਡਨ ਜਾਣਗੇ?
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਵਿਧਾਨ ਸਭਾ ਸੈਸ਼ਨ ਵਿੱਚ ਅਗਲੇ ਦੋ ਕੁ ਦਿਨ ਗੈਰਹਾਜ਼ਰ ਰਹਿਣ ਦੇ ਆਸਾਰ ਹਨ। ਸੂਤਰਾਂ ਅਨੁਸਾਰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਦੇ ਪੁੱਤਰ ਦੇ ਲੰਡਨ ਵਿੱਚ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਛੋਟੇ ਬਾਦਲ ਅਤੇ ਮਜੀਠੀਆ ਇੰਗਲੈਂਡ ਜਾ ਰਹੇ ਹਨ। ਇਹ ਵਿਆਹ ਸਮਾਗਮ 18 ਜੂਨ ਨੂੰ ਰੱਖਿਆ ਹੋਇਆ ਹੈ। ਪੰਜਾਬ ਤੋਂ ਚੋਣਵੇਂ ਵਿਅਕਤੀਆਂ ਨੂੰ ਹੀ ਸੱਦਾ ਪੱਤਰ ਦਿੱਤੇ ਗਏ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਵਿੱਚ ਸ਼ਾਮਲ ਨਹੀਂ ਹੋਣਗੇ।

 

 

fbbg-image

Latest News
Magazine Archive