ਚੈਂਪੀਅਨਜ਼ ਟਰਾਫ਼ੀ: ਭਾਰਤ ਨੂੰ ਸ੍ਰੀਲੰਕਾ ਹੱਥੋਂ 7 ਵਿਕਟਾਂ ਦੀ ਸਨਸਨੀਖੇਜ਼ ਹਾਰ

ਲੰਡਨ - ਭਾਰਤੀ ਗੇਂਦਬਾਜ਼ਾਂ ਦੀ ਦਿਸ਼ਾਹੀਣ ਗੇਂਦਬਾਜ਼ੀ ਅਤੇ ਫੀਲਡਰਾਂ ਵੱਲੋਂ ਕੁਝ ਨਜ਼ਦੀਕੀ ਮੌਕੇ ਖੁੰਝਾ ਦਿੱਤੇ ਜਾਣ ਕਾਰਨ ਅੱਜ ਇਥੇ ਆਈਸੀਸੀ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ ‘ਬੀ’ ਦੇ ਮੁਕਾਬਲੇ ਵਿੱਚ ਸ੍ਰੀਲੰਕਾ ਨੇ ਸਨਸਨੀਖੇਜ਼ ਢੰਗ ਨਾਲ ਪਿਛਲੇ ਚੈਂਪੀਅਨ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।  ਇਸ ਨਾਲ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 124 ਦੌੜਾਂ ਨਾਲ ਹਰਾ ਕੇ ਅਰਸ਼ਾਂ ’ਤੇ ਉਡ ਰਹੀ ਭਾਰਤੀ ਟੀਮ ਫ਼ਰਸ਼ ਉਤੇ ਆਣ ਡਿੱਗੀ।  ਭਾਰਤ ਵੱਲੋਂ 50 ਓਵਰਾਂ ਵਿੱਚ 6 ਵਿਕਟਾਂ ਉਤੇ ਬਣਾਏ 321 ਦੌੜਾਂ ਦੇ ਵਿਸ਼ਾਲ ਸਕੋਰ ਦੇ ਬਾਵਜੂਦ ਸ੍ਰੀਲੰਕਾ ਆਪਣੇ ਮੋਹਰੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ 48.4 ਓਵਰਾਂ ਵਿੱਚ ਤਿੰਨ ਵਿਕਟਾ ਗੁਆ ਕੇ ਹੀ ਜਿੱਤ ਦਰਜ ਕਰਨ ਵਿੱਚ ਸਫਲ ਰਿਹਾ।  ਜੇਤੂ ਟੀਮ ਲਈ ਕੁਸ਼ਲ ਮੈਂਡਿਸ ਨੇ ਸਭ ਤੋਂ ਵੱਧ 89, ਦਨੁਸ਼ਕਾ ਗੁਨਾਤੀਲਾਕਾ ਨੇ 76 ਤੇ ਕਪਤਾਨ ਐਂਜਲੋ ਮੈਥਿਊਜ਼ ਨੇ 52 ਦੌੜਾਂ ਦਾ ਯੋਗਦਾਨ ਪਾਇਆ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (125) ਦੇ ਸੈਂਕੜੇ ਅਤੇ ਰੋਹਿਤ ਸ਼ਰਮਾ (78) ਅਤੇ ਮਹਿੰਦਰ ਸਿੰਘ ਧੋਨੀ (63)ਦੇ ਸ਼ਾਨਦਾਰ ਨੀਮ ਸੈਂਕੜਿਆਂ ਸਦਕਾ ਭਾਰਤ ਨੇ 6 ਵਿਕਟਾਂ ’ਤੇ 321 ਦੌੜਾਂ ਦਾ ਸਕੋਰ ਬਣਾਇਆ। ਸ਼ਿਖਰ ਨੇ ਆਪਣੇ ਕਰੀਅਰ ਦਾ 10ਵਾਂ ਇਕ-ਰੋਜ਼ਾ ਸੈਂਕੜਾ ਬਣਾਇਆ ਅਤੇ ਰੋਹਿਤ ਨਾਲ ਪਹਿਲੀ ਵਿਕਟ ਲਈ 24.5 ਓਵਰਾਂ ਵਿੱਚ 138 ਦੌੜਾਂ ਦੀ ਭਾਈਵਾਲੀ ਕੀਤੀ।  ਉਹ ਚੈਂਪੀਅਨਜ਼ ਟਰਾਫ਼ੀ ਵਿੱਚ ਸਭ ਤੋਂ ਵਧ ਵਿਅਕਤੀਗਤ ਸਕੋਰ ਬਣਾਉਣ ਵਿੱਚ ਚੌਥਾ ਭਾਰਤੀ ਬੱਲੇਬਾਜ਼ ਬਣ ਗਿਆ ਹੈ।  ਕਪਤਾਨ ਮਹਿੰਦਰ ਸਿੰਘ ਧੋਨੀ ਨੇ 52 ਗੇਂਦਾਂ ’ਚ 63 ਦੌੜਾਂ ਬਣਾਈਆਂ।  ਭਾਰਤ ਨੇ ਅਖੀਰਲੇ 10 ਓਵਰਾਂ ਵਿੱਚ 103 ਦੌੜਾਂ ਜੋੜੀਆਂ।  ਸ੍ਰੀਲੰਕਾ ਵੱਲੋਂ ਮਲਿੰਗਾ ਨੇ 70 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।  ਲਕਮਲ, ਪ੍ਰਦੀਪ, ਪਰੇਰਾ ਅਤੇ ਗੁਣਾਰਤਨੇ ਨੂੰ ਇਕ-ਇਕ ਵਿਕਟ ਮਿਲੀ।

 

Latest News
Magazine Archive