ਈਵੀਐਮਜ਼ ਨਾਲ ਛੇੜਛਾੜ ਦਾ ਮੁੱਦਾ ਖ਼ਤਮ: ਜ਼ੈਦੀ


ਨਵੀਂ ਦਿੱਲੀ - ਚੋਣ ਕਮਿਸ਼ਨ ਦੀ ਈਵੀਐਮ ਨੂੰ ਹੈਕ ਕਰਨ ਦੀ ਚੁਣੌਤੀ ਪ੍ਰਵਾਨ ਕਰਨ ਵਾਲੀਆਂ ਦੋਵੇਂ ਪਾਰਟੀਆਂ ਸੀਪੀਐਮ ਤੇ ਐਨਸੀਪੀ ਨੇ ਹੈਕਿੰਗ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਿਆ। ਇਸ ਮਗਰੋਂ ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨੇ ਕਿਹਾ ਕਿ ਈਵੀਐਮਜ਼ ਨਾਲ ਛੇੜਛਾੜ ਨਹੀਂ ਹੋ ਸਕਦੀ। ਇਸ ਚੁਣੌਤੀ ਦੇ ਖਤਮ ਹੋਣ ਨਾਲ ਹੁਣ ਈਵੀਐਮਜ਼ ਨਾਲ ਛੇੜਛਾੜ ਹੋਣ ਦਾ ਮਸਲਾ ਖਤਮ ਕਰ ਦੇਣਾ ਚਾਹੀਦਾ ਹੈ।
ਸ੍ਰੀ ਜ਼ੈਦੀ ਨੇ ਨਾਲ ਹੀ ਕਿਹਾ ਕਿ ਇਸ ਚੁਣੌਤੀ ਨੂੰ ਕਿਸੇ ਦੀ ਜਿੱਤ ਜਾਂ ਹਾਰ ਵਜੋਂ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਸੀਪੀਐਮ ਦੇ ਮੈਂਬਰਾਂ ਨੂੰ ਈਵੀਐਮ ਦਾ ਡੈਮੋ ਦਿਖਾਇਆ ਗਿਆ ਤੇ ਉਹ ਸੰਤੁਸ਼ਟ ਸਨ। ਉਨ੍ਹਾਂ ਕਿਹਾ ਕਿ ਸੀਪੀਐਮ ਦੇ ਮੈਂਬਰ ਇਸ ਚੁਣੌਤੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ ਸਨ ਪਰ ਇਸ ਮਸ਼ੀਨ ਦੇ ਕੰਮ ਕਰਨ ਦੀ ਪ੍ਰਕਿਰਿਆ ਬਾਰੇ ਜਾਣਨਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੂੰ ਡੈਮੋ ਦਿਖਾ ਦਿੱਤਾ ਗਿਆ ਤੇ ਤਕਨੀਕੀ ਸ਼ੰਕੇ ਦੂਰ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਐਨਸੀਪੀ ਨੂੰ ਮਹਾਰਾਸ਼ਟਰ ਨਿਗਮ ਚੋਣਾਂ ਵਿੱਚ ਵਰਤੀਆਂ ਮਸ਼ੀਨਾਂ ਬਾਰੇ ਸ਼ੰਕੇ ਸਨ, ਜੋ ਚੋਣ ਕਮਿਸ਼ਨ ਨਾਲ ਸਬੰਧਤ ਨਹੀਂ ਸਨ। ਇਸ ਦੌਰਾਨ ਪਾਰਟੀ ਨੇ ਚੋਣ ਕਮਿਸ਼ਨ ਤੇ ਉਸ ਨੂੰ ਈਵੀਐਮ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਲਿਖਤੀ ਸੱਦਾ ਭੇਜਿਆ ਹੈ ਕਿ ਉਹ ਚੋਣ ਕਮਿਸ਼ਨ ਦੀਆਂ ‘ਈਵੀਐਮ ਚੁਣੌਤੀ’ ਦੌਰਾਨ ਲਾਈਆਂ ਸ਼ਰਤਾਂ ਮੁਤਾਬਕ ਹੀ ‘ਆਪ’ ਵੱਲੋਂ ਬਣਾਈ ਈਵੀਐਮ ਨੂੰ ਹੈੱਕ ਕਰਨ ਦੀ ਹਿੰਮਤ ਕਰਨ।
ਮੁੱਖ ਚੋਣ ਕਮਿਸ਼ਨਰ ਨੇ ਨਸੀਮ ਜ਼ੈਦੀ ਨੇ ਪਰਚੀ ਰਾਹੀਂ ਵੋਟਾਂ (ਬੈਲੇਟ) ਦਾ ਸਿਸਟਮ ਦੁਬਾਰਾ ਸ਼ੁਰੂ ਕਰਨ ਨੂੰ ਨਕਾਰਦਿਆਂ ਕਿਹਾ ਕਿ ਵਾਪਸ ਪੁਰਾਣਾ ਸਿਸਟਮ ਸ਼ੁਰੂ ਕਰਨ ਦੀ ਕੋਈ ਵਜ੍ਹਾ ਨਹੀਂ ਹੈ। ਇਸ ਮੌਕੇ ਉਨ੍ਹਾਂ ਵੀਵੀਪੈਟ ਮਸ਼ੀਨਾਂ ਨੂੰ ਵੱਧ ਪਾਰਦਰਸ਼ੀ ਦੱਸਿਆ।  
ਚੁਣੌਤੀ ਪ੍ਰਕਿਰਿਆ ਦੀ ਇਜਾਜ਼ਤ ਨਾ ਮਿਲਣ ਦੀ ਸੀਪੀਆਈ ਵੱਲੋਂ ਨਿੰਦਾ
ਨਵੀਂ ਦਿੱਲੀ - ਚੋਣ ਕਮਿਸ਼ਨ ਵੱਲੋਂ ਸੀਪੀਆਈ ਨੂੰ ਈਵੀਐਮ ਹੈਕਿੰਗ ਦੀ ਚੁਣੌਤੀ ਪ੍ਰਕਿਰਿਆ ਦੇਖਣ ਦੀ ਇਜਾਜ਼ਤ ਨਾ ਦੇਣ ਦੀ ਪਾਰਟੀ ਨੇ ਨਿੰਦਾ ਕੀਤੀ ਹੈ। ਉਨ੍ਹਾਂ ਇਜਾਜ਼ਤ ਨਾ ਦੇਣ ਦੇ ਚੋਣ ਕਮਿਸ਼ਨ ਦੇ ਫ਼ੈਸਲੇ ’ਤੇ ਸ਼ੰਕੇ ਜਤਾਏ ਹਨ। ਪਾਰਟੀ ਨੇ ਕਿਹਾ ਕਿ ਕਮਿਸ਼ਨ ਨੇ ਕੱਲ੍ਹ ਹੀ ਪਾਰਟੀ ਨੂੰ ਸੂਚਿਤ ਕੀਤਾ ਕਿ ਉਹ ਈਵੀਐਮ ਹੈਕਿੰਗ ਦੀ ਚੁਣੌਤੀ ਪ੍ਰਕਿਰਿਆ ਨਹੀਂ ਦੇਖ ਸਕਦੀ। ਸੀਪੀਆਈ ਦੇ ਜਨਰਲ ਸਕੱਤਰ ਐੱਸ ਸੁਧਾਕਰ ਰੈਡੀ ਨੇ ਫੋਨ ’ਤੇ ਗੱਲਬਾਤ ਦੌਰਾਨ ਕਿਹਾ ਕਿ ਕਮਿਸ਼ਨ ਵੱਲੋਂ ਇਜਾਜ਼ਤ ਨਾ ਦੇਣਾ ਕਈ ਸ਼ੰਕੇ ਖੜ੍ਹੇ ਕਰਦਾ ਹੈ।

 

 

fbbg-image

Latest News
Magazine Archive