ਚੈਂਪੀਅਨਜ਼ ਟਰਾਫੀ: ਭਾਰਤ ਦੀ ਪਾਕਿਸਤਾਨ ਨਾਲ ਵਕਾਰੀ ਟੱਕਰ ਅੱਜ

ਪਾਕਿਸਤਾਨ ਦੇ ਗੇਂਦਬਾਜ਼ਾਂ ਅਤੇ ਭਾਰਤ ਦੇ ਬੱਲੇਬਾਜ਼ਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ‘ਜੰਗ’
ਬਰਮਿੰਘਮ - ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੈਚ ਵਿੱਚ ਭਲਕੇ ਭਾਰਤ ਦੀ ਟੱਕਰ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੋਵੇਗੀ। ਬੇਹੱਦ ਉਕਸਾਹਟ ਭਰੇ ਇਸ ਮੈਚ ਨੂੰ ਜਿੱਥੇ ਭਾਰਤੀ ਟੀਮ ਜਿੱਤਣ ਲਈ ਹਰ ਹੀਲਾ ਵਰਤੇਗੀ ਉੱਥੇ ਮੀਡੀਆ ਵਿੱਚ ਚੱਲ ਰਹੇ ਵਿਵਾਦਾਂ ਉੱਤੇ ਵਿਸ਼ਰਾਮ ਲਾਉਣ ਲਈ ਯਤਨਸ਼ੀਲ ਵੀ ਰਹੇਗੀ। ਇਸ ਮੈਚ ਵਿੱਚ ਰੋਮਾਂਚ ਅਤੇ ਤਣਾਅ ਦੋਵੇਂ ਦੇਖਣ ਨੂੰ ਮਿਲਣਗੇ। ਮੌਜੂਦਾ ਦੌਰ ਦੇ ਸਭ ਤੋਂ ਤੇਜ਼ ਗੇਂਦਬਾਜਾਂ ਵਿੱਚੋਂ ਇਕ ਮੁਹੰਮਦ ਆਮਿਰ ਅਤੇ ਕ੍ਰਿਸ਼ਮਈ ਬੱਲੇਬਾਜ਼ ਵਿਰਾਟ ਕੋਹਲੀ ਵਿੱਚ ਵੀ ਜੰਗ ਦੇਖਣ ਨੂੰ ਮਿਲੇਗੀ। ਜੇ ਇਸ ਮੁਕਾਬਲੇ ਨੂੰ ਭਾਰਤੀ ਬੱਲੇਬਾਜ਼ਾਂ ਅਤੇ ਪਾਕਿਸਤਾਨੀ ਗੇਂਦਬਾਜ਼ਾਂ ਵਿਚਕਾਰ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀ ਹੋਵੇਗੀ।
ਭਾਰਤ ਕੋਲ ਕੋਹਲੀ , ਰੋਹਿਤ ਸ਼ਰਮਾਂ, ਯੁਵਰਾਜ ਸਿੰਘ, ਸ਼ਿਖਰ ਧਵਨ ਅਤੇ ਮਹਿੰਦਰ ਸਿੰਘ ਧੋਨੀ ਵਰਗੇ ਬੱਲੇਬਾਜ਼ ਹਨ ਤਾਂ ਦੂਜੇ ਪਾਸੇ ਪਾਕਿਸਤਾਨੀ ਖੇਮੇ ਵਿੱਚ ਆਮਿਰ ਅਤੇ ਜੁਨੈਦ ਖਾਨ ਵਰਗੇ ਗੇਂਦਬਾਜ਼ ਹਨ ਜੋ ਇੱਥੋਂ ਦੀਆਂ ਅਨੁਕੂਲ ਪਿੱਚਾਂ ਉੱਤੇ ਕਹਿਰ ਵਰਤਾਅ ਸਕਦੇ ਹਨ। ਭਾਰਤ ਲਈ ਚਿੰਤਾ ਦਾ ਵਿਸ਼ਾ ਗੇਂਦਬਾਜ਼ੀ ਹੋਵੇਗੀ ਹਾਲਾਂ ਕਿ ਹਰਫ਼ਨਮੌਲਾ ਹਾਰਦਿਕ ਪਾਂਡਯ ਟੀਮ ਵਿੱਚ ਸੰਤੁਲਿਨ ਬਣਾਉਂਦੇ ਹਨ। ਜਸਪ੍ਰੀਤ ਬੁਮਰਾ ਅਤੇ ਭੁਵਨੇਸ਼ਵਰ ਕੁਮਾਰ ਦਾ ਖੇਡਣਾ ਤੈਅ ਹੈ ਜਦੋਂ ਉਮੇਸ਼ ਕੁਮਾਰ ਸ਼ਾਨਦਾਰ ਫਰਮ ਵਿੱਚ ਹੈ। ਮੁਹੰਮਦ ਸ਼ਮੀ ਦੇ ਕੋਲ ਕਲਾਤਮਿਕਤਾ ਹੈ ਉਹ ਕਿਸੇ ਵੀ ਬੱਲੇਬਾਜ਼ ਨੂੰ ਪ੍ਰੇਸ਼ਾਨ ਕਰ ਸਕਦਾ ਹੈ। ਪਾਕਿਸਤਾਨ ਦੇ ਸਿਖ਼ਰਲੇ ਕ੍ਰਮ ਵਿੱਚ ਸੱਜੇ ਹੱਥ ਦੇ ਬੱਲੇਬਾ਼ਜ ਹਨ, ਇਸ ਕਰਕੇ ਟੀਮ ਵਿੱਚ ਰਵਿੰਦਰ ਜਡੇਜਾ ਦੀ ਥਾਂ ਲੈਣਾ ਆਰ ਅਸ਼ਵਿਨ ਲਈ ਚੁਣੌਤੀ ਹੈ।
ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹਮੇਸ਼ਾਂ ਹੋਰਨਾਂ ਦੇਸ਼ਾਂ ਦੇ ਮੈਚਾਂ ਤੋਂ ਵੱਖਰਾ ਹੁੰਦਾ ਹੈ ਕਿਉਂਕਿ ਇਸ ਦਾ ਸਮਾਜਿਕ ਅਤੇ ਰਾਜਸੀ ਅਸਰ ਵੀ ਰਹਿੰਦਾ ਹੈ। ਪਿਛਲੇ ਲੰਬੇ ਸਮੇਂ ਤੋਂ ਦੋਵਾਂ ਦੇਸ਼ਾਂ ਵਿੱਚ ਤਣਾਅ ਕਾਰਨ ਟੀਮਾਂ ਨਹੀ ਖੇਡ ਸਕੀਆਂ ਅਤੇ ਦੋਵਾਂ ਦੇਸ਼ਾਂ ਦੀਆਂ ਟੀਮਾਂ ਦੇ ਪ੍ਰਸ਼ੰਸਕਾਂ ਨੂੰ  ਹਾਰ ਬਰਦਾਸ਼ਤ ਨਹੀ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਜਾਣਦੇ ਹਨ ਕਿ ਪਾਕਿਸਤਾਨ ਨੂੰ ਕਿਵੇਂ ਹਰਾਇਆ ਜਾ ਸਕਦਾ ਹੈ ਪਰ ਕਪਤਾਨ ਕੋਹਲੀ ਲਈ ਇਹ ਉਸਦੀ ਪਰਪੱਕਤਾ ਦੀ ਪ੍ਰੀਖਿਆ ਹੋਵੇਗੀ।
ਦੂਜੇ ਪਾਸੇ ਪਾਕਿਸਤਾਨ ਦੀ ਟੀਮ ਦੀਆਂ ਮੁਸ਼ਕਿਲਾਂ ਵੀ ਘੱਟ ਨਹੀ ਹੋ ਰਹੀਆਂ। ਉਮਰ ਅਕਮਲ ਨੂੰ ਖਰਾਬ ਫਿਟਨੈੱਸ ਕਾਰਨ ਪਾਕਿਸਤਾਨ ਭੇਜ ਦਿੱਤਾ ਹੈ।  ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੇ ਖਿਲਾਫ਼ ਪਾਕਿਸਤਾਨ ਦਾ ਰਿਕਾਰਡ 2-1 ਦਾ ਹੈ ਪਰ ਕਾਗਜ਼ਾਂ ਵਿੱਚ ਟੀਮ ਇੰਡੀਆ ਹਰ ਵਿਭਾਗ ਵਿੱਚ ਉਸ ਉੱਤੇ ਭਾਰੂ ਲੱਗ ਰਹੀ ਹੈ। ਬਿਮਾਰ ਹੋਣ ਕਾਰਨ ਯੁਵਰਾਜ ਸਿੰਘ ਦਾ ਖੇਡਣਾ ਅਜੇ ਤੈਅ ਨਹੀ ਹੈ। ਜੇ ਉਹ ਬਾਹਰ ਰਹਿੰਦਾ ਹੈ ਤਾਂ ਦਿਨੇਸ਼ ਕਾਰਤਿਕ ਨੂੰ ਮੌਕਾ ਮਿਲ ਸਕਦਾ ਹੈ। ਕੇਦਾਰ ਯਾਧਵ ਲਈ ਵੀ ਇਹ ਉਪ ਮਹਾਂਦੀਪ ਤੋਂ ਬਾਹਰ ਇਹ ਸਖ਼ਤ ਚੁਣੌਤੀ ਹੋਵੇਗੀ। ਗੇਂਦਬਾਜ਼ੀ ਵਿੱਚ ਪਾਕਿਸਤਾਨ ਦਾ ਪੱਲੜਾ ਭਾਰੀ ਹੋ ਸਕਦਾ ਹੈ। ਉਸ ਦੇ ਕੋਲ ਆਮਿਰ, ਵਹਾਬ ਰਿਆਜ਼ ਅਤੇ ਜੁਨੈਦ ਦੀ ਤਿੱਕੜੀ ਹੈ ਪਰ ਭੁਵਨੇਸ਼ਵਰ, ਬੁਮਰਾ, ਸ਼ਮੀ ਅਤੇ ਉਮੇਸ਼ ਵੀ ਘੱਟ ਨਹੀ ਹਨ।
ਆਪਣਾ ਸਰਵੋਤਮ ਪ੍ਰਦਰਸ਼ਨ ਕਰਾਂਗੇ: ਕੋਹਲੀ
ਬਰਮਿੰਘਮ - ਭਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਪਾਕਿਸਤਾਨ ਨਾਲ ਮੈਚ ਵਿੱਚ ਵੀ ਉਹ ਬਾਕੀ ਮੈਚਾਂ ਦੀ ਤਰ੍ਹਾਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਵੱਲ੍ਹ ਧਿਆਨ ਦੇਣਗੇ। ਸਮੁੱਚੀ ਟੀਮ ਦਾ ਧਿਆਨ ਮੈਚ ਜਿੱਤਣ ਵੱਲ੍ਹ ਹੈ। ਗੇਂਦਬਾਜ਼ੀ ਵਿੱਚ ਬਹੁਤ ਜਿਆਦਾ ਬਦਲ ਹੋਣ ਕਾਰਨ ਟੀਮ ਵਿੱਚ ਕਿਸੇ ਤਰ੍ਹਾਂ ਦਾ ਵੀ ਸੁਮੇਲ ਕੀਤਾ ਜਾ ਸਕਦਾ ਹੈ। ਸਾਡੀ ਰਣਨੀਤੀ ਵਿਰੋਧੀ ਟੀਮ ਦੇ ਮੱਦੇਨਜ਼ਰ ਹੋਵੇਗੀ। ਸਾਰੇ ਖਿਡਾਰੀ ਜਿੱਤ ਲਈ ਜੀ ਜਾਨ ਲਾ ਦੇਣਗੇ।
ਵਿਰਾਟ ਨੂੰ ਜਲਦੀ ਆਊਟ ਕਰਨਾ ਸਾਡੀ ਯੋਜਨਾ: ਸਰਫਰਾਜ਼
ਬਰਮਿੰਘਮ - ਪਾਕਿਸਤਾਨ ਦੇ ਕਪਤਾਨ ਸਰਫਰਾਜ ਅਹਿਮਦ ਨੇ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਟੀਮ ਉੱਤੇ ਵਧੇਰੇ ਦਬਾਅ ਰਹੇਗਾ। ਉਨ੍ਹਾਂ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਜਲਦੀ ਆਊਟ ਕਰਨ ਦੀ ਯੋਜਨਾ ਬਣਾਈ ਹੈ। ਜੇ ਅਸੀਂ  ਕੋਹਲੀ ਨੂੰ ਆਊਟ ਕਰ ਲੈਂਦੇ ਹਾਂ ਤਾਂ ਟੀਮ ਬੈਕਫੁੱਟ ਉੱਤੇ ਚਲੀ ਜਾਵੇਗੀ।
ਭਾਰਤ-ਪਾਕਿ ਮੈਚ ਉੱਤੇ ਮੀਂਹ ਦਾ ਖਤਰਾ
ਬਰਮਿੰਘਮ: ਭਾਰਤ ਅਤੇ ਪਾਕਿਸਤਾਨ ਦਰਮਿਆਨ ਭਲਕੇ ਹੋਣ ਵਾਲੇ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਯੁੱਧ ਵਰਗੇ ਮੈਚ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਹਾਈਵੋਲਟੇਜ਼ ਮੈਚ ਉੱਤੇ ਮੀਂਹ ਦਾ ਖਤਰਾ ਮੰਢਰਾਅ ਰਿਹਾ ਹੈ। ਐਤਵਾਰ ਨੂੰ ਸਵੇਰੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਕੱਲ੍ਹ ਵੀ ਆਸਟਰੇਲੀਆ ਅਤੇ ਇੰਗਲੈਂਡ ਵਿਚਕਾਰ ਮੈਚ ਮੀਂਹ ਕਾਰਨ ਪ੍ਰਭਾਵਿਤ ਹੋਇਆ ਸੀ।
ਟੀਮਾਂ ਇਸ ਪ੍ਰਕਾਰ ਹਨ:-
ਭਾਰਤ: ਕਪਤਾਨ ਵਿਰਾਟ ਕੋਹਲੀ, ਸ਼ਿਖਰ ਧਵਨ, ਰੋਹਿਤ ਸ਼ਰਮਾ, ਯੁਵਰਾਜ ਸਿੰਘ, ਕੇਦਾਰ ਯਾਧਵ, ਐਮ ਐਸ ਧੋਨੀ, ਰਵਿਦਰ ਜਡੇਜਾ, ਹਾਰਦਿਕ ਪਾਂਡਯ, ਜਸਪ੍ਰੀਤ ਬੁਮਰਾ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਅਜਿੰਕਿਆ ਰਹਾਣੇ, ਦਿਨੇਸ਼ ਕਾਰਤਿਕ ਅਤੇ ਆਰ ਅਸ਼ਵਿਨ।
ਪਾਕਿਸਤਾਨ : ਕਪਤਾਨ ਸਰਫਰਾਜ਼ ਖਾਨ, ਅਹਿਮਦ ਸਹਿਜ਼ਾਦ, ਅਜ਼ਹਰ ਅਲੀ, ਬਾਬਰ ਆਜ਼ਮ, ਫਹੀਮ ਅਸ਼ਰਫ, ਫਖ਼ਰ ਜਮਾਂ, ਹਾਰਿਸ ਸੁਹੇਲ, ਹਸਨ ਅਲੀ, ਇਮਾਦ ਵਸੀਮ, ਜੂਨੇਦ ਖਾਨ,  ਮੁਹੰਮਦ ਆਮਿਰ, ਮੁਹੰਮਦ ਆਫਿਜ਼, ਸ਼ਾਦਾਬ ਖਾਨ, ਸ਼ੋਏਬ ਮਲਿਕ, ਵਹਾਬ ਰਿਆਜ਼।
ਮੈਚ ਦਾ ਸਮਾਂ: ਦੁਪਹਿਰ ਤਿੰਨ ਵਜੇ ਤੋਂ

 

 

fbbg-image

Latest News
Magazine Archive