ਚੀਨ ਆਰਥਿਕ ਲਾਂਘੇ ’ਤੇ ਖਰਚੇਗਾ 124 ਅਰਬ ਡਾਲਰ

ਪੇਈਚਿੰਗ - ਬੈਲਟ ਅਤੇ ਰੋਡ ਫੋਰਮ (ਬੀਆਰਐਫ) ਦੇ ਉਦਘਾਟਨੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਚੀਨ ਦੇ ਰਾਸ਼ਟਰਪੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਦੀ ਨਵੀਂ ਸਿਲਕ ਰੋਡ ਯੋਜਨਾ ਸਦੀ ਦਾ ਪ੍ਰਾਜੈਕਟ ਹੈ ਤੇ ਏਸ਼ੀਆ, ਯੂਰਪ ਅਤੇ ਅਫਰੀਕਾ ਨੂੰ ਜੋੜਨ ਵਾਲੇ ਚੀਨ-ਪਾਕਿਸਤਾਨ ਆਰਥਿਕ ਲਾਂਘਾ ਪ੍ਰਾਜੈਕਟ ’ਤੇ 124 ਅਰਬ ਅਮਰੀਕੀ ਡਾਲਰ ਖਰਚ ਹੋਣਗੇ। ਉਨ੍ਹਾਂ ਕਿਹਾ ਕਿ ਉਹ ਇਕ ਇਕ ਖੁੱਲ੍ਹੇ ਸਹਿਯੋਗੀ ਮੰਚ ਅਤੇ ਖੁੱਲ੍ਹੇ ਦੁਨਿਆਵੀ ਅਰਥਚਾਰੇ ਨੂੰ ਵਿਕਸਿਤ ਕਰ ਕਰ ਰਹੇ ਹਨ। ਸ਼ੀ ਨੇ ਕਿਹਾ ਕਿ ਸ਼ਾਂਤੀ ਦੇ ਦੌਰ ਵਿੱਚ ਪ੍ਰਾਚੀਨ ਰੇਸ਼ਮ ਮਾਰਗ ਵਿਕਸਿਤ ਹੁੰਦੇ ਰਹੇ ਹਨ ਪਰ ਜੰਗ ਦੌਰਾਨ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ। ਬੈਲਟ ਅਤੇ ਰੋਡ ਫੋਰਮ ਲਈ ਸ਼ਾਤੀਪੂਰਨ ਅਤੇ ਸਥਿਰ ਮਾਹੌਲ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਵੇਂ ਕੌਮਾਂਤਰੀ ਸਬੰਧ ਬਣਾਉਣੇ ਪੈਣਗੇ ਜੋ ਸਭਨਾਂ ਲਈ ਸਹਿਯੋਗੀ ਹੋਣ। ਉਨ੍ਹਾਂ ਐਲਾਨ ਕੀਤਾ ਕਿ ਚੀਨ ਰੇਸ਼ਮ ਮਾਰਗ ਖਜ਼ਾਨੇ ਵਿੱਚ 14.5 ਅਰਬ ਡਾਲਰ ਦੀ ਰਾਸ਼ੀ ਦਾ ਹੋਰ ਯੋਗਦਾਨ ਦੇਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬੁਨਿਆਦੀ ਢਾਂਚੇ, ਸਨਅਤੀ ਸਮਰੱਥਾ ਅਤੇ ਵਿੱਤੀ ਸਹਿਯੋਗ ਵਿਕਸਿਤ ਕਰਨ ਲਈ 56 ਅਰਬ ਅਮਰੀਕੀ ਡਾਲਰ ਦੀ ਵਿਸ਼ੇਸ਼ ਕਰਜ਼ਾ ਯੋਜਨਾ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬੈਲਟ ਅਤੇ ਰੋਡ ਫੋਰਮ ਵਿੱਚ ਹਿੱਸਾ ਲੈਣ ਵਾਲੇ ਮੁਲਕਾਂ ਨੂੰ 8.75 ਅਰਬ ਡਾਲਰ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਚੀਨ ਦੇ ਪ੍ਰਭਾਵ ਅਤੇ ਦੁਨਿਆਵੀ ਸੰਪਰਕ ਦਾ ਵਿਕਾਸ ਕਰਨਾ ਹੈ ਤੇ ਇਸ ਦਾ ਵਿਸ਼ਵ ਨੂੰ ਲਾਭ ਹੋਵੇਗਾ। ਚੀਨ ਇਸ ਯੋਜਨਾ ਵਿੱਚ ਹਿੱਸਾ ਲੈਣ ਵਾਲੇ ਮੁਲਕਾਂ ਨਾਲ ਮਿਲ ਕੇ 50 ਸਾਂਝੀਆਂ ਲੈਬਾਰਟਰੀਆਂ ਵੀ ਉਸਾਰੇਗਾ। ਸ਼ੀ ਜਿਨਪਿੰਗ ਨੇ ਕਿਹਾ ਕਿ ਸਭਨਾਂ ਮੁਲਕਾਂ ਨੂੰ ਇਕ ਦੂਜੇ ਦੀ ਖੇਤਰੀ ਅਖੰਡਤਾ ਦਾ ਸਵਾਗਤ ਕਰਨਾ ਚਾਹੀਦਾ ਹੈ। ਆਪਣੇ ਉਦਘਾਟਨੀ ਭਾਸ਼ਨ ਵਿੱਚ ਉਨ੍ਹਾਂ ਚੀਨ ਦੇ ਦਿ੍ਸ਼ਟੀਕੋਣ ਦਾ ਜ਼ਿਕਰ ਕਰਦਿਆਂ ਪ੍ਰਾਚੀਨ ਸਿਲਕ ਰੋਡ ਦੇ ਨਾਲ ਨਾਲ ਸਿੰਧੂ ਅਤੇ ਗੰਗਾ ਸਭਿਅਤਾ ਦੇ ਮਹੱਤਵ ਸਬੰਧੀ ਆਪਣੇ ਵਿਚਾਰ ਰੱਖੇ।
ਦੂਜੇ ਪਾਸੇ ਭਾਰਤ ਨੇ ਅੱਜ ਚੀਨ ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਨੂੰ ਲੈ ਕੇ ਪ੍ਰਭੁਸੱਤਾ ਸਬੰਧੀ ਚਿੰਤਾ ਦੇ ਚਲਦਿਆਂ ਬੈਲਟ ਅਤੇ ਰੋਡ ਫੋਰਮ (ਬੀਆਰਐਫ) ਦੇ ਉਦਘਾਟਨਪ ਸਮਾਗਮ ਵਿੱਚ ਹਿੱਸਾ ਨਹੀਂ ਲਿਆ। ਇਸ ਸਮਾਰੋਹ ਵਿੱਚ ਕੋਈ ਭਾਰਤੀ ਪ੍ਰਤੀਨਿਧ ਮੰਡਲ ਨਜ਼ਰ ਨਹੀਂ ਆਇਆ। ਇਸ ਸਬੰਧੀ ਪੁੱਛੇ ਜਾਣ ’ਤੇ ਭਾਰਤੀ ਰਾਜਦੂਤਾਂ ਨੇ ਬੀਤੀ ਰਾਤ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਵੱਲੋਂ ਜਾਰੀ ਬਿਆਨ ਦਾ ਹਵਾਲਾ ਦਿੱਤਾ। ਬਾਗਲੇ ਨੇ ਕਿਹਾ ਸੀ ਕਿ ਕੋਈ ਵੀ ਦੇਸ਼ ਅਜਿਹੀ ਯੋਜਨਾ ਨੂੰ ਮਨਜ਼ੂਰੀ ਨਹੀਂ ਦੇ ਸਕਦਾ ਜਿਸ ਵਿੱਚ ਉਸ ਦੀ ਪ੍ਰਭੁਸੱਤਾ ਅਤੇ ਸਰਹੱਦੀ ਏਕਤਾ ਸਬੰਧੀ ਚਿੰਤਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੋਵੇ। ਮੀਟਿੰਗ ਵਿੱਚ ਕੁਝ ਭਾਰਤੀ ਸਕਾਲਰਾਂ ਨੇ ਹਿੱਸਾ ਲਿਆ, ਜਦੋਂ ਕਿ ਮੀਡੀਆ ਨੂੰ ਕਾਨਫਰੰਸ ਹਾਲ ਵਿੱਚ ਨਹੀਂ ਜਾਣ ਦਿੱਤਾ ਗਿਆ। ਬੈਲਟ ਅਤੇ ਰੋਡ ਫੋਰਮ(ਬੀਆਰਐਫ) ਵਿੱਚ 29 ਮੁਲਕਾਂ ਦੇ ਮੁਖੀਆਂ ਅਤੇ ਸਰਕਾਰਾਂ ਦੇ ਪ੍ਰਤੀਨਿਧਾਂ ਜਿਨ੍ਹਾਂ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਸ੍ਰੀਲੰਕਾ ਦੇ ਉਨ੍ਹਾਂ ਦੇ ਹਮਰੁਤਬਾ ਰਨਿਲ ਵਿਕਰਮਸਿੰਘ ਅਤੇ ਦੱਖਣੀ ਏਸ਼ੀਆਈ ਮੁਲਕਾਂ ਦੇ ਪ੍ਰਤੀਨਿੱਧ ਸ਼ਾਮਲ ਸਨ ਨੇ ਹਿੱਸਾ ਲਿਆ। ਮੀਟਿੰਗ ਵਿੱਚ ਰੂਸ, ਅਮਰੀਕਾ, ਜਾਪਾਨ, ਬਰਤਾਨੀਆ, ਜਰਮਨੀ ਅਤੇ ਫਰਾਂਸ ਦੇ ਨੇਤਾਵਾਂ ਅਤੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸ ਮੌਕੇ ਕਿਹਾ ਕਿ ਸੀਪੀਈਸੀ ਇਕ ਆਰਥਿਕ ਪ੍ਰਾਜੈਕਟ ਹੈ ਜੋ ਖਿੱਤੇ ਦੇ ਸਭਨਾਂ ਮੁਲਕਾਂ ਲਈ ਖੁੱਲ੍ਹਾ ਹੈ ਤੇ ਇਕ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਦੀ ਕੋਈ ਭੂਗੌਲਿਕ ਸੀਮਾ ਨਹੀਂ ਹੈ। ਸੀਪੀਈਸੀ ਨੂੰ ਉਨ੍ਹਾਂ ਚੀਨ ਦੇ ਇਕ ਬੈਲਟ ਅਤੇ ਇਕ ਰੋਡ (ਓਬੋਰ) ਪ੍ਰਾਜੈਕਟ ਦੀ ਪ੍ਰਮੁੱਖ ਯੋਜਨਾ ਕਰਾਰ ਦਿੰਦਿਆਂ ਕਿਹਾ ਕਿ ਓਬੋਰ ਇਸ ਗੱਲ ਨੂੰ ਦਰਸ਼ਾਉਂਦਾ ਹੈ ਕਿ ਭੂ ਅਰਥ ਸ਼ਾਸਤਰ ਨੂੰ ਭੂ ਰਾਜਨੀਤੀ ’ਤੇ ਅਹਿਮੀਅਤ ਮਿਲਣੀ ਚਾਹੀਦੀ ਹੈ ਅਤੇ ਕੇਂਦਰ ਬਿੰਦੂ ਟਕਰਾਅ ਤੋਂ ਸਹਿਯੋਗ ਵੱਲ ਜਾਣਾ ਚਾਹੀਦਾ ਹੈ।

 

 

fbbg-image

Latest News
Magazine Archive