ਫਗਵਾੜਾ ਨੇੜੇ ਹਾਦਸਾ: ਪਰਿਵਾਰ ਦੇ ਪੰਜ ਜੀਅ ਹਲਾਕ, ਦੋ ਜ਼ਖ਼ਮੀ

ਫਗਵਾੜਾ - ਇਥੇ ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਅੱਜ ਸਵੇਰੇ ਪਿੰਡ ਖੁਰਮਪੁਰ ਲਾਗੇ ਕਾਰ ਤੇ ਸਰੀਏ ਨਾਲ ਲੱਦੇ ਟਰੱਕ ਦੀ ਆਹਮੋ-ਸਾਹਮਣੀ ਟੱਕਰ ਵਿੱਚ ਦੋ ਬੱਚਿਆਂ ਸਮੇਤ ਇੱਕ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਜਦਕਿ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਰੀਨਾ( 35) ਪਤਨੀ ਸੁਰਿੰਦਰ ਕੁਮਾਰ, ਰਾਘਵ(10) ਪੁੱਤਰ ਸੁਰਿੰਦਰ ਕੁਮਾਰ, ਮਾਧਵ (8) ਪੁੱਤਰ ਸੁਰਿੰਦਰ ਕੁਮਾਰ, ਵਿਕਾਸ (30) ਪੁੱਤਰ ਰਾਜਪਾਲ ਤੇ ਸ਼ਿਖਾ (30) ਪਤਨੀ ਵਿਕਾਸ ਵਜੋਂ ਹੋਈ ਹੈ। ਜ਼ਖਮੀਆਂ ਵਿੱਚ ਸੁਰਿੰਦਰ(35) ਪੁੱਤਰ ਰਕੇਸ਼ ਕੁਮਾਰ ਤੇ ਸੀਵਿਕਾ (8 ਮਹੀਨੇ) ਪੁੱਤਰੀ ਵਿਕਾਸ ਸ਼ਾਮਲ ਹਨ। ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਦੋਵਾਂ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਰੈੱਫਰ ਕੀਤਾ ਗਿਆ ਹੈ। ਪੁਲੀਸ ਨੇ ਟਰੱਕ ਦੇ ਡਰਾਈਵਰ, ਜੋ ਕਿ ਫ਼ਿਲਹਾਲ ਫ਼ਰਾਰ ਹੈ, ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸੁਰਿੰਦਰ ਕੁਮਾਰ ਵਾਸੀ ਤਾਜਪੁਰ ਰੋਡ ਜੋਧੇਵਾਲ ਬਸਤੀ ਲੁਧਿਆਣਾ ਆਪਣੇ ਪਰਿਵਾਰ ਅਤੇ ਸਾਢੂ ਵਿਕਾਸ, ਸਾਲੀ ਸ਼ਿਖਾ ਤੇ ਉਨ੍ਹਾਂ ਦੀ 8 ਮਹੀਨੇ ਦੀ ਪੁੱਤਰੀ ਸੀਵਿਕਾ ਸਮੇਤ ਮਾਤਾ ਚਿੰਤਪੂਰਨੀ ਹਿਮਾਚਲ ਪ੍ਰਦੇਸ਼ ਤੋਂ ਮੱਥਾ ਟੇਕ ਕੇ ਆਪਣੀ ਕਵਿੱਡ ਗੱਡੀ (ਨੰਬਰ ਪੀ.ਬੀ.10.ਐਫ.ਐਨ.2968) ਵਿੱਚ ਸਵਾਰ ਹੋ ਕੇ ਲੁਧਿਆਣਾ ਵਾਪਸ ਜਾ ਰਹੇ ਸਨ। ਕਾਰ ਸੁਰਿੰਦਰ ਕੁਮਾਰ ਚਲਾ ਰਿਹਾ ਸੀ। ਜਦੋਂ ਉਕਤ ਪਰਿਵਾਰ 7.30 ਵਜੇ ਦੇ ਕਰੀਬ ਪਿੰਡ ਖੁਰਮਪੁਰ ਹੁਸ਼ਿਆਰਪੁਰ ਰੋਡ ਨਜ਼ਦੀਕ ਪੁੱਜਾ ਤਾਂ ਫਗਵਾੜਾ ਤੋਂ ਹੁਸ਼ਿਆਰਪੁਰ ਨੂੰ ਜਾ ਰਹੇ ਟਰੱਕ (ਨੰਬਰ ਪੀ.ਬੀ.10.ਟੀ. 9031) ਦੀ ਕਾਰ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਟਰੱਕ ਸਰੀਏ ਨਾਲ ਲੱਦਿਆ ਹੋਇਆ ਸੀ। ਹਾਦਸੇ ਉਪਰੰਤ ਟਰੱਕ ਨੂੰ ਅੱਗ ਲੱਗ ਗਈ ਜਿਸ ਨੂੰ ਸਥਾਨਕ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬੁਝਾਇਆ। ਟਰੱਕ ਡਰਾਈਵਰ ਅੱਗ ਲੱਗਣ ਤੋਂ ਪਹਿਲਾਂ ਹੀ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ। ਹਾਦਸੇ ਉਪਰੰਤ ਟਰੱਕ ਤੇ   ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਬੇਪਛਾਣ ਹੋ ਗਏ।
ਥਾਣਾ ਸਦਰ ਦੇ ਐਸਐਚਓ ਲਖਮੀਰ ਸਿੰਘ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਰਾਹਗੀਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਕਾਰ ਦੇ ਮਲਬੇ ’ਚੋਂ ਮੁਸ਼ਕਲ ਨਾਲ ਬਾਹਰ ਕੱਢਿਆ। ਲਾਸ਼ਾਂ ਸਥਾਨਕ ਸਿਵਲ ਹਸਪਤਾਲ ’ਚੋਂ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਮੌਕੇ ਮ੍ਰਿਤਕਾਂ ਦੇ ਵਾਰਸਾਂ ਨੇ ਦੱਸਿਆ ਕਿ ਵਿਕਾਸ, ਮੈਡੀਕਲ ਸਟੋਰ ਦਾ ਕੰਮ ਕਰਦਾ ਸੀ ਤੇ ਪਰਿਵਾਰ ਹਰ ਮਹੀਨੇ ਇਕੱਠੇ ਹੋ ਕੇ ਮਾਤਾ ਚਿੰਤਪੁਰਨੀ ਮੱਥਾ ਟੇਕਣ ਜਾਂਦੇ ਸੀ। ਬੀਤੀ ਰਾਤ ਵੀ ਪਰਿਵਾਰ 11 ਵਜੇ ਲੁਧਿਆਣਾ ਤੋਂ ਰਵਾਨਾ ਹੋਇਆ ਸੀ ਕਿ ਰਸਤੇ ਵਿੱਚ ਇਹ ਭਾਣਾ ਵਾਪਰ ਗਿਆ।
ਐਸਪੀ ਹਰਵਿੰਦਰ ਸਿੰਘ ਸੰਧੂ ਅਨੁਸਾਰ ਟਰੱਕ ਡਰਾਈਵਰ ਖ਼ਿਲਾਫ਼ ਧਾਰਾ 304ਏ ਤਹਿਤ ਕੇਸ ਦਰਜ ਕਰ ਲਿਆ ਹੈ।
ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹੈ ਸੁਰਿੰਦਰ
ਲੁਧਿਆਣਾ - ਹਾਦਸੇ ਵਿੱਚ ਲੁਧਿਆਣਾ ਵਾਸੀ ਸੁਰਿੰਦਰ ਬਜਾਜ ਦਾ ਪੂਰਾ ਪਰਿਵਾਰ ਹੀ ਖ਼ਤਮ ਹੋ ਗਿਆ ਜਦਕਿ ਉਹ ਖ਼ੁਦ ਡੀਐਮਸੀ ਹਸਪਤਾਲ ਵਿੱਚ ਗੰਭੀਰ ਹਾਲਤ ’ਚ ਜ਼ੇਰੇ ਇਲਾਜ ਹੈ। ਘਰ ਵਿੱਚ ਇਕੱਲੀ ਸੁਰਿੰਦਰ ਦੀ ਮਾਂ ਦਾ ਬੁਰਾ ਹਾਲ ਹੈ। ਸੁਰਿੰਦਰ ਦੀ ਤਾਜਪੁਰ ਰੋਡ ਸਥਿਤ ਪੁਨੀਤ ਨਗਰ ਇਲਾਕੇ ਵਿੱਚ ਘਰ ਦੇ ਬਾਹਰ ਹੀ ਆਰਐਸ ਕੁਲੈਕਸ਼ਨ ਨਾਂ ਦੀ ਕੱਪੜੇ ਦੀ ਦੁਕਾਨ ਹੈ। ਉਨ੍ਹਾਂ ਦੀ ਪਤਨੀ ਰੀਨਾ ਬਜਾਜ ਪ੍ਰਾਈਵੇਟ ਸਕੂਲ ’ਚ ਪੜ੍ਹਾਉਂਦੀ ਸੀ। ਉਸ ਦੇ ਦੋਵੇਂ ਬੱਚੇ ਰਾਘਵ ਤੇ ਮਾਧਵ ਇਲਾਕੇ ‘ਚ ਹੀ ਸਥਿਤ ਸਕੂਲ ਵਿੱਚ ਪੜ੍ਹਦੇ ਸਨ। ਸੁਰਿੰਦਰ ਨੇ ਕੁਝ ਮਹੀਨੇ ਪਹਿਲਾਂ ਹੀ ਦੁਕਾਨ ਨੂੰ ਵੱਡਾ ਕੀਤਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਨਵੀਂ ਕਾਰ ਲਈ ਸੀ। ਉਹ ਮੱਥਾ ਟੇਕਣ ਲਈ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਗਿਆ ਸੀ। ਇਸ ਮੌਕੇ ਉਸ ਦੀ ਸਾਲੀ ਸ਼ਿਖਾ ਤੇ ਸਾਢੂ ਵਿਕਾਸ ਵੀ ਉਨ੍ਹਾਂ ਦੇ ਨਾਲ ਸਨ। ਸੁਰਿੰਦਰ ਤਿੰਨ ਭਰਾਵਾਂ ’ਚੋਂ ਸਭ ਤੋਂ ਛੋਟਾ ਸੀ।

 

 

fbbg-image

Latest News
Magazine Archive