ਗੁਰਪ੍ਰੀਤ ਵੜੈਚ ਨੇ ‘ਆਪ’ ਨਾਲੋਂ ਤੋੜੀ ਪ੍ਰੀਤ

ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਦੇ ਅਹੁਦੇ ਤੋਂ ਹਟਾਏ ਗੁਰਪ੍ਰੀਤ ਸਿੰਘ ਵੜੈਚ ਨੇ ਅੱਜ ਭਰੇ ਮਨ ਨਾਲ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਉਹ ਸ਼ਰਾਬ ਨਾ ਪੀਣ ਦੀ ਸ਼ਰਤ ’ਤੇ ਪ੍ਰਧਾਨ ਬਣਾਏ ਭਗਵੰਤ ਮਾਨ ਦੀ ਕਮਾਂਡ ਹੇਠ ਕੰਮ ਕਰਨ ਤੋਂ ਅਸਮਰੱਥ ਹਨ।
ਸ੍ਰੀ ਵੜੈਚ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਬਰਖ਼ਾਸਤ ਕਰਨ ਮੌਕੇ ਪਾਰਟੀ ਵਿੱਚ ਵੱਡਾ ਖਲਾਅ ਪੈਦਾ ਹੋਇਆ ਸੀ ਤਾਂ ਉਸ ਵੇਲੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ (ਵੜੈਚ) ਨੂੰ ਕਨਵੀਨਰ ਬਣਾਇਆ ਸੀ, ਜਦੋਂਕਿ ਉਦੋਂ ਵੀ ਭਗਵੰਤ ਮਾਨ ਮੌਜੂਦ ਸਨ, ਫਿਰ ਉਸ ਵੇਲੇ ਮਾਨ ਨੂੰ ਕਨਵੀਨਰ ਕਿਉਂ ਨਹੀਂ ਬਣਾਇਆ ਗਿਆ? ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਦਿਨਾਂ ਵਿੱਚ ਭਗਵੰਤ ਮਾਨ ਨੇ ਜਿੱਥੇ ਆਪਣੇ ਘਰ ਲੱਗੇ ਪਾਰਟੀ ਦੇ ਪੋਸਟਰ ਗੁੱਸੇ ਵਿੱਚ ਪਾੜ ਦਿੱਤੇ ਸਨ, ਉਥੇ ਦਿੱਲੀ ਦੀ ਲੀਡਰਸ਼ਿਪ ਦੀ ਵੀ ਖੂਬ ਝਾੜ-ਝੰਬ ਕੀਤੀ ਸੀ ਅਤੇ ਅਮਰੀਕਾ ਉਡਾਰੀ ਮਾਰਨ ਦਾ ਦਾਬਾ  ਮਾਰਿਆ ਸੀ। ਸ਼ਾਇਦ ਇਸੇ  ਕਾਰਨ ਹੀ ਹਾਈ ਕਮਾਂਡ ਦੀ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਦੀ ਮਜਬੂਰੀ ਬਣ ਗਈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਇਸ ਸ਼ਰਤ ’ਤੇ ਪ੍ਰਧਾਨ ਬਣਾਇਆ ਹੈ ਕਿ ਉਹ ਭਵਿੱਖ ਵਿੱਚ ਸ਼ਰਾਬ ਨਹੀਂ ਪੀਣਗੇ ਤੇ ਖ਼ੁਦ ਸ੍ਰੀ ਮਾਨ ਨੇ ਵੀ ਮੀਟਿੰਗ ਦੌਰਾਨ ਵਾਅਦਾ ਕੀਤਾ ਹੈ ਕਿ ਜੇ ਉਹ ਸ਼ਰਾਬ ਪੀਣ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੁਅੱਤਲ ਕੀਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਵਿਧਾਇਕ ਸੁਖਪਾਲ ਸਿੰਘ ਖਹਿਰਾ ਜਾਂ ਐਚ.ਐਸ. ਫੂਲਕਾ ਨੂੰ ਪ੍ਰਧਾਨ
ਬਣਾਉਣ ਵਿੱਚ ਪਾਰਟੀ ਦਾ ਭਲਾ ਸੀ। ਸ੍ਰੀ ਵੜੈਚ ਨੇ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਲਈ ਅਪਣਾਈ ਪ੍ਰਕਿਰਿਆ ਨੂੰ ਧੋਖਾ ਦੱਸਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ 20 ਵਿਧਾਇਕਾਂ ਤੋਂ ਬਿਨਾਂ 20 ਦੇ ਕਰੀਬ ਮਨਮਾਨੇ ਢੰਗ ਨਾਲ ਵਿੰਗਾਂ ਦੇ ਆਗੂ ਤੇ ਅਹੁਦੇਦਾਰ ਸੱਦੇ ਗਏ ਸਨ, ਜਿਸ ਤੋਂ ਸਪੱਸ਼ਟ ਸੀ ਕਿ ਪ੍ਰਧਾਨ ਦੀ ਮੋਹਰ ਪਹਿਲਾਂ ਹੀ ਸ੍ਰੀ ਮਾਨ ਦੇ ਨਾਂ ’ਤੇ ਲਾਈ ਜਾ ਚੁੱਕੀ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਦੀ ਚੋਣ ਘੱਟੋ-ਘੱਟ ਚੋਣ ਲੜੇ ਸਾਰੇ ਉਮੀਦਵਾਰਾਂ ਅਤੇ ਸਰਗਰਮ ਵਲੰਟੀਅਰਾਂ ਦੀ ਰਾਇ ਨਾਲ ਕਰਨੀ ਚਾਹੀਦੀ ਸੀ। ਸ੍ਰੀ ਵੜੈਚ ਨੇ ਕਿਹਾ ਕਿ ਜੇ ਸ੍ਰੀ ਕੇਜਰੀਵਾਲ ਦੀ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਦੀ ਕੋਈ ਮਜਬੂਰੀ ਸੀ ਤਾਂ ਉਨ੍ਹਾਂ ਨੂੰ ਖ਼ੁਦ ਆਪਣੇ ਕੋਲ ਸੱਦ ਕੇ ਅਸਤੀਫ਼ਾ ਲੈ ਲੈਂਦੇ। ਸ੍ਰੀ ਵੜੈਚ ਨੇ ਕਿਹਾ ਕਿ ਟਿਕਟਾਂ ਵੰਡਣ ਵੇਲੇ ਉਨ੍ਹਾਂ ਨੂੰ ਕਈ ਆਗੂਆਂ ਖ਼ਿਲਾਫ਼ ਪੈਸੇ ਲੈਣ ਸਣੇ ਹੋਰ ‘ਸੰਗੀਨ’ ਸ਼ਿਕਾਇਤਾਂ ਮਿਲੀਆਂ ਸਨ ਤੇ ਉਨ੍ਹਾਂ ਨੇ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਲਈ ਹਾਈ ਕਮਾਂਡ ਨੂੰ ਲਿਖਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਇਕਾਈ ਦੇ ਸਾਬਕਾ ਇੰਚਾਰਜ ਸੰਜੇ ਸਿੰਘ ਬਾਰੇ ਉਨ੍ਹਾਂ ਨੂੰ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਪਾਰਟੀ ਨੇ ਸ੍ਰੀ ਛੋਟੇਪੁਰ ਵੱਲੋਂ ਪੈਸੇ ਲੈਣ ਦੀ ਵੀਡੀਓ ਵਾਰ-ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਨੂੰ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਮੌਜੂਦਾ ਲੀਡਰਸ਼ਿਪ ਸਿਧਾਂਤਾਂ ਤੋਂ ਭਟਕ ਚੁੱਕੀ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਗਿੱਲ ਅਤੇ ਫੰਡ ਰੇਜਿੰਗ ਕਮੇਟੀ ਦੇ ਆਗੂ ਮਿਹਰਬਾਨ ਸਿੰਘ ਵੀ ਹਾਜ਼ਰ ਸਨ। ਸੂਤਰਾਂ ਅਨੁਸਾਰ ਅੱਜ ਸ੍ਰੀ ਵੜੈਚ ਨੇ ਇੱਕ ਸਿਆਸੀ ਪਾਰਟੀ ਦੇ ਕੁਝ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਹੈ ਪਰ ਸ੍ਰੀ ਵੜੈਚ ਨੇ ਇਸ ਨੂੰ ਅਫ਼ਵਾਹ ਦੱਸਿਆ ਹੈ।
ਗੁਰਪ੍ਰੀਤ ਵੜੈਚ ਤੋਂ ਇਹ ਆਸ ਨਹੀਂ ਸੀ: ਭਗਵੰਤ ਮਾਨ
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਗੁਰਪ੍ਰੀਤ ਸਿੰਘ ਵੜੈਚ ਤੋਂ ਅਜਿਹੀ ਆਸ ਨਹੀਂ ਸੀ, ਕਿਉਂਕਿ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਕਨਵੀਨਰ ਚੁਣਿਆ ਗਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਵੜੈਚ ਹੁਣ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਈ ਲੀਡਰਾਂ ਵਿਰੁੱਧ ‘ਸੰਗੀਨ’ ਸ਼ਿਕਾਇਤਾਂ ਮਿਲੀਆਂ ਸਨ ਪਰ ਉਸ ਵੇਲੇ ਉਹ ਚੁੱਪ ਕਿਉਂ ਰਹੇ?
ਉਪਕਾਰ ਸੰਧੂ ਨੂੰ ਪਾਰਟੀ ਵਿੱਚੋਂ ਕੱਢਿਆ
ਅੰਮ੍ਰਿਤਸਰ - ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਅੱਜ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜਨ ਵਾਲੇ ਪਾਰਟੀ ਉਮੀਦਵਾਰ ਉਪਕਾਰ ਸਿੰਘ ਸੰਧੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ, ਜਦੋਂ ਕਿ ਸ੍ਰੀ ਸੰਧੂ ਨੇ ਆਖਿਆ ਕਿ ਅਜਿਹੇ ਫੈਸਲਿਆਂ ਕਾਰਨ ਹੀ ਪਾਰਟੀ ਦੀ ਸਾਖ਼ ਨੂੰ ਢਾਹ ਲੱਗ ਰਹੀ ਹੈ।
ਭਗਵੰਤ ਮਾਨ ਨੇ ਘੁੱਗੀ ਨੂੰ ਝਾੜਿਆ
ਚੰਡੀਗੜ੍ਹ - ‘ਆਪ’ ਨਵੇਂ ਸੂਬਾਈ ਮੁਖੀ ਦੀ ਚੋਣ ਪ੍ਰਕਿਰਿਆ ਉਤੇ ਸਵਾਲ ਉਠਾਉਣ ਵਾਲੇ ਗੁਰਪ੍ਰੀਤ ਸਿੰਘ ਘੁੱਗੀ ਉਤੇ ਹਮਲਾ ਕਰਦਿਆਂ ਭਗਵੰਤ ਮਾਨ ਨੇ ਅੱਜ ਕਿਹਾ ਕਿ ਜਦੋਂ ਉਨ੍ਹਾਂ (ਘੁੱਗੀ) ਨੂੰ ਪਾਰਟੀ ਦਾ ਸੂਬਾਈ ਕਨਵੀਨਰ ਬਣਾਇਆ ਗਿਆ ਸੀ ਤਾਂ ਕੀ ਉਦੋਂ ਪ੍ਰਕਿਰਿਆ ਠੀਕ ਸੀ? ਉਨ੍ਹਾਂ ਕਿਹਾ ਕਿ ਘੁੱਗੀ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦੇ ਦੋ ਮਹੀਨਿਆਂ ਅੰਦਰ ਹੀ ਸੂਬਾਈ ਕਨਵੀਨਰ ਬਣਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਅੱਜ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜਨ ਵਾਲੇ ਪਾਰਟੀ ਉਮੀਦਵਾਰ ਉਪਕਾਰ ਸਿੰਘ ਸੰਧੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ।

 

 

fbbg-image

Latest News
Magazine Archive