ਸੁਨੀਲ ਜਾਖੜ ਨੂੰ ਮਿਲੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਨ

ਕੈਪਟਨ ਨੇ ਸੁਝਾਇਆ ਸੀ ਹਾਈ ਕਮਾਂਡ ਨੂੰ ਜਾਖੜ ਦਾ ਨਾਮ
ਚੰਡੀਗੜ੍ਹ - ਕਾਂਗਰਸ ਹਾਈਕਮਾਂਡ ਨੇ ਸੀਨੀਅਰ ਅਤੇ ਸੁਲਝੇ ਹੋਏ ਆਗੂ ਸੁਨੀਲ ਜਾਖੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਥਾਪਿਆ ਹੈ। ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ’ਤੇ ਪ੍ਰਧਾਨ ਬਣਾਇਆ ਗਿਆ ਹੈ ਜੋ ਹੁਣ ਪੰਜਾਬ ਦੇ ਮੁੱਖ ਮੰਤਰੀ ਹਨ। ਕਾਂਗਰਸ ਹਾਈ ਕਮਾਂਡ ਨੇ ਇਸ ਨਿਯੁਕਤੀ ਨਾਲ ਸੂਬੇ ਵਿੱਚ ਸਮਾਜਿਕ ਸੰਤੁਲਨ ਕਾਇਮ ਕਰਨ ਦਾ ਯਤਨ ਕੀਤਾ ਹੈ। ਭਾਵੇਂ ਸੂਬੇ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਹੈ ਪਰ ਉਨ੍ਹਾਂ ਨੂੰ ਢੇਰ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਨਵੇਂ ਸੂਬਾਈ ਪ੍ਰਧਾਨ ਦੀ ਨਿਯੁਕਤੀ ਬਾਰੇ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਸੀ।  ਉਂਜ ਸ੍ਰੀ ਜਾਖੜ ਦਾ ਪ੍ਰਧਾਨ ਬਣਨਾ ਲਗਭਗ ਤੈਅ ਹੋ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਪੂਰਨ ਹਮਾਇਤ ਹਾਸਲ ਸੀ। ਕੈਪਟਨ ਨੇ ਜਨਤਕ ਤੌਰ ’ਤੇ ਵੀ ਉਨ੍ਹਾਂ ਦੀ ਹਮਾਇਤ ਕੀਤੀ ਸੀ ਅਤੇ ਪਿਛਲੇ ਦਿਨੀਂ ਜਦੋਂ ਉਹ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਨਵੀਂ ਦਿੱਲੀ ਵਿੱਚ ਮਿਲੇ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਸ੍ਰੀ ਜਾਖੜ ਨੂੰ ਪ੍ਰਧਾਨ ਬਣਾਉਣ ਦੀ ਸਿਫਾਰਸ਼ ਕੀਤੀ ਸੀ। ਉਨ੍ਹਾਂ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਖ਼ਾਹਿਸ਼ ਜ਼ਾਹਿਰ ਕਰ ਕੇ ਇਹ ਜ਼ਿੰਮੇਵਾਰੀ ਕਿਸੇ ਹੋਰ ਆਗੂ ਨੂੰ ਸੌਂਪ ਦੇਣ ਲਈ ਕਿਹਾ ਸੀ। ਸੂਤਰਾਂ ਮੁਤਾਬਕ ਸੂਬੇ ਦੇ ਕੁੱਝ ਕਾਂਗਰਸ ਆਗੂ ਚਾਹੁੰਦੇ ਸਨ ਕਿ ਪ੍ਰਧਾਨਗੀ ਦੇ ਮਸਲੇ ਨੂੰ ਇੱਕ ਸਾਲ ਲਈ ਟਾਲ ਦਿਤਾ ਜਾਵੇ ਕਿਉਂਕਿ ਉਨ੍ਹਾਂ ਸੱਤਾ ਦਾ ਸਮਾਨਅੰਤਰ ਕੇਂਦਰ ਬਣਨ ਦਾ ਖਦਸ਼ਾ ਜ਼ਾਹਿਰ ਕੀਤਾ ਸੀ।
ਸ੍ਰੀ ਜਾਖੜ ਸੂਬੇ ਦੇ ਟਕਸਾਲੀ ਕਾਂਗਰਸ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਉਨ੍ਹਾਂ ਦੇ ਮਰਹੂਮ ਪਿਤਾ ਬਲਰਾਮ ਜਾਖੜ ਕਾਂਗਰਸ ਸਰਕਾਰਾਂ ਵਿੱਚ ਉੱਚ ਅਹੁਦਿਆਂ ’ਤੇ ਰਹੇ ਸਨ।  ਥੋੜੇ ਦਿਨ ਪਹਿਲਾਂ ਉਨ੍ਹਾਂ ਦੇ ਭਤੀਜੇ ਅਜੇਵੀਰ ਜਾਖੜ ਨੂੰ ਪੰਜਾਬ ਫਾਰਮਰਜ਼ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਸੀ। ਸ੍ਰੀ ਜਾਖੜ ਇਸ ਵਾਰ ਅਬੋਹਰ ਤੋਂ ਵਿਧਾਨ ਸਭਾ ਦੀ ਚੋਣ ਹਾਰ ਗਏ ਸਨ। ਜੇਕਰ ਉਹ ਚੋਣ ਜਿੱਤ ਜਾਂਦੇ ਤਾਂ ਉਨ੍ਹਾਂ ਨੇ ਕੈਪਟਨ ਵਜ਼ਾਰਤ ਦੇ ਸੀਨੀਅਰ ਮੰਤਰੀਆਂ ਵਿੱਚ ਸ਼ੁਮਾਰ ਹੋਣਾ ਸੀ। ਪਿਛਲੀ ਪੰਜਾਬ ਵਿਧਾਨ ਸਭਾ ਵਿੱਚ ਉਹ ਕੁੱਝ ਸਮਾਂ ਕਾਗਰਸ ਵਿਧਾਇਕ ਦਲ ਅਤੇ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਸਨ। ਭਾਵੇਂ ਕਿ ਪ੍ਰਧਾਨਗੀ ਦੀ ਦੌੜ ਵਿੱਚ ਸੂਬੇ ਦੇ ਕੁੱਝ ਹੋਰ ਆਗੂ ਵੀ ਸ਼ਾਮਲ ਸਨ ਪਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਬਣਾਏ ਜਾਣ ਨਾਲ ਉਨ੍ਹਾਂ ਦਾ ਰਾਹ ਪੱਧਰਾ ਹੋ ਗਿਆ ਸੀ।
ਕਾਂਗਰਸ ਨੇ ਕੁੱਝ ਹੋਰ ਪ੍ਰਦੇਸ਼ਾਂ ’ਚ ਵੀ ਥਾਪੇ ਨਵੇਂ ਪ੍ਰਧਾਨ
ਨਵੀਂ ਦਿੱਲੀ - ਕਾਂਗਰਸ ਪਾਰਟੀ ਨੇ ਕੁੱਝ ਪ੍ਰਦੇਸ਼ਾਂ ਦੇ ਪ੍ਰਧਾਨ ਬਦਲ ਕੇ ਨਵੀਂ ਰੂਹ ਫੂਕਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰੀਤਮ ਸਿੰਘ ਨੂੰ ਉੱਤਰਾਖੰਡ ਦਾ ਨਵਾਂ ਪ੍ਰਧਾਨ ਲਾਇਆ ਗਿਆ ਹੈ। ਉਹ ਕਿਸ਼ੋਰ ਉਪਾਧਿਆਏ ਦੀ ਥਾਂ ਲੈਣਗੇ। ਰਾਜਸਥਾਨ ’ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਦੇਖਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਵਿਨਾਸ਼ ਪਾਂਡੇ, ਜੋ ਰਾਜ ਸਭਾ ਦੇ ਸਾਬਕਾ ਮੈਂਬਰ ਅਤੇ ਮਹਾਰਾਸ਼ਟਰ ਦੇ ਵਿਧਾਇਕ ਰਹੇ ਹਨ, ਨੂੰ ਰਾਜਸਥਾਨ ਦਾ ਨਵਾਂ ਜਨਰਲ ਸਕੱਤਰ ਇੰਚਾਰਜ ਲਾਇਆ ਗਿਆ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ, ਕਰਨਾਟਕ, ਰਾਜਸਥਾਨ ਅਤੇ ਗੋਆ ’ਚ ਪਾਰਟੀ ’ਚ ਫੇਰਬਦਲ ਕੀਤੇ ਹਨ। ਸ੍ਰੀ ਸੁਰਜੇਵਾਲਾ ਨੇ ਦੱਸਿਆ ਕਿ 17 ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ’ਚੋਂ 10 ਦੀ ਉਮਰ 50 ਸਾਲ ਤੋਂ ਘੱਟ ਹੈ ਅਤੇ ਸੱਤ ਹੋਰ ਪੱਛੜੇ ਵਰਗਾਂ ’ਚੋਂ ਸ਼ਾਮਲ ਹਨ।

 

 

fbbg-image

Latest News
Magazine Archive