ਅੰਮ੍ਰਿਤਸਰ ਵਿੱਚ ਕਾਹਲੋਂ ਤੇ ਡਿੰਪਾ ਦੇ ਬੱਸ ਅਮਲੇ ਵਿਚਾਲੇ ਝੜਪ

ਜਲੰਧਰ ਵਿੱਚ ਵੀ ਕਾਹਲੋਂ ਦੀ ਕੰਪਨੀ ਦੇ ਮੁਲਾਜ਼ਮ ਦੀ ਕੁੱਟਮਾਰ
ਅੰਮ੍ਰਿਤਸਰ - ਇੱਥੇ ਅੰਤਰਰਾਜੀ ਬੱਸ ਅੱਡੇ ’ਤੇ ਅੱਜ ਸਵੇਰੇ ਦੋ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਦੇ ਅਮਲੇ ਵਿਚਾਲੇ ਹੋਏ ਝਗੜੇ ਵਿੱਚ ਲਗਪਗ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਹ ਝਗੜਾ ਪਿਆਰ ਬੱਸ ਸਰਵਿਸ ਅਤੇ ਬਾਬਾ ਬੁੱਢਾ ਸਾਹਿਬ ਬੱਸ ਸਰਵਿਸ ਦੇ ਅਮਲੇ ਵਿਚਾਲੇ ਹੋਇਆ।
ਬਾਬਾ ਬੁੱਢਾ ਬੱਸ ਸਰਵਿਸ ਸਾਬਕਾ ਅਕਾਲੀ ਮੰਤਰੀ ਨਿਰਮਲ ਸਿੰਘ ਕਾਹਲੋਂ ਨਾਲ ਸਬੰਧਤ ਹੈ, ਜਦੋਂ ਕਿ ਪਿਆਰ ਬੱਸ ਸਰਵਿਸ ਸਾਬਕਾ ਕਾਂਗਰਸੀ ਵਿਧਾਇਕ ਜਸਬੀਰ ਸਿੰਘ ਡਿੰਪਾ ਦੇ ਪਰਿਵਾਰ ਨਾਲ ਸਬੰਧਤ ਹੈ। ਇਹ ਝਗੜਾ ਸਵੇਰੇ ਅੰਮ੍ਰਿਤਸਰ ਤੋਂ ਜਲੰਧਰ ਰੂਟ ਉਤੇ ਬੱਸ ਚਲਾਉਣ ਦੇ ਸਮੇਂ ਨੂੰ ਲੈ ਕੇ ਹੋਇਆ ਹੈ। ਝਗੜੇ ਵਿੱਚ ਦੋਵਾਂ ਧਿਰਾਂ ਦੇ ਪੰਜ ਵਿਅਕਤੀ ਜ਼ਖ਼ਮੀ ਹੋਏ। ਇਸ ਦੌਰਾਨ ਦੋਵਾਂ ਧਿਰਾਂ ਦੇ ਕਾਰਕੁਨਾਂ ਨੇ ਚਾਰ ਬੱਸਾਂ ਅਤੇ ਇਕ ਜੀਪ ਦੀ ਭੰਨ-ਤੋੜ ਕੀਤੀ। ਅਕਾਲੀ ਦਲ ਨਾਲ ਸਬੰਧਤ ਮਾਝਾ ਜ਼ੋਨ ਦੇ ਆਗੂ ਅਤੇ ਬਾਬਾ ਬੁੱਢਾ ਸਾਹਿਬ ਬੱਸ ਸਰਵਿਸ ਦੇ ਭਾਈਵਾਲ ਰਵੀਕਰਨ ਸਿੰਘ ਕਾਹਲੋਂ ਨੇ ਆਖਿਆ  ਕਿ ਕਾਂਗਰਸੀ ਆਗੂ ਦੇ ਪਰਿਵਾਰ ਨਾਲ ਸਬੰਧਤ ਕੰਪਨੀ ਵੱਲੋਂ ਅੰਮ੍ਰਿਤਸਰ-ਜਲੰਧਰ ਰੂਟ ‘ਤੇ ਬਿਨਾਂ ਪਰਮਿਟ ਤੋਂ ਧੱਕੇ ਨਾਲ 40 ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਕਿ ਉਸ ਦੀ ਕੰਪਨੀ ਦੇ ਕਰਮਚਾਰੀਆਂ ਨੇ ਤੇਜ਼ਧਾਰ ਹਥਿਆਰਾਂ ਅਤੇ ਪਿਸਤੌਲ ਦੀ ਵਰਤੋਂ ਕੀਤੀ। ਉਨ੍ਹਾਂ ਆਖਿਆ ਕਿ ਸਵੇਰੇ ਆਪਣੇ ਨਿਰਧਾਰਤ ਸਮੇਂ ’ਤੇ ਉਨ੍ਹਾਂ ਦੀ ਕੰਪਨੀ ਦੀ ਬੱਸ ਜਲੰਧਰ ਰਵਾਨਾ ਹੋਣ ਲਈ ਤਿਆਰ ਸੀ ਕਿ ਕਾਂਗਰਸੀ ਸਮਰਥਕ ਧਿਰ ਦੇ ਅਮਲੇ ਨੇ ਹਮਲਾ ਕਰ ਦਿੱਤਾ। ਹਮਲੇ ਵਿੱਚ ਉਨ੍ਹਾਂ ਦੇ ਦੋ ਕਰਮਚਾਰੀ ਜੱਗੀ ਅਤੇ ਮੱਖਣ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਮਲੇ ਸਬੰਧੀ ਉਨ੍ਹਾਂ ਕੋਲ ਪੁਖ਼ਤਾ ਸਬੂਤ ਹਨ ਅਤੇ ਇਹ ਸਬੂਤ ਪੁਲੀਸ ਨੂੰ ਵੀ   ਸੌਂਪੇ ਹਨ।
ਦੂਜੇ ਪਾਸੇ ਪਿਆਰ ਬੱਸ ਸਰਵਿਸ ਦੇ ਡਿੱਪੂ ਇੰਚਾਰਜ ਜਗੀਰ ਸਿੰਘ ਜਿਸ ਨੂੰ ਮੋਢੇ ‘ਤੇ ਸੱਟ ਲੱਗੀ ਹੈ, ਨੇ ਆਖਿਆ ਕਿ ਸਵੇਰੇ ਬੱਸ ਦੇ ਸਮੇਂ ਨੂੰ ਲੈ ਕੇ ਤਕਰਾਰ ਹੋਈ ਸੀ। ਇਸ ਦੌਰਾਨ ਦੂਜੀ ਧਿਰ ਦੇ ਤੇਜ਼ਧਾਰ ਹਥਿਆਰਾਂ ਨਾਲ ਲੈਸ 40-45 ਬੰਦਿਆਂ ਨੇ ਹਮਲਾ ਕਰ ਦਿੱਤਾ। ਹਮਲੇ ਵਿੱਚ ਉਸ ਦੇ ਇਕ ਸਾਥੀ ਗੁਰਪ੍ਰੀਤ ਸਿੰਘ ਨੂੰ ਵੀ ਸੱਟ ਲੱਗੀ ਹੈ। ਉਨ੍ਹਾਂ ਤੇ ਹੋਰ ਸਾਥੀਆਂ ਨੇ ਸਵੈ ਰੱਖਿਆ ਲਈ ਹਥਿਆਰ ਚੁੱਕੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਦੂਜੀ ਧਿਰ ਨੇ ਗੋਲੀ ਵੀ ਚਲਾਈ। ਇਸ ਦੌਰਾਨ ਪਿਆਰ ਬੱਸ ਸਰਵਿਸ ਦੇ ਸੰਚਾਲਕ ਰਾਜਨ ਗਿੱਲ ਨੇ ਆਖਿਆ ਕਿ ਦੂਜੀ ਧਿਰ ਵੱਲੋਂ ਨਾਜਾਇਜ਼ ਬੱਸਾਂ ਚਲਾਈਆਂ ਜਾ ਰਹੀਆਂ ਸਨ, ਜਿਨ੍ਹਾਂ ਨੂੰ ਸਵੇਰੇ ਰੋਕਣ ਦਾ ਯਤਨ ਕੀਤਾ ਤਾਂ ਉਨ੍ਹਾਂ ਹਮਲਾ ਕਰ ਦਿੱਤਾ।
ਏਸੀਪੀ ਗੁਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਬੱਸ ਸਰਵਿਸ ਦੇ ਕਾਰਕੁਨਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 382, 336, 160, 427, 148, 149 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕੀਤਾ ਹੈ।
ਜਲੰਧਰ - ਇੱਥੋਂ ਦੇ ਅੰਤਰਰਾਜੀ ਬੱਸ ਅੱਡੇ ’ਤੇ ਸਾਬਕਾ ਅਕਾਲੀ ਮੰਤਰੀ ਨਿਰਮਲ ਸਿੰਘ ਕਾਹਲੋਂ ਦੀ ਬਾਬਾ ਬੁੱਢਾ ਜੀ ਬੱਸ ਸਰਵਿਸ ਕੰਪਨੀ ਦਾ ਕੰਮਕਾਜ ਦੇਖ ਰਹੇ ਦਲਜੀਤ ਸਿੰਘ ਬੌਬੀ ’ਤੇ 25-30 ਵਿਅਕਤੀਆਂ ਨੇ ਤਲਵਾਰਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਦੇ ਸਿਰ, ਖੱਬੀ ਬਾਂਹ ਤੇ ਖੱਬੀ ਲੱਤ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਬੌਬੀ ਨੇ ਦੌੜ ਕੇ ਬੱਸ ਅੱਡੇ ਅੰਦਰਲੀ ਪੁਲੀਸ ਚੌਕੀ ਵਿੱਚ ਵੜ ਕੇ ਜਾਨ ਬਚਾਈ। ਹਮਲਾਵਰ ਉਸ ਦੇ ਪਿੱਛੇ ਕਿਰਪਾਨਾਂ ਲੈ ਕੇ ਦੌੜੇ। ਗੰਭੀਰ ਜ਼ਖ਼ਮੀ ਬੌਬੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਦੇ ਸਿਰ ਵਿੱਚ ਦੋ ਦਰਜਨ ਤੋਂ ਵੱਧ ਟਾਂਕੇ ਲੱਗੇ ਹਨ।
ਇਸ ਦੌਰਾਨ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਰਵੀਕਰਨ ਸਿੰਘ ਕਾਹਲੋਂ ਨੇ ਦੱਸਿਆ ਕਿ ਬਿਆਸ ਦੇ ਕਾਂਗਰਸੀ ਆਗੂ ਦਾ ਇਕ ਭਰਾ ਜਲੰਧਰ ਵਿੱਚ ਅਫਸਰ ਲੱਗਿਆ ਹੋਇਆ ਹੈ ਤੇ ਉਸ ਦੇ ਗੰਨਮੈਨ ਉਨ੍ਹਾਂ ਦੇ ਕਰਿੰਦਿਆਂ ਨੂੰ ਧਮਕੀਆਂ ਦੇ ਰਹੇ ਸਨ ਕਿ ਉਹ ਆਪਣੀਆਂ ਬੱਸਾਂ ਬੰਦ ਕਰ ਦੇਣ ਕਿਉਂਕਿ ਉਨ੍ਹਾਂ ਸਪੈਸ਼ਲ ਬੱਸਾਂ ਚਲਾਉਣੀਆਂ ਹਨ। ਉਧਰ ਬੱਸ ਅੱਡੇ ਵਿੱਚ ਬਣੀ ਪੁਲੀਸ ਚੌਕੀ ਦੇ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਅਤੇ ਨਾ ਕਿਸੇ ਨੇ ਬਿਆਨ ਦਰਜ ਕਰਵਾਏ ਹਨ, ਇਸ ਲਈ ਅਜੇ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਸਮਝੌਤੇ ਦੀ ਗੱਲ ਚੱਲ ਰਹੀ ਹੈ।

 

 

fbbg-image

Latest News
Magazine Archive