ਐਸਵਾਈਐਲ ’ਤੇ ਅਦਾਲਤੀ ਫ਼ੈਸਲੇ ਦਾ ਸਤਿਕਾਰ ਹੋਵੇ

ਸੁਪਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ  ’ਤੇ ਪਾਈ
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅੱਜ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਦੀ ਗੱਲਬਾਤ ਕਰਵਾ ਕੇ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਦਾ ਮਾਮਲਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਦੇ ਅਦਾਲਤ ਖ਼ਿਲਾਫ਼ ਨਹੀਂ ਹੈ, ਪਰ ਇਸ ਦੌਰਾਨ ਅਦਾਲਤ ਦੀ ਮਾਣ-ਮਰਿਆਦਾ ਅਤੇ ਇਸ ਦੇ ਫ਼ੈਸਲੇ ਦਾ ਵੀ ‘ਖ਼ਿਆਲ ਰੱਖਿਆ ਤੇ ਸਤਿਕਾਰ ਕੀਤਾ ਜਾਣਾ’ ਚਾਹੀਦਾ ਹੈ। ਇਹ ਟਿੱਪਣੀ ਮਾਮਲੇ ਦੀ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਦੇ ਜਸਟਿਸ ਪੀ.ਸੀ. ਘੋਸ਼ ਤੇ ਜਸਟਿਸ ਅਮਿਤਵਾ ਰਾਏ ਦੇ ਬੈਂਚ ਨੇ ਕੀਤੀ।  ਇਸ ਮੌਕੇ ਸੌਲਿਸਿਟਰ ਜਨਰਲ (ਐਸਜੀ) ਰਣਜੀਤ ਕੁਮਾਰ ਨੇ ਅਦਾਲਤ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ 20 ਅਪਰੈਲ ਨੂੰ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਤੇ ਮਨੋਹਰ ਲਾਲ ਖੱਟਰ ਨਾਲ ਇਸ ਮੁੱਦੇ ਉਤੇ ਮੁਲਾਕਾਤ ਕੀਤੀ ਤਾਂ ਦੋਵੇਂ ਧਿਰਾਂ ਨੇ ਦਾਅਵੇ ਤੇ ਜਵਾਬੀ-ਦਾਅਵੇ ਕੀਤੇ ਹਨ। ਉਨ੍ਹਾਂ ਕਿਹਾ ਕਿ ਫਿਰ ਨੀਤੀ ਆਯੋਗ ਦੀ ਮੀਟਿੰਗ ਦੌਰਾਨ ਸ੍ਰੀ ਮੋਦੀ ਨੇ ਦੋਵਾਂ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ।  ਐਸਜੀ ਨੇ ਅਦਾਲਤ ਨੂੰ ਕਿਹਾ ਕਿ ਜੇ ਕੁਝ ਸਮਾਂ ਦਿੱਤਾ ਜਾਵੇ ਤਾਂ ਹੱਲ ਤਲਾਸ਼ਿਆ ਜਾ ਸਕਦਾ ਹੈ।
ਇਸ ਉਤੇ ਬੈਂਚ ਨੇ ਕਿਹਾ, ‘‘ਜੇ ਮਾਮਲਾ ਹੱਲ ਹੋ ਜਾਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਇਸ ਸਬੰਧੀ ਇਸ ਅਦਾਲਤ ਨੇ ਇਕ ਫ਼ੈਸਲਾ ਦਿੱਤਾ ਹੋਇਆ ਹੈ ਅਤੇ ਗੱਲਬਾਤ ਦੌਰਾਨ ਇਸ ਦਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ।’’ ਬੈਂਚ ਨੇ ਕਿਹਾ, ‘‘ਅਦਾਲਤ ਤੇ ਫ਼ੈਸਲੇ ਦੀ ਮਾਣ-ਮਰਿਆਦਾ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।’’ ਇਸ ਮੌਕੇ ਪੰਜਾਬ ਵੱਲੋਂ ਪੇਸ਼ ਸੀਨੀਅਰ ਵਕੀਲ ਆਰ.ਐਸ. ਸੂਰੀ ਨੇ ਆਖਿਆ ਕਿ ਦੋਵਾਂ ਮੁੱਖ ਮੰਤਰੀਆਂ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਦੌਰਾਨ ਕੁਝ ਨਵੇਂ ਨੁਕਤੇ ਉਭਰੇ ਹਨ। ਦੂਜੇ ਪਾਸੇਹਰਿਆਣਾ ਵੱਲੋਂ ਪੇਸ਼ ਸੀਨੀਅਰ ਵਕੀਲ ਸ਼ਿਆਮ ਦੀਵਾਨ ਨੇ ਕਿਹਾ ਕਿ ਮੀਟਿੰਗ ਦਾ ਕੋਈ ਹਾਂਪੱਖੀ ਸਿੱਟਾ ਨਹੀਂ ਨਿਕਲਿਆ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਮੁਕੱਰਰ ਕੀਤੀ ਹੈ।
ਐਸਵਾਈਐਲ: ਭਾਜਪਾ ਵੱਲੋਂ ਕੈਪਟਨ ਸਰਕਾਰ ਨੂੰ ਹਮਾਇਤ ਦਾ ਐਲਾਨ
ਚੰਡੀਗੜ੍ਹ - ਭਾਜਪਾ ਦੀ ਪੰਜਾਬ ਇਕਾਈ ਨੇ ਅੱਜ ਸਤੁਲਜ ਯਮੁਨਾ ਲਿੰਕ ਨਹਿਰ ਦੇ ਨਾਜ਼ੁਕ ਮਸਲੇ ਅਤੇ ਸੂਬੇ ਦੇ ਹਿੱਤ ਨਾਲ ਜੁੜੇ ਹੋਰਨਾਂ ਮੁੱਦਿਆਂ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਹਮਾਇਤ ਦੇਣ ਦੀ ਪੇਸ਼ਕਸ਼ ਕੀਤੀ ਹੈ। ਸਮਾਜਿਕ ਨਿਆਂ ਬਾਰੇ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੂਬਾਈ ਪ੍ਰਧਾਨ ਵਿਜੇ ਸਾਂਪਲਾ, ਪਾਰਟੀ ਦੇ ਸੂਬਾ ਉਪ ਪ੍ਰਧਾਨ ਹਰਜੀਤ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦੀ ਅਗਵਾਈ ਵਿੱਚ ਪਾਰਟੀ ਦੇ ਵਫ਼ਦ ਨੇ ਸੂਬੇ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ’ਤੇ ਵਿਚਾਰ-ਚਰਚਾ ਕਰਨ ਲਈ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਭਾਜਪਾ ਆਗੂਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਨੂੰ ਵਿਕਾਸ ਤੇ ਤਰੱਕੀ ਦੀਆਂ ਲੀਹਾਂ ’ਤੇ ਮੁੜ ਲਿਆਉਣ ਲਈ ਸਾਰੀਆਂ ਪਾਰਟੀਆਂ ਦਾ ਇਕੱਠੇ ਹੋਣਾ ਅਹਿਮ ਹੈ। ਭਾਜਪਾ ਆਗੂਆਂ ਨੇ ਮੁੱਖ ਮੰਤਰੀ ਨਾਲ ਹੁਸ਼ਿਆਰਪੁਰ ਵਿੱਚ ਕੈਂਸਰ ਹਸਪਤਾਲ ਦੀ ਸਥਾਪਨਾ ਦਾ ਮੁੱਦਾ ਵੀ ਵਿਚਾਰਿਆ। ਵਫ਼ਦ ਨੇ ਤਲਵਾੜਾ (ਹੁਸ਼ਿਆਰਪੁਰ) ਦੇ ਸਰਕਾਰੀ ਹਸਪਤਾਲ ਵਿੱਚ ਟੈਲੀਮੈਡੀਸਨ ਸੇਵਾਵਾਂ ਸ਼ੁਰੂ ਕਰਨ ਦਾ ਸੁਝਾਅ ਵੀ ਦਿੱਤਾ ਤਾਂ ਕਿ ਖੇਤਰ ਵਿੱਚ ਡਾਕਟਰਾਂ ਦੀ ਘਾਟ ਨਾਲ ਨਜਿੱਠਿਆ ਜਾ ਸਕੇ। ਮੁੱਖ ਮੰਤਰੀ ਨੇ ਵਫ਼ਦ ਦੀ ਅਪੀਲ ’ਤੇ ਸਬੰਧਤ ਵਿਭਾਗ ਨੂੰ ਆਦਮਪੁਰ ਹਵਾਈ ਅੱਡੇ ਦੇ ਸਿਵਲ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ ਹੈ।

 
Latest News
Magazine Archive