ਗੁਜਰਾਤ ਲਾਇਨਜ਼ ਨੇ ਰਾਇਲ ਚੈਲੇਂਜਰਜ਼ ਨੂੰ 7 ਵਿਕਟਾਂ ਨਾਲ ਹਰਾਇਆ

ਬੰਗਲੌਰ - ਆਸਟਰੇਲੀਆ ਦੇ ਦੋ ਖਿਡਾਰੀਆਂ ਤੇਜ਼ ਗੇਂਦਬਾਜ਼ ਐਂਡ੍ਰਿਊ ਟਾਈ ਤੇ ਤੂਫ਼ਾਨੀ ਬੱਲੇਬਾਜ਼ ਆਰੋਨ ਫਿੰਚ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਅੱਜ ਇਥੇ ਗੁਜਰਾਤ ਲਾਇਨਜ਼ ਨੇ ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਆਈਪੀਐਲ ਦੇ ਇਕਪਾਸੜ ਮੈਚ ਵਿੱਚ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਨਾਲ ਵਿਰਾਟ ਕੋਹਲੀ ਦੀ ਆਰਸੀਬੀ ਦੀਆਂ ਪਲੇਅ ਆਫ਼ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਭਾਰੀ ਝਟਕਾ ਲੱਗਾ ਹੈ ਤੇ ਗੁਜਰਾਤ ਦੀਆਂ ਆਪਣੀਆਂ ਉਮੀਦਾਂ ਰੌਸ਼ਨ ਹੋ ਗਈਆਂ ਹਨ।
ਚਾਰ ਦਿਨ ਪਹਿਲਾਂ ਕੋਲਕਾਤਾ ਵਿੱਚ ਆਈਪੀਐਲ ਦੇ ਸਭ ਤੋਂ ਘੱਟ ਸਕੋਰ 49 ਦੌੜਾਂ ਉਤੇ ਢਹਿਣ ਵਾਲੀ ਆਰਸੀਬੀ ਅੱਜ ਵੀ ਸ਼ੁਰੂ ਵਿੱਚ ਹੀ ਲੜਖੜਾ ਗਈ ਤੇ 20 ਓਵਰਾਂ ਵਿੱਚ 134 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਦੇ ਜਵਾਬ ਵਿੱਚ ਗੁਜਰਾਤ ਨੇ 13.5 ਓਵਰਾਂ ਵਿੱਚ 3 ਵਿਕਟਾਂ ਉਤੇ 135 ਦੌੜਾਂ ਬਣਾ ਕੇ 37 ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ। ਫਿੰਚ ਨੇ ਮਹਿਜ਼ 34 ਗੇਂਦਾਂ ਵਿੱਚ ਪੰਜ ਚੌਕਿਆਂ ਤੇ ਛੇ ਛੱਕਿਆਂ ਦੀ ਮੱਦਦ ਨਾਲ 72 ਤੇ ਕਪਤਾਨ ਸੁਰੇਸ਼ ਰੈਣਾ ਨਾ 30 ਗੇਂਦਾਂ ਵਿੱਚ ਨਾਬਾਦ 34 ਦੌੜਾਂ  ਦੌੜਾਂ ਬਣਾਈਆਂ। ਇਸ਼ਾਨ ਕਿਸ਼ਨ ਨੇ 16, ਬਰੈਂਡਨ ਮੈਕੁਲਮ ਨੇ 3 ਤੇ ਰਵਿੰਦਰ ਜਡੇਜਾ ਨੇ ਨਾਬਾਦ 2 ਦੌੜਾਂ  ਦਾ ਯੋਗਦਾਨ ਦਿੱਤਾ। ਬੰਗਲੌਰ ਲਈ ਸੈਮੂਅਲ ਬਦਰੀ ਨੂੰ ਦੋ ਤੇ ਪਵਨ ਨੇਗੀ ਨੂੰ ਇਕ ਵਿਕਟ ਮਿਲੀ।
ਇਸ ਤੋਂ ਪਹਿਲਾਂ ਇੱਥੇ ਚਿੰਨਾਸਵਾਮੀ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ’ਤੇ ਆਰਸੀਬੀ 20 ਓਵਰਾਂ ਵਿੱਚ 134 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਦੋਹੇਂ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਅਤੇ ਕਪਤਾਨ ਵਿਰਾਟ ਕੋਹਲੀ ਕੁਝ ਖ਼ਾਸ ਨਹੀਂ ਕਰ ਸਕੇ। ਗੇਲ ਅੱਠ ਅਤੇ ਕੋਹਲੀ ਦਸ ਦੌੜਾਂ ਬਣਾ ਕੇ ਆਊਟ ਹੋ ਗਿਆ। ਗੇਲ ਨੂੰ ਐਂਡਰਿਊ ਟਾਏ ਅਤੇ ਕੋਹਲੀ ਨੂੰ ਥੰਪੀ ਨੇ ਆਪਣਾ ਸ਼ਿਕਾਰ ਬਣਾਇਆ। ਚੌਥੇ ਓਵਰ ਵਿੱਚ ਕੋਹਲੀ ਦੀ ਵਿਕਟ ਡਿੱਗਣ ਤੋਂ ਬਾਅਦ ਪਾਰੀ ਸਾਂਭਣ ਆਇਆ ਏਬੀ ਡਿਵੀਲੀਅਰਜ਼ ਪੰਜ ਦੌੜਾਂ ਬਣਾ ਕੇ ਹੀ ਪੈਵਿਲੀਅਨ ਪਰਤ ਗਿਆ। ਟੀ. ਹੈੱਡ ਇੱਕ ਵੀ ਦੌੜ ਨਹੀਂ ਬਣਾ ਸਕਿਆ।
ਵਿਕਟ ਕੀਪਰ ਕੇਦਾਰ ਜਾਧਵ ਨੇ 31 ਅਤੇ ਪਵਨ ਨੇਗੀ ਨੇ 32 ਦੌੜਾਂ ਬਣਾਈਆਂ। ਗੁਜਰਾਤ ਵੱਲੋਂ ਐਂਡਰਿਊ ਟਾਏ ਨੇ ਚਾਰ ਓਵਰਾਂ ਵਿੱਚ 12 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ। ਰਵਿੰਦਰ ਜਡੇਜਾ ਨੂੰ ਦੋ ਅਤੇ ਅੰਕਿਤ ਸੋਨੀ, ਜੇਮਜ਼ ਫੌਕਨਰ ਅਤੇ ਥੰਪੀ ਨੂੰ ਇੱਕ-ਇੱਕ ਵਿਕਟ ਮਿਲੀ।
 

 

 

fbbg-image

Latest News
Magazine Archive