ਕਸ਼ਮੀਰ ਵਿੱਚ ਪ੍ਰਦਰਸ਼ਨਾਂ ਦੌਰਾਨ ਮਹਿਬੂਬਾ ਵੱਲੋਂ ਸੁਰੱਖਿਆ ਬਾਰੇ ਚਰਚਾ

ਸ੍ਰੀਨਗਰ - ਕਸ਼ਮੀਰ ਵਿੱਚ ਵਿਦਿਆਰਥੀ ਪ੍ਰਦਰਸ਼ਨਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੌਰਾਨ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਵਾਦੀ ਦੇ ਸੁਰੱਖਿਆ ਹਾਲਾਤ ਬਾਰੇ ਫੌਜ, ਪੁਲੀਸ ਤੇ ਹੋਰ ਏਜੰਸੀਆਂ ਦੇ ਉੱਚ ਅਧਿਕਾਰੀਆਂ ਨਾਲ ਚਰਚਾ ਕੀਤੀ।
ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਵੱਖ ਵੱਖ ਏਜੰਸੀਆਂ ਉਤੇ ਆਧਾਰਤ ਸੰਸਥਾ ‘ਯੂਨੀਫਾਈਡ ਹੈੱਡਕੁਆਰਟਰਜ਼’ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਨਾਲ ਦਿੱਲੀ ਵਿੱਚ ਮੁਲਾਕਾਤ ਤੋਂ ਇਕ ਦਿਨ ਬਾਅਦ ਹੋਈ ਇਸ ਮੀਟਿੰਗ ਵਿੱਚ ਪ੍ਰਸ਼ਾਸਨ, ਅਰਧ ਸੈਨਿਕ ਬਲਾਂ ਤੇ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹੋਏ। ਇਸ ਦੌਰਾਨ ਰਾਜ ਵਿੱਚ ਮੌਜੂਦਾ ਸਥਿਤੀ ਬਾਰੇ ਚਰਚਾ ਹੋਈ।
ਸ੍ਰੀਨਗਰ ਲੋਕ ਸਭਾ ਹਲਕੇ ਦੀ 9 ਅਪਰੈਲ ਨੂੰ ਹੋਈ ਜ਼ਿਮਨੀ ਚੋਣ ਮਗਰੋਂ ਵਾਦੀ ਵਿੱਚ ਹਿੰਸਾ ਦਾ ਦੌਰ ਸਿਖ਼ਰ ਉਤੇ ਹੈ। ਸੁਰੱਖਿਆ ਦਸਤਿਆਂ ਉਤੇ ਕਾਫ਼ੀ ਦਬਾਅ ਹੈ ਕਿਉਂਕਿ ਉਨ੍ਹਾਂ ਨੂੰ ਰੋਜ਼ਾਨਾ ਪ੍ਰਦਰਸ਼ਨਾਂ ਤੇ ਪਥਰਾਅ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿਬੂਬਾ ਮੁਫ਼ਤੀ ਨੇ ਕੱਲ੍ਹ ਕਿਹਾ ਸੀ ਕਿ ਪ੍ਰਧਾਨ ਮੰਤਰੀ ਗੱਲਬਾਤ ਲਈ ਰਾਜ਼ੀ ਹਨ ਪਰ ਇਸ ਲਈ ਸਹੀ ਮਾਹੌਲ ਤਿਆਰ ਕਰਨ ਦੀ ਲੋੜ ਹੈ ਕਿਉਂਕਿ ਪਥਰਾਅ ਤੇ ਗੋਲੀਬਾਰੀ ਦਰਮਿਆਨ ਗੱਲਬਾਤ ਨਹੀਂ ਹੋ ਸਕਦੀ।
ਅਨੰਤਨਾਗ ਦੀ ਜ਼ਿਮਨੀ ਚੋਣ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦੀ ਇੱਛੁਕ ਹੈ ਪੀਡੀਪੀ
ਸ੍ਰੀਨਗਰ - ਸੱਤਾਧਾਰੀ ਪੀਡੀਪੀ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਅਨੰਤਨਾਗ ਦੀ ਮੌਜੂਦਾ ਸੰਵੇਦਨਸ਼ੀਲ ਸਥਿਤੀ ਨੂੰ ਦੇਖਦਿਆਂ ਇਸ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਜਾਵੇ। ਪੀਡੀਪੀ ਦੇ ਜਨਰਲ ਸਕੱਤਰ ਨਿਜ਼ਾਮੂਦੀਨ ਭੱਟ ਨੇ ਅੱਜ ਕਿਹਾ ਕਿ ‘‘ਤਸੱਦੁਕ ਨੇ ਚੋਣ ਕਮਿਸ਼ਨ ਨੂੰ ਅਨੰਤਨਾਗ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਵਾਸਤੇ ਕਿਹਾ ਹੈ ਕਿਉਂਕਿ ਉਥੋਂ ਦਾ ਮਾਹੌਲ ਚੋਣਾਂ ਲਈ ਸਹੀ ਨਹੀਂ ਹੈ। ਚੋਣ ਕਮਿਸ਼ਨ ਨੇ ਇਸ ਹਲਕੇ ਦੀਆਂ ਚੋਣਾਂ ਬਾਰੇ ਸਾਰੇ ਉਮੀਦਵਾਰਾਂ ਦੇ ਵਿਚਾਰ ਜਾਣਨ ਲਈ ਵੀਡੀਓ ਕਾਨਫਰੰਸਿੰਗ ਦਾ ਪ੍ਰਬੰਧ ਕੀਤਾ ਸੀ। ਇਹ ਜ਼ਿਮਨੀ ਚੋਣ ਪਹਿਲਾਂ 12 ਅਪਰੈਲ ਨੂੰ ਹੋਣੀ ਤੈਅ ਸੀ ਪਰ ਸ੍ਰੀਨਗਰ ਲੋਕ ਸਭਾ ਹਲਕੇ ਦੀ 9 ਅਪਰੈਲ ਨੂੰ ਜ਼ਿਮਨੀ ਚੋਣ ਵਿੱਚ ਵੱਡੇ ਪੱਧਰ ਉਤੇ ਹੋਈ ਹਿੰਸਾ ਕਾਰਨ ਅਨੰਤਨਾਗ ਹਲਕੇ ਦੀ ਚੋਣ ਮੁਲਤਵੀ ਕਰ ਦਿੱਤੀ ਗਈ। ਸ੍ਰੀਨਗਰ ਹਲਕੇ ਦੀ ਜ਼ਿਮਨੀ ਚੋਣ ਵਿੱਚ ਸਭ ਤੋਂ ਘੱਟ 7.1 ਫੀਸਦੀ ਮੱਤਦਾਨ ਹੋਇਆ ਸੀ। ਇਸ ਵਿੱਚ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਜੇਤੂ ਰਹੇ ਸਨ।
 

 

 

fbbg-image

Latest News
Magazine Archive