ਕੈਪਟਨ ਨੇ ਪਾਕਿ ਤੇ ਨੇਪਾਲ ਨੂੰ ਬਿਜਲੀ ਵੇਚਣ ਲਈ ਮੰਗੀ ਮਨਜ਼ੂਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਪੰਜਾਬ ਦੀ ਵਾਧੂ ਬਿਜਲੀ ਪਾਕਿਸਤਾਨ ਤੇ ਨੇਪਾਲ ਨੂੰ ਵੇਚਣ ਦੀ ਮਨਜ਼ੂਰੀ ਮੰਗੀ। ਮੁੱਖ ਮੰਤਰੀ ਨੇ ਖੇਤੀ ਨੂੰ ਹੋਰ ਟਿਕਾਊ ਬਣਾਉਣ ਲਈ ਕੇਂਦਰ ਸਰਕਾਰ ਦੀ ਮਦਦ ਮੰਗੀ ਤਾਂ ਕਿ ਝੋਨੇ ਤੋਂ ਬਿਨਾਂ ਹੋਰ ਫਸਲਾਂ ਦੀ ਖੇਤੀ ਨੂੰ ਉਤਸ਼ਾਹਤ ਕੀਤਾ ਜਾ ਸਕੇ।
ਦੋਵਾਂ ਵਿਚਾਲੇ ਇਕ ਘੰਟੇ ਤੱਕ ਹੋਈ ਮੁਲਾਕਾਤ ਬਾਰੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਕਿ ਇਸ ਦੌਰਾਨ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ ਗਿਆ ਅਤੇ ਮੁਆਵਜ਼ੇ ਵਿੱਚ ਵਾਧੇ ਦੀ ਮੰਗ ਕੀਤੀ ਗਈ। ਮੁੱਖ ਮੰਤਰੀ ਨੇ ਗੁਆਂਢੀ ਸੂਬਿਆਂ ਨੂੰ ਪੈਕੇਜ ਸੁਰਜੀਤ ਕਰਨ ਦੀਆਂ ਸੰਭਾਵਨਾਵਾਂ ਰੋਕਣ ਲਈ ਪ੍ਰਧਾਨ ਮੰਤਰੀ ਦੇ ਦਖ਼ਲ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਸੂਬੇ ਵਿੱਚ ਨਿਵੇਸ਼ ਲਿਆਉਣ, ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰਨ ਅਤੇ ਸੂਬੇ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਲਈ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਢਾਹ ਲਾਵੇਗਾ। ਕੈਪਟਨ ਅਮਰਿੰਦਰ ਸਿੰਘ ਕਿਹਾ ਕਿ ਪੰਜਾਬ ਵਿੱਚ 1000 ਮੈਗਾਵਾਟ ਬਿਜਲੀ ਵਾਧੂ ਹੈ ਅਤੇ ਇਸ ਨੂੰ ਪਾਕਿਸਤਾਨ ਜਾਂ ਨੇਪਾਲ ਨੂੰ ਵੇਚਣ ਨਾਲ ਪੰਜਾਬ ਨੂੰ ਆਰਥਿਕ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਗੋਇੰਦਵਾਲ ਪਲਾਂਟ ਪਾਕਿਸਤਾਨੀ ਸਰਹੱਦ ਨੇੜੇ ਹੋਣ ਕਰ ਕੇ ਗੁਆਂਢੀ ਮੁਲਕ ਨੂੰ ਬਿਜਲੀ ਦੇਣੀ ਸੌਖੀ ਹੋਵੇਗੀ ਅਤੇ ਜੇ ਕੇਂਦਰ ਸਰਕਾਰ ਆਗਿਆ ਦੇਵੇ ਤਾਂ ਪੰਜਾਬ ਨੇਪਾਲ ਨੂੰ ਵੀ ਬਿਜਲੀ ਵੇਚਣ ਲਈ ਤਿਆਰ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੇਂਦਰੀ ਊਰਜਾ ਮੰਤਰਾਲੇ ਨੂੰ ਸਲਾਹ ਦੇਣ ਕਿ ਉਹ ਪਾਕਿਸਤਾਨ ਜਾਂ ਨੇਪਾਲ ਨੂੰ ਬਿਜਲੀ ਵੇਚਣ ਬਾਰੇ ਸੂਬਾ ਸਰਕਾਰ ਦੇ ਪ੍ਰਸਤਾਵ ਦੇ ਹਿੱਤ ਵਿੱਚ ਵਿਚਾਰ ਕਰੇ। ਮੁੱਖ ਮੰਤਰੀ ਨੇ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਭਾਅ ਉੱਤੇ ਮੱਕੀ ਵੇਚਣ ਲਈ ਮਜਬੂਰ ਕਿਸਾਨਾਂ ਲਈ ਕੇਂਦਰ ਤੋਂ ਵਿੱਤੀ ਸਹਾਇਤਾ ਮੰਗੀ।
ਪੰਜਾਬ ਨੂੰ ‘ਡਿਜੀਟਲ ਇੰਡੀਆ ਕ੍ਰਾਂਤੀ’ ਦਾ ਹਿੱਸਾ ਬਣਨ ਦਾ ਸੱਦਾ
ਕਾਨੂੰਨ, ਨਿਆਂ ਅਤੇ ਸੂਚਨਾ ਤਕਨਾਲੋਜੀ ਬਾਰੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਪੰਜਾਬ ਨੂੰ ਨਰਿੰਦਰ ਮੋਦੀ ਸਰਕਾਰ ਦੀ ‘ਡਿਜੀਟਲ ਇੰਡੀਆ ਕ੍ਰਾਂਤੀ’ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ। ਕੇਂਦਰੀ ਮੰਤਰੀ ਨੇ ਸੂਬੇ ਦੇ ਵਿਕਾਸ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵੱਖ ਵੱਖ ਢੰਗ-ਤਰੀਕਿਆਂ ਲਈ ਸੁਝਾਅ ਵੀ ਦਿੱਤੇ। ਪੰਜਾਬ ਸਰਕਾਰ ਦੇ ਬੁਲਾਰੇ ਮੁਤਾਬਕ ਇਹ ਸੁਝਾਅ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰੀ ਮੰਤਰੀ ਨਾਲ ਮੂੰਹ-ਮੁਲਾਹਜ਼ੇ ਨਾਤੇ ਹੋਈ ਮੀਟਿੰਗ ਦੌਰਾਨ ਸਾਹਮਣੇ ਆਏ। ਸ੍ਰੀ ਪ੍ਰਸਾਦ ਨੇ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ (ਬੀਪੀਓ) ਤਹਿਤ ਬਿਜਲੀ ਉਪਕਰਨਾਂ ਦੇ ਉਤਪਾਦਨ ਦੇ ਖੇਤਰ ਵਿੱਚ ਕੇਂਦਰ ਸਰਕਾਰ ਪਾਸੋਂ ਫੰਡ ਅਤੇ ਸਹਾਇਤਾ ਪ੍ਰਾਜੈਕਟ ਲਈ ਪਹੁੰਚ ਕੀਤੀ ਜਾਵੇ। ਵਿਧਾਨ ਸਭਾ ਹਲਕੇ ਪਟਿਆਲਾ ਵਿੱਚ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ ਸੈਂਟਰ ਦੀ ਸਥਾਪਨਾ ਕਰਨ ਦੀ ਸੰਭਾਵਨਾ ‘ਤੇ ਵੀ ਵਿਚਾਰ ਕੀਤਾ ਗਿਆ।

 

 

fbbg-image

Latest News
Magazine Archive