ਆਗਾਮੀ ਚੋਣਾਂ ਵਿੱਚ ਵੀਵੀਪੈਟ ਮਸ਼ੀਨਾਂ ਲਈ ਰਾਹ ਪੱਧਰਾ

ਨਵੀਂ ਦਿੱਲੀ - ਵੋਟਿੰਗ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਆਗਾਮੀ ਲੋਕ ਸਭਾ ਚੋਣਾਂ ਵਿੱਚ ਈਵੀਐਮਜ਼ ਵਿੱਚ ਵੀਵੀਪੈਟ ਮਸ਼ੀਨਾਂ ਲਾਉਣ ਦੀ ਚੋਣ ਕਮਿਸ਼ਨ ਦੀ ਯੋਜਨਾ ਨੂੰ ਬੂਰ ਪੈ ਗਿਆ ਹੈ। ਸਰਕਾਰ ਨੇ ਇਸ ਮੰਤਵ ਲਈ ਅੱਜ 3174 ਕਰੋਡ਼ ਰੁਪਏ ਮਨਜ਼ੂਰ ਕਰ ਦਿੱਤੇ। ਸਾਰੇ ਚੋਣ ਬੂਥਾਂ ਨੂੰ ਇਸ ਦੇ ਘੇਰੇ ਵਿੱਚ ਲੈਣ ਲਈ ਕੁੱਲ 16,15,000 ‘ਵੋਟਰ ਵੈਰੀਫਾਈਬਲ ਪੇਪਰ ਆਡਿਟ ਟਰਾਇਲ’ (ਵੀਵੀਪੈਟ) ਮਸ਼ੀਨਾਂ ਖ਼ਰੀਦੀਆਂ ਜਾਣਗੀਆਂ। ਈਵੀਐਮਜ਼ ਨਾਲ ਛੇਡ਼ਛਾਡ਼ ਦੇ ਸ਼ੰਕੇ ਜ਼ਾਹਰ ਕਰ ਕੇ ਕਈ ਪਾਰਟੀਆਂ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਉਤੇ ਜ਼ੋਰ ਦੇ ਰਹੀਆਂ ਸਨ। ਸੋਲਾਂ ਪਾਰਟੀਆਂ ਨੇ ਚੋਣ ਕਮਿਸ਼ਨ ਕੋਲ ਪਟੀਸ਼ਨ ਪਾ ਕੇ ਪਾਰਦਰਸ਼ੀ ਚੋਣਾਂ ਲਈ ਮੁਡ਼ ਬੈਲਟ ਪੇਪਰ ਪ੍ਰਣਾਲੀ ਅਪਣਾਉਣ ਲਈ ਕਿਹਾ ਸੀ। ਬਸਪਾ, ‘ਆਪ’ ਅਤੇ ਕਾਂਗਰਸ ਨੇ ਈਵੀਐਮਜ਼ ਵਿੱਚ ਕਥਿਤ ਛੇਡ਼ਛਾਡ਼ ਦੇ ਮੁੱਦੇ ਉਤੇ ਚੋਣ ਕਮਿਸ਼ਨ ਉਪਰ ਹੱਲਾ ਬੋਲਿਆ ਸੀ। ਜ਼ਿਕਰਯੋਗ ਹੈ ਕਿ ਵੀਵੀਪੈਟ ਮਸ਼ੀਨ ਵਿੱਚੋਂ ਪਰਚੀ ਨਿਕਲਦੀ ਹੈ, ਜਿਸ ਤੋਂ ਵੋਟਰ ਨੂੰ ਪੁਸ਼ਟੀ ਹੁੰਦੀ ਹੈ ਕਿ ਈਵੀਐਮ ਨੇ ਉਸ ਦੀ ਵੋਟ ਖ਼ਾਸ ਉਮੀਦਵਾਰ ਦੇ  ਹੱਕ ਵਿੱਚ ਦਰਜ ਕਰ ਲਈ ਹੈ। ਇਹ ਫੰਡ ਚੋਣ ਕਮਿਸ਼ਨ ਨੂੰ ਦੋ ਕਿਸ਼ਤਾਂ ਵਿੱਚ ਦਿੱਤੇ ਜਾਣਗੇ। 1600 ਕਰੋਡ਼ ਦੀ ਪਹਿਲੀ ਕਿਸ਼ਤ ਮੌਜੂਦਾ ਵਿੱਤੀ ਵਰ੍ਹੇ ਵਿੱਚ ਦਿੱਤੀ ਜਾਵੇਗੀ, ਜਦੋਂ ਕਿ ਬਾਕੀ ਫੰਡ ਅਗਲੇ ਵਿੱਤੀ ਵਰ੍ਹੇ ਵਿੱਚ ਮਿਲਣਗੇ। ਇਸ ਨੂੰ ਹਰੀ ਝੰਡੀ ਕੇਂਦਰੀ ਕੈਬਨਿਟ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਦਿੱਤੀ ਗਈ। ਇਹ ਫੈਸਲਾ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੀ ਗੈਰ ਹਾਜ਼ਰੀ ਵਿੱਚ ਹੋਇਆ। ਹਾਲਾਂਕਿ ਇਹ ਮਸਲਾ ਉਨ੍ਹਾਂ ਦੇ ਮੰਤਰਾਲੇ ਨਾਲ ਸਬੰਧਤ ਸੀ।  

 
Latest News
Magazine Archive