ਮਾਲਿਆ ਗ੍ਰਿਫ਼ਤਾਰੀ ਮਗਰੋਂ ਜ਼ਮਾਨਤ ’ਤੇ ਰਿਹਾਅ

ਭਗੌੜੇ ਸ਼ਰਾਬ ਕਾਰੋਬਾਰੀ ਨੂੰ ਬਿ੍ਰਟੇਨ ਤੋਂ ਭਾਰਤ ਲਿਆਉਣ ਲਈ ਅਦਾਲਤੀ ਅਮਲ ਸ਼ੁਰੂ
ਲੰਡਨ - ਭਾਰਤ ਤੋਂ ਭੱਜੇ ਹੋਏ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਨੂੰ ਅੱਜ ਬਰਤਾਨਵੀ ਪੁਲੀਸ ਸਕਾਟਲੈਂਡ ਯਾਰਡ ਨੇ ਭਾਰਤ ਦੀ ਬੇਨਤੀ ਉਤੇ ਲੰਡਨ ਵਿੱਚ ਗ੍ਰਿਫ਼ਤਾਰ ਕਰ ਲਿਆ। ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਉਸ ਦੀ ਭਾਰਤ ਨੂੰ ਹਵਾਲਗੀ ਦਾ ਅਮਲ ਸ਼ੁਰੂ ਹੋ ਜਾਵੇਗਾ। ਬਾਅਦ ਵਿੱਚ ਉਸ ਨੂੰ ਜ਼ਮਾਨਤ ਉਤੇ ਰਿਹਾਅ ਕਰ ਦਿੱਤਾ ਗਿਆ।
ਸੀਨੀਅਰ ਭਾਰਤੀ ਅਧਿਕਾਰੀਆਂ ਨੇ ਮਾਲਿਆ ਦੀ ਗ੍ਰਿਫ਼ਤਾਰੀ ਨੂੰ ਉਸ ਦੀ ਭਾਰਤ ਨੂੰ ਹਵਾਲਗੀ ਦੀ ਦਿਸ਼ਾ ਵਿੱਚ ਪਹਿਲਾ ਕਦਮ ਕਰਾਰ ਦਿੱਤਾ ਹੈ, ਕਿਉਂਕਿ ਹੁਣ ਉਸ ਨੂੰ ਭਾਰਤ ਹਵਾਲੇ ਕਰਨ ਬਾਰੇ ਬਰਤਾਨਵੀ ਅਦਾਲਤਾਂ ਵਿੱਚ ਕਾਰਵਾਈ ਸ਼ੁਰੂ ਹੋ ਸਕੇਗੀ। ਅਦਾਲਤਾਂ ਉਸ ਨੂੰ ਭਾਰਤ ਹਵਾਲੇ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਕਰਨਗੀਆਂ। ਗ਼ੌਰਤਲਬ ਹੈ ਕਿ ਕੁਝ ਹਫ਼ਤੇ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਖਿਆ ਸੀ ਕਿ ਬਰਤਾਨੀਆ ਫੇਰੀ ਦੌਰਾਨ ਉਨ੍ਹਾਂ ਦੀ ਗੱਲਬਾਤ ਵਿੱਚ ਮਾਲਿਆ ਦੀ ਹਵਾਲਗੀ ਦਾ ਮਾਮਲਾ ਉਠਾਇਆ ਜਾਵੇਗਾ।
ਸ਼ਰਾਬ ਦੇ 61 ਸਾਲਾ ਕਾਰੋਬਾਰੀ ਮਾਲਿਆ ਦੀ ਭਾਰਤ ਨੂੰ ਕਰਜ਼ਿਆਂ ਦੇ ਰੂਪ ਵਿੱਚ ਬੈਂਕਾਂ ਨਾਲ ਅਰਬਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਤਲਾਸ਼ ਹੈ। ਅੱਜ ਇਥੇ ਕੇਂਦਰੀ ਲੰਡਨ ਥਾਣੇ ਵਿੱਚ ਪੇਸ਼ ਹੋਣ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਫਿਰ ਜ਼ਮਾਨਤ ਉਤੇ ਰਿਹਾਅ ਕਰ ਦਿੱਤਾ ਗਿਆ। ਸਕਾਟਲੈਂਡ ਯਾਰਡ ਪੁਲੀਸ ਨੇ ਦੱਸਿਆ, ‘‘ਮੈਟਰੋਪੌਲਿਟਨ ਪੁਲੀਸ ਦੀ ਹਵਾਲਗੀ ਇਕਾਈ ਦੇ ਅਫ਼ਸਰਾਂ ਨੇ ਹਵਾਲਗੀ ਵਾਰੰਟਾਂ ਦੇ ਆਧਾਰ ਉਤੇ ਅੱਜ ਸਵੇਰੇ ਇਸ ਨੂੰ ਗ੍ਰਿਫ਼ਤਾਰ ਕੀਤਾ। ਵਿਜੇ ਮਾਲਿਆ ਨੂੰ ਭਾਰਤੀ ਅਧਿਕਾਰੀਆਂ ਦੀ ਤਰਫ਼ੋਂ ਧੋਖਾਧੜੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ।’’ ਉਸ ਨੂੰ ਕੇਂਦਰੀ ਲੰਡਨ ਦੇ ਇਕ ਪੁਲੀਸ ਥਾਣੇ ਵਿੱਚ ਹਾਜ਼ਰ ਹੋਣ ਸਮੇਂ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਵਿੱਚ ਉਸ ਨੂੰ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜ਼ਮਾਨਤ ਉਤੇ ਰਿਹਾਅ ਕਰ ਦਿੱਤਾ ਗਿਆ। ਮਾਲਿਆ ਦੀ ਟੀਮ ਦੇ ਇਕ ਮੈਂਬਰ ਨੇ ਦਾਅਵਾ ਕੀਤਾ, ‘‘ਇਹ (ਮਾਲਿਆ ਦਾ ਪੇਸ਼ ਹੋਣਾ) ਇਕ ਸਵੈ-ਇੱਛੁਕ ਕਾਰਵਾਈ ਸੀ।’’
ਮਾਲਿਆ ਨੂੰ ਵਾਪਸ ਲਿਆਉਣ ਲਈ ਸਰਕਾਰ ਦਿ੍ੜ੍ਹ
ਨਵੀਂ ਦਿੱਲੀ: ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਅੱਜ ਕਿਹਾ ਕਿ ਭਾਰਤ ਵੱਲੋਂ ਇਹ ਘੋਖ ਕੀਤੀ ਜਾ ਰਹੀ ਹੈ ਕਿ ਵਿਜੇ ਮਾਲਿਆ ਨੂੰ ਕਿਸ ਤਰ੍ਹਾਂ ਭਾਰਤ ਵਾਪਸ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਤੱਥਾਂ ਦੀ ਘੋਖ ਕਰ ਰਹੇ ਹਾਂ, ਕਿ ਉਸ ਨੂੰ ਕਿਵੇਂ ਦੇਸ਼ ਵਾਪਸ ਲਿਆਂਦਾ ਜਾ ਸਕਦਾ ਹੈ ਤੇ ਇਸ ਸਬੰਧੀ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।’’  ਉਨ੍ਹਾਂ ਕਿਹਾ ਕਿ ਸਰਕਾਰ ਇਸ ਮੁਤੱਲਕ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਮਾਲਿਆ ਨੇ ਉਡਾਇਆ ਭਾਰਤੀ ਮੀਡੀਆ ਦਾ ਮਜ਼ਾਕ
ਨਵੀਂ ਦਿੱਲੀ - ਵਿਜੇ ਮਾਲਿਆ ਨੇ ਇਕ ਟਵੀਟ ਰਾਹੀਂ ਆਪਣੀ ਗ੍ਰਿਫ਼ਤਾਰੀ ਸਬੰਧੀ ਭਾਰਤੀ ਮੀਡੀਆ ਵੱਲੋਂ ਕੀਤੇ ਗਏ ਪ੍ਰਚਾਰ ਦਾ ‘ਮਜ਼ਾਕ’ ਉਡਾਉਂਦਿਆਂ ਅਦਾਲਤ ਵਿੱਚ ਆਪਣੇ ਮਾਮਲੇ ਦੀ ਸੁਣਵਾਈ ਨੂੰ ‘ਉਮੀਦ ਮੁਤਾਬਕ’ ਕਰਾਰ ਦਿੱਤਾ ਹੈ। ਉਸ ਨੇ ਕਿਹਾ, ‘‘ਭਾਰਤੀ ਮੀਡੀਆ ਨੇ ਆਮ ਵਾਂਗ ਜ਼ੋਰਦਾਰ ਸ਼ੋਰ ਮਚਾਇਆ। ਅਦਾਲਤ ਵਿੱਚ ਹਵਾਲਗੀ ਸਬੰਧੀ ਸੁਣਵਾਈ (ਸਾਡੀਆਂ) ਉਮੀਦਾਂ ਮੁਤਾਬਕ ਰਹੀ।’’
 

 
Latest News
Magazine Archive