ਕਣਕ ਨੂੰ ਲੱਗੀ ਅੱਗ ਬੁਝਾਉਂਦਾ ਕਿਸਾਨ ਜਿਊਂਦਾ ਸੜਿਆ

ਪੀੜਤ ਕਿਸਾਨ ਦੇ ਟਰੈਕਟਰ ਸਮੇਤ ਦੋ ਪਿੰਡਾਂ ਦੀ ਡੇਢ ਸੌ ਏਕੜ ਕਣਕ ਤੇ ਨਾੜ ਸੁਆਹ
ਮੋਗਾ - ਇਥੇ ਪਿੰਡ ਕਾਹਨ ਸਿੰਘ ਵਾਲਾ ਵਿੱਚ ਪੁੱਤਾਂ ਵਾਂਗ ਪਾਲੀ ਕਣਕ ’ਚੋਂ ਨਿਕਲਦੀਆਂ ਅੱਗ ਦੀਆਂ  ਲਾਟਾਂ ਉੱਤੇ ਟਰੈਕਟਰ ਨਾਲ ਜਮੀਨ ਵਾਹ ਕੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਕਿਸਾਨ ਜਿਊਂਦਾ ਸੜ੍ਹ ਗਿਆ ਤੇ ਟਰੈਕਟਰ ਵੀ ਸੜ ਕੇ ਸੁਆਹ ਹੋ ਗਿਆ। ਅੱਗ ਨਾਲ ਦੋ ਪਿੰਡਾਂ ਮਹੇਸਰੀ ਤੇ ਕਾਹਨ ਸਿੰਘ ਵਾਲਾ ਦੇ ਕਈ ਕਿਸਾਨਾਂ ਦੀ ਤਕਰੀਬਨ ਡੇਢ ਸੌ ਏਕੜ ਵਿੱਚ ਖੜੀ ਕਣਕ ਦੀ ਫ਼ਸਲ ਤੇ ਨਾੜ ਸੜ ਕੇ ਸੁਆਹ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਡੀਐਮ ਚਰਨਦੀਪ ਸਿੰਘ, ਤਹਿਸੀਲਦਾਰ ਪਵਨ ਕੁਮਾਰ ਗੁਲਾਟੀ, ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਤੇ ਡੀਐਸਪੀ ਸਿਟੀ ਅਜੇਰਾਜ ਸਿੰਘ ਸਮੇਤ ਹੋਰ ਅਧਿਕਾਰੀ ਮੌਕੇ ਉੱਤੇ ਪਹੁੰਚੇ।
ਥਾਣਾ ਸਦਰ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਮ੍ਰਿਤਕ ਕਿਸਾਨ ਹਰਬੰਸ ਸਿੰਘ ਦਾ ਧਾਰਾ 174 ਤਹਿਤ ਪੋਸਟਮ ਕਰਵਾਉਣ ਕਰਵਾਇਆ ਗਿਆ ਹੈ ਜਦਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਨੇ ਦੱਸਿਆ ਕਿ ਦੋ ਪਿੰਡਾਂ ਮਹੇਸਰੀ ਤੇ ਕਾਹਨ ਸਿੰਘ ਵਾਲਾ ਦੇ  ਕਿਸਾਨਾਂ ਦੀ ਤਕਰੀਬਨ ਡੇਢ ਸੌ ਏਕੜ ’ਚ ਖੜੀ ਕਣਕ ਦੀ ਫ਼ਸਲ ਤੇ ਨਾੜ ਸੜ ਕੇ ਸੁਆਹ ਹੋ ਗਿਆ। ਕਿਸਾਨ ਹਰਬੰਸ ਸਿੰਘ ਦੇ ਵਾਰਸਾਂ ਤੇ ਹੋਰ ਪੀੜਤ ਕਿਸਾਨਾਂ ਨੂੰ ਮੁਆਵਜ਼ੇ ਲਈ ਸਰਕਲ ਮਾਲ ਪਟਵਾਰੀ ਨੂੰ ਇਸ ਘਟਨਾ ਦੀ ਵਿਸਤ੍ਰਿਤ ਰਿਪੋਰਟ ਤਿਆਰ ਕਰਨ ਲਈ ਹਦਾਇਤ ਕਰ ਦਿੱਤੀ ਗਈ ਹੈ ਅਤੇ ਰਿਪੋਰਟ ਅੱਗੇ ਸਰਕਾਰ ਨੂੰ ਭੇਜੀ ਜਾਵੇਗੀ।
ਇਸ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੁਪਹਿਰ ਬਾਅਦ ਪਿੰਡ ਮਹੇਸਰੀ ਵਿੱਚ ਦਲਿਤ ਬਸਤੀ ਨੇੜੇ ਅਚਾਨਕ ਅੱਗ ਲੱਗ ਗਈ ਅਤੇ ਵੇਖਦੇ ਹੀ ਵੇਖਦੇ ਅੱਗ ਤਕਰੀਬਨ 6 ਕਿਲੋਮੀਟਰ ਫ਼ੈਲਦੀ ਹੋਈ ਪਿੰਡ ਕਾਹਨ ਸਿੰਘ ਵਾਲਾ ਜਾ ਪੁੱਜੀ। ਇਸ ਮੌਕੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਅੱਗ ਦੀਆਂ ਤੇਜ਼ ਲਾਟਾਂ ਵੇਖ ਕੇ ਡਰ ਗਏ ਅਤੇ ਤੁਰੰਤ ਗੁਰੂਘਰ ਰਾਹੀਂ ਇਸ ਘਟਨਾ ਦੀ ਸੂਚਨਾ ਆਮ ਲੋਕਾਂ ਤੋਂ ਇਲਾਵਾ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਦਿੱਤੀ ਗਈ। ਇਸ ਦੌਰਾਨ ਪਿੰਡ ਕਾਹਨ ਸਿੰਘ ਵਾਲਾ ਦੇ ਕਿਸਾਨ ਹਰਬੰਸ ਸਿੰਘ ਨੇ ਕਣਕ ’ਚੋਂ ਅੱਗ ਦੀਆਂ ਲਾਟਾਂ ਨੂੰ ਬੁਝਾਉਣ ਲਈ ਟਰੈਕਟਰ ਨਾਲ ਖੜੀ ਕਣਕ ਕੋਲ ਖੇਤ ਵਾਹੁਣਾ ਸ਼ੁਰੂ ਕਰ ਦਿੱਤਾ। ਅੱਗ ਵਧਦੀ ਉਸ ਦੇ ਖੇਤ ਵਿੱਚ ਆ ਪਹੁੰਚੀ ਅਤੇ ਤੇਜ਼ ਲਾਟਾਂ ’ਨੇ ਕਿਸਾਨ ਹਰਬੰਸ ਸਿੰਘ ਤੇ ਉਸ ਦੇ ਟਰੈਕਟਰ ਨੂੰ ਲਪੇਟ ਵਿੱਚ ਲੈ ਲਿਆ। ਉਹ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਟਰੈਕਟਰ ਵੀ  ਸੜ ਕੇ ਸੁਆਹ ਹੋ ਗਿਆ।  ਇਸ ਦੌਰਾਨ ਹਲਕਾ ਮੋਗਾ ਤੋਂ ਵਿਧਾਇਕ ਡਾ.ਹਰਜੋਤ ਕਮਲ ਸਿੰਘ ਨੇ ਮ੍ਰਿਤਕ ਕਿਸਾਨ ਹਰਬੰਸ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਤਲਵੰਡੀ ਸਾਬੋ ਪਾਵਰ ਪਲਾਂਟ ਵਿੱਚ ਅੱਗ ਲੱਗੀ; ਕਰੋੜਾਂ ਰੁਪਏ ਦਾ ਨੁਕਸਾਨ
 ਮਾਨਸਾ - ਉੱਤਰੀ ਭਾਰਤ ਦੇ ਸਭ ਤੋਂ ਵੱਡੇ ਪ੍ਰਾਈਵੇਟ ਸੈਕਟਰ ਦੇ ਤਾਪ ਬਿਜਲੀ ਘਰ ਤਲਵੰਡੀ ਸਾਬੋ ਪਾਵਰ ਪਲਾਂਟ, ਬਣਾਂਵਾਲਾ ਵਿੱਚ ਅੱਗ ਲੱਗ ਗਈ, ਜਿਸ ਕਾਰਨ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਹ ਥਰਮਲ ਪਲਾਂਟ 1980 ਮੈਗਾਵਾਟ ਸਮਰੱਥਾ ਵਾਲਾ ਹੈ ਤੇ ਇਸ ਵੇਲੇ ਬਿਜਲੀ ਘਰ ਦੇ ਦੋ ਯੂਨਿਟ (1320 ਮੈਗਾਵਾਟ) ਬਿਜਲੀ ਪੈਦਾ ਕਰ ਰਹੇ ਸਨ, ਜਦੋਂਕਿ ਤੀਜਾ ਯੂਨਿਟ ਤਕਨੀਕੀ ਕਾਰਨ ਕਰਕੇ ਬੰਦ ਪਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਅੱਧੀ ਰਾਤ ਨੂੰ ਥਰਮਲ ਪਲਾਂਟ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇੱਕ ਘੰਟੇ ਦੀ ਜੱਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ। ਉਂਜ  ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਬਿਜਲੀ ਉਤਪਾਦਨ ਬੰਦ ਹੋ ਗਿਆ ਹੈ। ਤਾਪ ਬਿਜਲੀ ਘਰ ਦੇ ਅਧਿਕਾਰੀ ਡਾ. ਵਿਸ਼ਾਲ ਅਗਰਵਾਲ ਨੇ ਦੱਸਿਆ ਕਿ ਜਿਉਂ ਹੀ ਅੱਗ ਲੱਗਣ ਦਾ ਪਤਾ ਲੱਗਿਆ ਫਾਇਰ ਬ੍ਰਿਗੇਡ ਨੂੰ ਸੂਚਨਾ ਦੇ ਦਿੱਤੀ ਗਈ। ਇਸ ਮਗਰੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਇੱਕ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ। ਇਸ ਮਗਰੋਂ ਤਕਨੀਕੀ ਮਾਹਿਰਾਂ ਨੂੰ ਬੁਲਾ ਲਿਆ ਗਿਆ। ਉਧਰ, ਪਾਵਰਕੌਮ ਦੇ ਮੁੱਖ ਇੰਜਨੀਅਰ (ਥਰਮਲ ਡਿਜ਼ਾਈਨ) ਜੇ. ਕੇ. ਗੁਪਤਾ ਦੀ ਅਗਵਾਈ ਵਿੱਚ ਟੀਮ ਨੇ ਅੱਜ ਥਰਮਲ ਦਾ ਦੌਰਾ ਕੀਤਾ ਤੇ ਸਥਿਤੀ ਦਾ ਜਾਇਜ਼ਾ ਲਿਆ ਹੈ।
ਤਲਵੰਡੀ ਸਾਬੋ ਥਰਮਲ ਪਲਾਂਟ ਵਿੱਚ ਬਿਜਲੀ ਪੈਦਾਵਾਰ ਠੱਪ ਹੋਣ ਨਾਲ ਬਿਜਲੀ ਦਾ ਸੰਕਟ ਖੜ੍ਹਾ ਹੋ ਗਿਆ ਹੈ ਤੇ ਪਾਵਰਕੌਮ ਸੰਕਟ ਦੀ ਘੜੀ ਵਿੱਚ ਆਪਣੇ ਬੰਦ ਪਏ ਥਰਮਲਾਂ ਦਾ ਆਸਰਾ ਤੱਕ ਰਹੀ ਹੈ। ਤਲਵੰਡੀ ਸਾਬੋ ਪਾਵਰ ਪਲਾਂਟ ਦੇ ਚੱਲਣ ’ਚ ਕਰੀਬ ਤਿੰਨ ਹਫ਼ਤੇ ਲੱਗ ਸਕਦੇ ਹਨ। ਪਾਵਰਕੌਮ ਨੇ ਬਿਜਲੀ ਦੀ ਮੰਗ ਦੀ ਪੂਰਤੀ ਲਈ ਰੋਪੜ ਥਰਮਲ ਦੇ ਦੋ ਯੂਨਿਟ ਅੱਜ ਚਲਾ ਦਿੱਤੇ ਹਨ ਅਤੇ ਬਠਿੰਡਾ ਥਰਮਲ ਨੂੰ ਚਾਲੂ ਕਰਨ ਦੇ ਵੀ ਸੰਕੇਤ ਦਿੱਤੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਇਸ ਵੇਲੇ ਰਾਤ ਦੀ ਬਿਜਲੀ ਮੰਗ ਕਰੀਬ ਛੇ ਹਜ਼ਾਰ ਮੈਗਾਵਾਟ ਦੀ ਹੈ। ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਤਿੰੰਨ ਯੂਨਿਟ ਪਹਿਲਾਂ ਹੀ ਚੱਲ ਰਹੇ ਹਨ ਤੇ ਇੱਕ ਯੂਨਿਟ ਦੇ ਦੋ ਦਿਨਾਂ ਤੱਕ ਚੱਲਣ ਦੀ ਸੰਭਾਵਨਾ ਹੈ, ਜਦੋਂਕਿ ਰੋਪੜ ਪਲਾਂਟ ਦੇ ਚਾਰ ਯੂਨਿਟ ਹੁਣ ਬਿਜਲੀ ਪੈਦਾ ਕਰਨ ਲੱਗੇ ਹਨ। ਪਾਵਰਕੌਮ ਨੇ ਬਠਿੰਡਾ ਥਰਮਲ ਨੂੰ ਨਵੰਬਰ 2016 ਤੋਂ ਬੰਦ ਕੀਤਾ ਹੋਇਆ ਹੈ ਤੇ ਹੁਣ ਬਠਿੰਡਾ ਥਰਮਲ ਨੂੰ ਮੁੜ ਚਾਲੂ ਕਰਨ ਦੀ ਸੰਭਾਵਨਾ ਬਣ ਗਈ ਹੈ। ਬਠਿੰਡਾ ਥਰਮਲ ਦੇ ਮੁੱਖ ਇੰਜਨੀਅਰ ਵੀ. ਕੇ. ਗਰਗ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਾਵਰਕੌਮ ਵੱਲੋਂ ਸੁਨੇਹਾ ਮਿਲਿਆ ਹੈ ਕਿ ਬਿਜਲੀ ਦੀ ਮੰਗ ਵਧਣ ਦੀ ਸੂਰਤ ਵਿੱਚ ਬਠਿੰਡਾ ਥਰਮਲ ਨੂੰ ਚਲਾਉਣ ਦੀ ਤਿਆਰੀ ਰੱਖੀ ਜਾਵੇ।

 

 

fbbg-image

Latest News
Magazine Archive