ਸਿਰਸਾ ਨੇ ਜਿੱਤੀ ਰਾਜੌਰੀ ਗਾਰਡਨ ਜ਼ਿਮਨੀ ਚੋਣ

'ਆਪ’ ਉਮੀਦਵਾਰ ਦੀ ਜ਼ਮਾਨਤ ਜ਼ਬਤ; ਕਾਂਗਰਸ ਨੂੰ ਦੂਜਾ ਸਥਾਨ
ਨਵੀਂ ਦਿੱਲੀ - ਦਿੱਲੀ ਵਿਧਾਨ ਸਭਾ ਦੇ ਰਾਜੌਰੀ ਗਾਰਡਨ ਹਲਕੇ ਦੀ ਜ਼ਿਮਨੀ ਚੋਣ ਭਾਜਪਾ-ਅਕਾਲੀ ਦਲ ਗੱਠਜੋੜ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ 14652 ਵੋਟਾਂ ਦੇ ਫਰਕ ਨਾਲ ਕਾਂਗਰਸੀ ਉਮੀਦਵਾਰ ਮੀਨਾਕਸ਼ੀ ਚੰਦੇਲਾ ਨੂੰ ਹਰਾ ਕੇ ਜਿੱਤ ਲਈ। ‘ਆਪ’ ਉਮੀਦਵਾਰ ਹਰਜੀਤ ਸਿੰਘ 10243 ਵੋਟਾਂ ਨਾਲ ਤੀਜੇ ਸਥਾਨ ’ਤੇ ਰਿਹਾ ਤੇ ਉਸ ਦੀ ਜ਼ਮਾਨਤ ਸ਼ਬਤ ਹੋ ਗਈ। 9 ਅਪਰੈਲ ਨੂੰ ਹੋਈ ਚੋਣ ਦੌਰਾਨ ਕੁੱਲ 167991 ਵੋਟਾਂ ਵਿੱਚੋਂ ਕਰੀਬ 70 ਹਜ਼ਾਰ ਵੋਟਾਂ (47 ਫੀਸਦੀ) ਪਈਆਂ ਜਿਨ੍ਹਾਂ ਵਿੱਚੋਂ ਸ੍ਰੀ ਸਿਰਸਾ ਨੇ 40602 ਵੋਟਾਂ ਪ੍ਰਾਪਤ ਕੀਤੀਆਂ ਜੋ ਕੁੱਲ ਪੋਲ ਹੋਈਆਂ ਵੋਟਾਂ ਦੇ 50 ਫੀਸਦੀ ਤੋਂ ਵੱਧ ਹੈ। ਕਾਂਗਰਸੀ ਉਮੀਦਵਾਰ ਨੂੰ 25950 ਵੋਟਾਂ ਮਿਲੀਆਂ। ਸਾਬਕਾ ਵਿਧਾਇਕ ਜਰਨੈਲ ਸਿੰਘ ਦੇ ਪੰਜਾਬ ਦੇ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਚੋਣ ਲੜਨ ਕਾਰਨ ਇਹ ਹਲਕਾ ਖਾਲੀ ਹੋਇਆ ਸੀ। ਇਸੇ ਦੌਰਾਨ ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਦੇਸ਼ ਭਰ ਦੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦੇ ਦਿਖਾ ਦਿੱਤਾ ਹੈ ਕਿ ਮੋਦੀ ਲਹਿਰ ਸਭ ਪਾਸੇ ਹੈ।
ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ-ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਰਾਜੌਰੀ ਗਾਰਡਨ ਹਲਕੇ ਦੀ ਜ਼ਿਮਨੀ ਚੋਣ ਵਿੱਚ ਹੋਈ ਜਿੱਤ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਗੱਠਜੋੜ ਨੇ ਆਮ ਆਦਮੀ ਪਾਰਟੀ ਨੂੰ ਉਸ ਦੇ ਕਿਲ੍ਹੇ ਅੰਦਰ ਵਿਚ ਜਾ ਕੇ ਪਛਾੜਿਆ ਹੈ। ਇਸ ਸੱਟ ਨਾਲ ਪੂਰੇ ਦੇਸ਼ ਅੰਦਰ ‘ਆਪ’ ਦੇ ਸਿਆਸੀ ਤੌਰ ਤੇ ਖਾਤਮੇ ਦਾ ਮੁੱਢ ਬੱਝ ਗਿਆ ਹੈ।
ਭਾਜਪਾ ਨੇ ਜਿੱਤੀਆਂ ਨੌਂ ਵਿੱਚੋਂ ਛੇ ਸੀਟਾਂ
ਨਵੀਂ ਦਿੱਲੀ - ਦੇਸ਼ ਵਿੱਚ ਨੌਂ ਥਾਵਾਂ ’ਤੇ ਹੋਈਆਂ ਜਿਮਨੀ ਚੋਣਾਂ ਦੇ ਨਤੀਜਿਆਂ ਵਿੱਚ ਅੱਜ ਭਾਜਪਾ ਨੇ ਦਿੱਲੀ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਤੇ ਅਸਾਮ ’ਚ ਜਿੱਤ ਦਰਜ ਕੀਤੀ ਹੈ, ਜਦਕਿ ਕਾਂਗਰਸ ਨੇ ਕਰਨਾਟਕ ’ਚ ਦੋਵੇਂ ਸੀਟਾਂ ਜਿੱਤ ਲਈਆਂ ਹਨ। ਦਿੱਲੀ ਵਿੱਚ ਮਿਲੀ ਜਿੱਤ ਭਾਜਪਾ ਲਈ ਸਭ ਤੋਂ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ, ਜਿੱਥੇ ਹੁਣ ਨਿਗਮ ਚੋਣਾਂ ਆਉਣ ਵਾਲੀਆਂ ਹਨ। ਇੱਥੇ ਰਾਜੌਰੀ ਗਾਰਡਨ ਤੋਂ ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜਨ ਵਾਲੇ ਅਕਾਲੀ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਜਿੱਤ ਦਰਜ ਕੀਤੀ ਹੈ। ਮੱਧ ਪ੍ਰਦੇਸ਼ ਦੇ ਬਾਂਧਵਗੜ੍ਹ ਹਲਕੇ ਤੋਂ ਭਾਜਪਾ ਉਮੀਦਵਾਰ ਨੇ ਆਪਣੇ ਕਾਂਗਰਸ ਵਿਰੋਧੀ ਉਮੀਦਵਾਰ ਨੂੰ 25 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ, ਜਦਕਿ ਉਮਰੀਆ ਜ਼ਿਲ੍ਹੇ ’ਚ ਭਾਜਪਾ ਦੇ ਸ਼ਿਵਨਾਰਾਇਣ ਸਿੰਘ ਨੇ ਕਾਂਗਰਸ ਉਮੀਦਵਾਰ ਸਾਵਿੱਤਰੀ ਸਿੰਘ ਨੂੰ ਮਾਤ ਦਿੱਤੀ। ਹਿਮਾਚਲ ਪ੍ਰਦੇਸ਼ ਦੇ ਭੋਰੰਜ (ਰਾਖਵੇਂ) ਹਲਕੇ ਤੋਂ ਭਾਜਪਾ ਦੇ ਡਾ. ਅਨਿਲ ਧੀਮਾਨ ਨੇ ਕਾਂਗਰਸ ਉਮੀਦਵਾਰ ਪ੍ਰੋਮਿਲਾ ਦੇਵੀ ਨੂੰ ਹਰਾਇਆ। ਅਸਾਮ ਦੇ ਧੇਮਾਜੀ ਹਲਕੇ ’ਚ ਭਾਜਪਾ ਦੇ ਰਨੋਜ ਪੇਗੂ ਨੇ ਕਾਂਗਰਸ ਦੇ ਬਾਬੁਲ ਸੋਨੋਵਾਲ ਨੂੰ 9,285 ਵੋਟਾਂ ਦੇ ਫਰਕ ਨਾਲ ਹਰਾਇਆ। ਕਰਨਾਟਕ ਦੇ ਹਲਕੇ ਨੰਜਾਗੁਡ ਤੋਂ ਕਾਂਗਰਸ ਉਮੀਦਵਾਰ ਕਲਾਲੇ ਐਨ ਕੇਸ਼ਵਮੂਰਤੀ ਅਤੇ ਗੁੰਡਲੁਪੇਟ ਤੋਂ ਗੀਤਾ ਮਹਾਦੇਵਾਪ੍ਰਸਾਦ ਨੇ ਜਿੱਤ ਦਰਜ ਕੀਤੀ। ਰਾਜਸਥਾਨ ਦੇ ਧੋਲਪੁਰ ਵਿੱਚ ਵੀ ਭਾਜਪਾ ਦੀ ਸ਼ੋਭਾ ਰਾਣੀ ਨੇ ਰਿਕਾਰਡ ਜਿੱਤ ਦਰਜ ਕੀਤੀ ਹੈ। ਪੱਛਮੀ ਬੰਗਾਲ ਦੇ ਕਾਂਤੀ ਦਕਸ਼ਿਨ ਹਲਕੇ ਤੋਂ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ।
 

 

 

fbbg-image

Latest News
Magazine Archive